ਵਾਸ਼ਿੰਗਟਨ,14 ਅਗਸਤ (ਰਾਜ ਗੋਗਨਾ)- ਭਾਰਤੀ-ਅਮਰੀਕੀ ਨਾਗਰਿਕ ਸੁਨੀਤਾ ਵਿਲੀਅਮਸ ਦਾ ਪੁਲਾੜ ‘ਚ ਰੁਕਣਾ ਲਗਾਤਾਰ ਵਧਦਾ ਜਾ ਰਿਹਾ ਹੈ। ਵਰਤਮਾਨ ਵਿੱਚ ਉਸਦੀ ਵਾਪਸੀ ਫਰਵਰੀ 2025 ਲਈ ਤੈਅ ਕੀਤੀ ਗਈ ਹੈ। ਸੁਨੀਤਾ ਦੇ ਪਤੀ ਮਾਈਕਲ ਨੇ ਆਪਣੀ ਪਤਨੀ ਦੇ ਸਪੇਸ ਵਿੱਚ ਫਸੇ ਹੋਣ ਬਾਰੇ ਕਿਹਾ, ਸਪੇਸ ਸੁਨੀਤਾ ਦੀ ਪਸੰਦੀਦਾ ਜਗ੍ਹਾ ਰਹੀ ਹੈ, ਉਹ ਉੱਥੇ ਖੁਸ਼ ਹੈ। ਪੁਲਾੜ ਯਾਨ ਪੁਲਾੜ ਵਿੱਚ ਫਸਿਆ ਹੋਇਆ ਹੈ ਪਰ ਉਸਨੂੰ ਉਮੀਦ ਹੈ ਕਿ ਉਸਦੀ ਪਤਨੀ ਵਾਪਸ ਆ ਜਾਵੇਗੀ। ਵਾਲ ਸਟਰੀਟ ਜਰਨਲ ਨਾਲ ਗੱਲਬਾਤ ‘ਚ ਉਸ ਨੇ ਕਿਹਾ, ਸਪੇਸ ਉਸ ਦੀ ਖੁਸ਼ੀ ਦਾ ਕਾਰਨ ਹੈ। ਭਾਵੇਂ ਉਸ ਨੂੰ ਸਦਾ ਲਈ ਉਥੇ ਹੀ ਰਹਿਣਾ ਪਵੇ।
ਉਸਦਾ ਪਰਿਵਾਰ ਕਾਫੀ ਸ਼ਾਂਤ ਹੈ। ਉੱਧਰ ਬੁਸ਼ ਵਿਲਮੋਰ ਦੀ ਪਤਨੀ ਨੇ ਕਿਹਾ,”ਸਾਨੂੰ ਨਹੀਂ ਲੱਗਦਾ ਕਿ ਉਹ ਫਰਵਰੀ ਜਾਂ ਮਾਰਚ ਤੋਂ ਪਹਿਲਾਂ ਆਉਣ ਦੇ ਯੋਗ ਹੋਣਗੇ।ਰਿਪੋਰਟਾਂ ਅਨੁਸਾਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਮਾਈਕ੍ਰੋਗ੍ਰੈਵਿਟੀ ਦੇ ਲੰਬੇ ਸਮੇਂ ਤੱਕ ਸੰਪਰਕ ਤੋਂ ਸੁਨੀਤਾ ਵਿਲੀਅਮਸ ਅਤੇ ਬੁਸ਼ ਵਿਲਮੋਰ ਨੂੰ ਕਈ ਸਿਹਤ ਮੁੱਦਿਆਂ ਜਿਵੇਂ ਕਿ ਹੱਡੀਆਂ ਦੀ ਘਣਤਾ ਵਿੱਚ ਕਮੀ, ਅੱਖਾਂ ਦੀਆਂ ਸਮੱਸਿਆਵਾਂ ਅਤੇ ਡੀ.ਐਨ.ਏ ਦੇ ਨੁਕਸਾਨ ਕਾਰਨ ਕੈਂਸਰ ਹੋਣ ਦਾ ਖਤਰਾ ਹੋ ਸਕਦਾ ਹੈ।
ਗੌਰਤਲਬ ਹੈ ਕਿ ਇਨ੍ਹਾਂ ਸਾਰੇ ਕਾਰਨਾਂ ਕਰਕੇ ਪੁਲਾੜ ਖੋਜ ਮਿਸ਼ਨ ਥੋੜ੍ਹੇ ਸਮੇਂ ਲਈ ਰੱਖੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸੁਨੀਆ ਵਿਲੀਅਮਸ ਮੂਲ ਰੂਪ ਤੋਂ ਉੱਤਰੀ ਗੁਜਰਾਤ ਦੇ ਪਿੰਡ ਝੁਲਸਣ ਦੀ ਰਹਿਣ ਵਾਲੀ ਹੈ। ਉਸ ਦੀ ਵਾਪਸੀ ਵਿੱਚ ਦੇਰੀ ਤੋਂ ਬਾਅਦ ਹਾਲ ਹੀ ਵਿੱਚ ਝੁਲਸਣ ਪਿੰਡ ਦੇ ਨਿਵਾਸੀਆਂ ਨੇ ਪਿੰਡ ਦੀ ਧੀ ਦੀ ਵਾਪਸੀ ਲਈ ਇੱਕਠੇ ਹੋ ਕੇ ਅਰਦਾਸ ਵੀ ਕੀਤੀ।