ਹਰਜੀਤ ਲਸਾੜਾ, ਬ੍ਰਿਸਬੇਨ 14 ਅਗਸਤ)
ਇੱਥੇ ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ‘ਮਾਝਾ ਪੰਜਾਬੀ ਸਕੂਲ’ ਵਿਖੇ ਇਕ ਵਿਸ਼ੱਸ਼ ਸਮਾਗਮ ‘ਚ ਪੰਜਾਬੀ ਲੇਖਕ ਅਤੇ ਗੀਤਕਾਰ ਸੁਰਜੀਤ ਸੰਧੂ ਦੀ ਦੂਜੀ ਬਾਲ ਪੁਸਤਕ ‘ਬਾਲ ਪਿਆਰੇ’ ਦਾ ਲੋਕ ਅਰਪਣ ਕੀਤਾ ਗਿਆ। (ਪਹਿਲੀ ‘ਨਿੱਕੇ-ਨਿੱਕੇ ਤਾਰੇ’) ਮੰਚ ਸੰਚਾਲਕ ਰਣਜੀਤ ਸਿੰਘ ਗਿੱਲ ਨੇ ਅਜੋਕੇ ਸਮੇਂ ਪੰਜਾਬੀ ਸਾਹਿਤ ‘ਚ ਬਾਲ ਸਾਹਿਤ ਦੀ ਮਹਾਨਤਾ ‘ਤੇ ਸੰਖੇਪ ਤਕਰੀਰ ਕੀਤੀ। ਬੁਲਾਰਿਆਂ ਵਿੱਚ ਦਲਜੀਤ ਸਿੰਘ ਅਨੂਸਾਰ ਅੱਜ ਵੀ ਗਿਣਤੀ ਦੇ ਹੀ ਪੰਜਾਬੀ ਲਿਖਾਰੀ ਹਨ ਜੋ ਬਾਲ ਸਾਹਿਤ ਲਈ ਪ੍ਰੇਰਿਤ ਹਨ। ਅਮਰਦੀਪ ਸਿੰਘ ਹੋਠੀ, ਜਸਵਿੰਦਰ ਰਾਂਣੀਪੁਰ ਅਤੇ ਹਰਜੀਤ ਕੌਰ ਸੰਧੂ ਨੇ ਲੇਖਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਬਾਲ ਕਵਿਤਾਵਾਂ ਸਮੇਂ ਦੇ ਹਾਣ ਦੀਆਂ ਹਨ ਅਤੇ ਬੱਚਿਆਂ ‘ਚ ਪੰਜਾਬੀ ਸਾਹਿਤ ਲਈ ਰੁਚੀ ਵਧਾ ਰਹੀਆਂ ਹਨ।
ਉਹਨਾਂ ਅਨੁਸਾਰ ਲੇਖਕ ਦੇ ਸ਼ਬਦਾਂ ‘ਚ ਸਭਿਆਚਾਰਿਕ, ਸਮਾਜਿਕ ਅਤੇ ਭਾਸ਼ਾ (ਪੈਂਤੀ) ਪ੍ਰਤੀ ਸਰਲਤਾ ਹੈ। ਪੁਸਤਕ ‘ਬਾਲ ਪਿਆਰੇ’ ਦੇ ਲੇਖਕ ਸੁਰਜੀਤ ਸੰਧੂ ਨੇ ਆਪਣੀ ਤਕਰੀਰ ‘ਚ ਦੱਸਿਆ ਕਿ ਇਹ ਕਿਤਾਬ ਤੇਈ (23) ਕਵਿਤਾਵਾਂ ਦਾ ਸਮੂਹ ਹੈ ਜੋ ਬਾਲ ਮਨਾਂ ਨੂੰ ਧਿਆਨ ‘ਚ ਰੱਖ ਕੇ ਲਿਖੀਆਂ ਗਈਆਂ ਹਨ ਅਤੇ ਲੈਅ ਭਰਪੂਰ ਹਨ। ਇਹਨਾਂ ਨੂੰ ਗਾਇਆ ਵੀ ਜਾ ਸਕਦਾ ਹੈ। ਉਹਨਾਂ ਅਨੁਸਾਰ ਕਿਤਾਬ ‘ਚ ਸ਼ਾਮਿਲ ਕਵਿਤਾਵਾਂ ਜਿੱਥੇ ਬਾਲਾਂ ਨੂੰ ਆਨੰਦਿਤ ਕਰਨਗੀਆਂ ਉੱਥੇ ਉਹਨਾਂ ਲਈ ਗਿਆਨ ‘ਚ ਵਾਧਾ ਵੀ ਕਰਨਗੀਆਂ। ਦੱਸਣਯੋਗ ਹੈ ਕਿ ਲੇਖਕ ਨੇ ਆਪਣੀ ਪੁਸਤਕ ਦਾ ਲੋਕ ਅਰਪਣ ਆਪਣੇ ਜਨਮ ਦਿਨ ਮੌਕੇ ਬੱਚਿਆਂ ਹੱਥੋਂ ਕਰਵਾਇਆ ਹੈ।
ਸੰਸਥਾ ਕਰਮੀ ਬਲਰਾਜ ਸਿੰਘ ਨੇ ਸੰਸਥਾ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਜਗੀਰ ਸਿੰਘ ਸੰਧੂ, ਜੋਤ ਸਿੰਘ ਥਿੰਦ, ਜਸਬੀਰ ਸਿੰਘ ਗਿੱਲ, ਬਲਰਾਜ ਸਿੰਘ, ਨਰਿੰਦਰ ਥਿੰਦ, ਗੁਰਪ੍ਰੀਤ ਸਿੰਘ ਬੱਲ, ਲਖਬੀਰ ਬੱਲ, ਗੁਰਜੀਤ ਸਿੰਘ, ਜਸਮੀਤ ਕੌਰ, ਗੁਰਵਿੰਦਰ ਕੌਰ, ਹਰਜੀਤ ਕੌਰ, ਸਰਬਜੀਤ ਕੌਰ ਅਤੇ ਮਾਝਾ ਪੰਜਾਬੀ ਸਕੂਲ ਦੇ ਸਮੂਹ ਬੱਚਿਆਂ ਨੇ ਸ਼ਿਰਕਤ ਕੀਤੀ।