‘ਤੀਸਰੀ ਖਿੜਕੀ’ ਦੇ ਉਹਲੇ ਛੁਪੀਆਂ ਕਹਾਣੀਆਂ ਨੂੰ ਨਿਹਾਰਦੀਆਂ ਆਲੋਚਨਾਤਮਕ ਕਲਮਾਂ ਦਾ ਸੁਮੇਲ

ਨਿੱਤ ਦਿਹਾੜੇ ਸੂਰਜ ਦੀ ਲਾਲੀ ਚੜ੍ਹਦਿਆਂ ਹੀ ਨਵੀਆਂ ਪੰਜਾਬੀ ਪ੍ਰਕਾਸ਼ਿਤ ਪੁਸਤਕਾਂ ਦੀ ਆਮਦ ਸ਼ੁਰੂ ਹੈ ਜਾਂਦੀ ਹੈ। ਕੁਝ ਪੁਰਾਣੇ ਅਤੇ ਬਹੁਤੇ ਨਵੇਂ ਲੇਖਕਾਂ ਦੀਆਂ ਕਿਤਾਬਾਂ ਪਾਠਕਾਂ ਦੇ ਹੁੰਗਾਰੇ ਦੀ ਆਸ ਵਿਚ ਰੰਗ ਬਿਰੰਗੇ ਸਵਰਕਾਂ ਦੀ ਓਟ ਵਿਚੋਂ ਕੋਈ ਹਾਂ-ਪੱਖੀ ਹੁੰਗਾਰਾ ਭਾਲਦੀਆਂ ਹਨ। ਨਵੇਂ ਪੁਰਾਣੇ ਅਖਬਾਰ, ਮੈਗਜ਼ੀਨ, ਆਨ ਲਾਈਨ ਅਖਬਾਰਾਂ ਵਿਚ ਕੁਝ ਕੁ ਪੁਸਤਕਾਂ ਦੀ ਚਰਚਾ ਵੀ ਹੁੰਦੀ ਹੈ ਅਤੇ ਅੰਤਲੇ ਸ਼ਬਦ ਅਜਿਹੀਆਂ ਪੁਸਤਕਾਂ ਨੂੰ ‘ਪੰਜਾਬੀ ਸਾਹਿਤ ਵਿਚ ਹੋਏ ਨਿਗਰ ਵਾਧੇ’ ਅਤੇ ‘ਸਵਾਗਤ ਕਰਨਾ ਬਣਦਾ ਹੈ’ ਵਰਗੇ ਵਾਕਾਂ ਨਾਲ ਖਤਮ ਹੁੰਦੀਆਂ ਹਨ। ਪਰ ਕਦੇ ਕਦਾਈਂ ਹੀ ਅਜਿਹੀਆਂ ਸਾਹਿਤਕ ਕਿਰਤਾਂ ਦੀ ਆਮਦ ਹੁੰਦੀ ਹੈ ਜੋ ਵੱਖ-ਵੱਖ ਆਲੋਚਕਾਂ ਦੀ ਆਲੋਚਨਾਤਮਕ ਦ੍ਰਿਸ਼ਟੀ ਦੇ ਮਾਪਦੰਡਾਂ ਦੀ ਸੰਤੁਸ਼ਟੀ ਕਰਨ ਤੋਂ ਬਾਅਦ ਹੀ ਆਪਣੇ ਪੱਖ ਵਿਚ ਕੁਝ ਸ਼ਬਦ ਲਿਖਵਾਉਣ ਵਿਚ ਕਾਮਯਾਬ ਹੁੰਦੀਆਂ ਹਨ। ਅਜਿਹੀ ਹੀ ਇਕ ਪੁਸਤਕ “ਤੀਸਰੀ ਖਿੜਕੀ(ਨਿਰੰਜਣ ਬੋਹਾ) ਦੀ 2022 ਵਿਚ ਸਾਹਮਣੇ ਆਈ। ਨਿਰੰਜਣ ਬੋਹਾ ਨੇ ਭਾਵੇਂ ਆਪਣਾ ਇਹ ਕਹਾਣੀ ਸੰਗ੍ਰਿਹ ਤਕਰੀਬਨ ਬਾਈ ਸਾਲ ਦੇ ਵਕਫੇ ਬਾਅਦ ਪੰਜਾਬੀ ਸਾਹਿਤ ਦੀ ਝੋਲੀ ਪਾਇਆ, ਪਰ ਇਸ ਸਮੇਂ ਦੌਰਾਨ ਉਹ ਗਲਪ ਦੀਆਂ ਪੁਸਤਕਾਂ ਸੰਬੰਧੀ ਵਿਸਥਾਰ ਵਿਚ ਚਰਚਾ ਕਰਨ ਵਾਲੇ ਆਲੋਚਕ ਵੱਜੋਂ ਕ੍ਰਿਆਸ਼ੀਲ ਰਿਹਾ ਹੈ ਅਤੇ ਯੂ ਟਿਊਬ ਦੇ ਆਪਣੇ ਚੈਨਲ ਤੇ ਵੀ ਚਰਚਾ ਕਰਦਾ ਰਿਹਾ ਹੈ। ਇਸ ਦਾ ਭਾਵ ਹੈ ਕਿ ਉਸ ਦੀਆਂ ਮੌਲਿਕ ਕਹਾਣੀਆਂ ਲੰਬੇ ਸਮੇਂ ਤੱਕ ਉਸ ਦੇ ਅੰਦਰ ਸਮੁੰਦਰ ਦੀਆਂ ਲਹਿਰਾਂ ਵਾਂਗ ਉਛਾਲੇ ਮਾਰਦੀਆਂ ਰਹੀਆਂ ਅਤੇ ਜਦੋਂ ਚੰਗੀ ਤਰਾਂ ਰਿੜਕੀਆਂ ਗਈਆਂ ਫੇਰ ਹੀ ਸ਼ਬਦਾਂ ਦਾ ਜਾਮਾ ਪਹਿਨ ਕੇ ਪ੍ਰਗਟ ਹੋਈਆਂ।

ਪ੍ਰਸਤੁਤ ਪੁਸਤਕ ‘ਨਿਰੰਜਣ ਬੋਹਾ ਦੇ ਕਹਾਣੀ ਸੰਗ੍ਰਿਹ ‘ਤੀਸਰੀ ਖਿੜਕੀ’ ਦਾ ਸਮਾਜਿਕ ਪਰਿਪੇਖ’, ਡਾ. ਰਾਜਬਿੰਦਰ ਕੌਰ ਵੱਲੋਂ ਸੰਪਾਦਿਤ ਕੀਤੀ ਗਈ ਹੈ, ਜਿਸ ਵਿਚ ‘ਤੀਸਰੀ ਖਿੜਕੀ’ ਸੰਬੰਧੀ ਅਠਾਰਾਂ ਆਲੋਚਕਾਂ ਨੇ ਵੱਖ-ਵੱਖ ਅਖਬਾਰਾਂ, ਮੈਗਜ਼ੀਨਾਂ ਵਿਚ ਆਪਣੇ ਜੋ ਵਿਚਾਰ ਪ੍ਰਗਟਾਏ ਹਨ, ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕਿਸੇ ਪੁਸਤਕ ਸੰਬੰਧੀ ਐਨੇ ਆਲੋਚਕਾਂ ਵੱਲੋਂ ਆਲੋਚਨਾਤਮਕ ਲੇਖ ਲਿਖੇ ਜਾਣਾ ਆਪਣੇ-ਆਪ ਵਿਚ ਹੀ ਇਕ ਵਿਸ਼ੇਸ਼ ਪ੍ਰਾਪਤੀ ਹੈ। ਇਹਨਾਂ ਪ੍ਰਬੁੱਧ ਆਲੋਚਕਾਂ ਵਿਚੋਂ ਕੁਝ ਹਨ- ਡਾ. ਰਾਜਬਿੰਦਰ ਕੌਰ, ਡਾ. ਹਰਜਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਅਮਰਜੀਤ ਕੌਂਕੇ, ਪ੍ਰੋ. ਗੁਰਦੀਪ ਸਿੰਘ ਢਿਲੋਂ, ਡਾ. ਚੰਦਰ ਪ੍ਰਕਾਸ਼, ਡਾ. ਪਰਗਟ ਸਿੰਘ ਟਿਵਾਣਾ, ਡਾ. ਹਰਿੰਦਰ ਸਿੰਘ, ਰਵਿੰਦਰ ਸਿੰਘ ਸੋਢੀ, ਜਗਦੀਸ਼ ਰਾਏ ਕੁਲਰੀਆ ਆਦਿ। ਇਸ ਪੁਸਤਕ ਵਿਚ ਦਰਜ ਕੁਝ ਲੇਖ, ਰੀਵਿਊਆਂ ਦੀ ਸੀਮਾਂ ਪਾਰ ਕਰਦੇ ਹੋਏ ‘ਆਲੋਚਨਾਤਮਕ ਪੇਪਰਾਂ ਦੀ ਸ਼੍ਰੇਣੀ ਵਿਚ ਪ੍ਰਵੇਸ਼ ਕਰ ਗਏ ਹਨ, ਜਿਸ ਤੋਂ ਇਹ ਤੱਥ ਉਜਾਗਰ ਹੁੰਦਾ ਹੈ ਕਿ ਵਿਚਾਰ ਅਧੀਨ ਕਹਾਣੀ ਸੰਗ੍ਰਿਹ ਇਕ ਆਮ ਕਹਾਣੀ ਸੰਗ੍ਰਿਹ ਨਾ ਹੋ ਕੇ ਆਪਣੇ ਵਿਸ਼ਿਆਂ, ਪਾਤਰਾਂ, ਪੇਸ਼ਕਾਰੀ ਅਤੇ ਸਮੁੱਚੇ ਪ੍ਰਭਾਵ ਕਾਰਨ ਵਿਸ਼ੇਸ਼ ਸਾਹਿਤਕ ਕਿਰਤ ਦੀ ਫ਼ਹਿਰਸਤ ਵਿਚ ਸ਼ਾਮਲ ਹੁੰਦਾ ਹੈ।

ਕਮਾਲ ਦੀ ਗੱਲ ਇਹ ਹੈ ਕਿ ਸਾਰੇ ਆਲੋਚਕਾਂ ਨੇ ਹੀ ਇਸ ਪੁਸਤਕ ਦੀ ਸਮੀਖਿਆ ਵੱਖੋ-ਵੱਖ ਦ੍ਰਿਸ਼ਟੀਕੋਣ ਤੋਂ ਕੀਤੀ ਹੈ। ਇਸ ਦਾ ਭਾਵ ਹੈ ਕਿ ਡਾ. ਰਾਜਬਿੰਦਰ ਦੀ ਇਹ ਪੁਸਤਕ ਪੜ੍ਹ ਕੇ ‘ਤੀਸਰੀ ਖਿੜਕੀ’ ਦੇ ਅਠਾਰਾਂ ਪੱਖ ਪਾਠਕਾਂ ਦੇ ਸਨਮੁੱਖ ਹੁੰਦੇ ਹਨ। ਆਪਣੀਆਂ ਕਹਾਣੀਆਂ ਨੂੰ ਇਸ ਤਰਾਂ ਦੀ ਵਿਸ਼ਾਲਤਾ ਪ੍ਰਦਾਨ ਕਰਨ ਲਈ ਕਹਾਣੀਕਾਰ ਨਿਰੰਜਣ ਬੋਹਾ ਪੰਜਾਬੀ ਕਹਾਣੀ ਸਾਹਿਤ ਵਿਚ ਇਕ ਵੱਖਰੇ ਮੁਕਾਮ ਤੇ ਪਹੁੰਚ ਗਿਆ ਹੈ। ਕੁਝ ਆਲੋਚਨਾਤਮਕ ਲੇਖਾਂ ਦੇ ਸਿਰਲੇਖ ਦੇਖ ਕੇ ਉਪਰੋਕਤ ਕਥਨ ਦੀ ਸਚਾਈ ਨੂੰ ਪਰਖਿਆ ਜਾ ਸਕਦਾ ਹੈ– ਰਿਸ਼ਤਾ ਨਾਤਾ ਪ੍ਰਬੰਧ ਪ੍ਰਤੀ ਯਥਾਰਥਕ ਦ੍ਰਿਸ਼ਟੀਕੋਣ ਦੀ ਤਰਜਮਾਨੀ ਕਰਦਾ ਕਹਾਣੀ ਸੰਗ੍ਰਿਹ, ਨਿਰੰਜਣ ਬੋਹਾ ਦੇ ਕਹਾਣੀ ‘ਤੀਸਰੀ ਖਿੜਕੀ’ ‘ਚੋ ਝਾਕਦੀਆਂ ਪਰਿਵਾਰਕ ਪ੍ਰਸਥਿਤੀਆਂ, ਤਿੜਕ ਰਹੇ ਰਿਸ਼ਤਿਆਂ ਦੀ ਜੜ੍ਹ ਪਹਿਚਾਣਦਾ ਕਥਾ ਕੈਨਵਸ, ਪੰਜਾਬੀ ਕਹਾਣੀ ਵਿਚ ਨਵੀਂ ਕਿਸਮ ਦੀ ਚੇਤਨਾ ਤੇ ਵਿਹਾਰ ਦੀ ਨਿਸ਼ਾਨਦੇਹੀ ਕਰਦਾ ਕਹਾਣੀ ਸੰਗ੍ਰਿਹ, ‘ਤੀਸਰੀ ਖਿੜਕੀ’ ਦਾ ਮੂਲ ਪਛਾਣਦਿਆਂ, ਨਾਰੀ ਮਨ ਦੀ ਸੰਵੇਦਨਾਤਮਕ ਪਰਤ, ਮਨੁੱਖੀ ਕਿਰਦਾਰਾਂ ਨੂੰ ਅੰਦਰੋਂ ਤੇ ਬਾਹਰੋਂ ਚਿਤਰਦੀਆਂ ਕਹਾਣੀਆਂ, ‘ਤੀਸਰੀ ਖਿੜਕੀ’: ਆਲੋਚਨਾਤਮਕ ਅਧਿਐਨ ਆਦਿ। ਇਹ ਪਰਚੇ ਸਮਕਾਲੀ ਸਾਹਿਤ, ਮੁਹਾਂਦਰਾ, ਆਬਰੂ, ਕਹਾਣੀਧਾਰਾ, ਸਿਰਜਣਾ, ਕਲਾਕਾਰ, ਆਪਣੀ ਅਵਾਜ਼, ਮੇਲਾ, ਪੰਜ ਦਰਿਆ, ਗੁਫਤ-ਗੂ, ਸ਼ਬਦ ਤ੍ਜਿੰਣ ਮੈਗਜ਼ੀਨਾਂ ਤੋਂ ਇਲਾਵਾ ਨਵਾਂ ਜ਼ਮਾਨਾਂ, ਦੇਸ਼ ਸੇਵਕ, ਪੰਜਾਬੀ ਜਾਗਰਣ, ਪੰਜਾਬ ਟਾਈਮਜ਼(ਯੂ ਐਸ ਏ), ਪੰਜਾਬ ਟਾਈਮਜ਼(ਯੂ ਕੇ) ਅਤੇ ਹੋਰ ਕਈ ਪੇਪਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ।

ਪੁਸਤਕ ਦੀ ਸੰਪਾਦਕ ਡਾ. ਰਾਜਬਿੰਦਰ ਕੌਰ ਨੇ ਪ੍ਰਵੇਸ਼ਕਾ ਵਿਚ ਨਿਰੰਜਣ ਬੋਹਾ ਦੀ ਕਹਾਣੀਕਲਾ ਤੇ ਚਰਚਾ ਹੀ ਨਹੀਂ ਕੀਤੀ ਬਲਕਿ ਪੁਸਤਕ ਵਿਚ ਦਰਜ ਸਾਰੇ ਲੇਖਾਂ ਦਾ ਸਮੁੱਚਾ ਨਿਚੋੜ ਵੀ ਪੇਸ਼ ਕੀਤਾ ਹੈ। ਉਸ ਨੇ ਕਹਾਣੀਕਾਰ ਸੰਬੰਧੀ ਇਕ ਬਹੁਤ ਹੀ ਸਾਰਥਿਕ ਟਿਪਣੀ ਕੀਤੀ ਹੈ, “ਇਸ ਕਹਾਣੀ ਸੰਗ੍ਰਿਹ ਰਾਹੀਂ ਉਸ ਨੇ ਸਾਡੇ ਰਿਸ਼ਤਾ ਪ੍ਰਬੰਧ ਦੀਆਂ ਅਨੇਕਾ ਮਹੀਨ ਪਰਤਾਂ ਨੂੰ ਬਹੁਤ ਹੀ ਸਹਿਜਤਾ, ਸੁਹਿਰਦਤਾ, ਸੰਜੀਦਗੀ ਤੇ ਸੁਹਜ ਨਾਲ ਫਰੋਲਿਆ ਹੈ। ਇਕ ਪਾਸੇ ਉਹ ਸਾਡੇ ਸਮਾਜਿਕ ਪ੍ਰਬੰਧ ਦੀਆਂ ਰੂੜ੍ਹੀਵਾਦੀ ਕੀਮਤਾਂ ਤੇ ਠੋਸ ਹਕੀਕਤਾਂ ਤੇ ਚਾਨਣਾ ਪਾਉਂਦਾ ਹੈ ਤਾਂ ਦੂਜੇ ਪਾਸੇ ਇਹਨਾਂ ਰਸਮਾਂ-ਭਿੱਥਾਂ ਦੇ ਬਦਲ ਪੇਸ਼ ਕਰਦਿਆਂ ਨਵਾਂ ਨਕੋਰ ਸਮਾਜ ਸਿਰਜਣ ਦੀ ਗੱਲ ਵੀ ਕਰਦਾ ਹੈ।” ਇਹ ਪੁਸਤਕ ਪੜ੍ਹ ਕੇ ਨਿਰੰਜਣ ਬੋਹਾ ਦੀ ਕਹਾਣੀ ਕਲਾ ਨੂੰ ਚੰਗੀ ਤਰਾਂ ਸਮਝਿਆ ਜਾ ਸਕਦਾ ਹੈ।

ਸਾਹਿਬਦੀਪ ਪਬਲੀਕੇਸ਼ਨ, ਭਿੱਖੀ ਵੱਲੋਂ 137ਪੰਨਿਆਂ ਦੀ ਇਸ ਪੁਸਤਕ ਦਾ ਮੁੱਲ 300 ਰੁਪਏ ਹੈ।

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ

ਲਿੰਕ : ਰਵਿੰਦਰ ਸਿੰਘ ਸੋਢੀ

https://photos.app.goo.gl/6doz2SHhvqx9HuxT9