ਨਿਊਯਾਰਕ , 3 ਅਗਸਤ (ਰਾਜ ਗੋਗਨਾ)- ਅਮਰੀਕਾ ਦੇ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਪਾਰਲੀਮੈਂਟ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋ ਲਏ ਨਿਡਰਤਾ ਨਾਲ ਸਟੈਂਡ ਦੀ ਭਰਪੂਰ ਸ਼ਲਾਘਾ ਕੀਤੀ ਹੈ। ਜਸਪ੍ਰੀਤ ਸਿੰਘ ਨੇ ਚੰਨੀ ਦੀ ਇਹ ਸ਼ਲਾਘਾ ਉਨ੍ਹਾਂ ਵੱਲੋ ਖਡੂਰ ਸਾਹਿਬ ਤੋਂ ਚੁਣੇ ਗਏ ਐਮ.ਪੀ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਪਾਰਲੀਮੈਂਟ ਹਾਊਸ ਵਿਚ ਦਿੱਤੇ ਬਿਆਨ ਕਾਰਨ ਕੀਤੀ। ਗੁਰਸਿੱਖ ਭਾਰਤੀ-ਅਮਰੀਕਨ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਖਡੂਰ ਸਾਹਿਬ ਤੋ ਭਾਰੀ ਬਹੁਮਤ ਨਾਲ ਲੋਕਾਂ ਵੱਲੋਂ ਦਿੱਤੇ ਫਤਵੇ ‘ਤੇ ਐਮ.ਪੀ ਦੀ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਨਾਲ ਮਨੁੱਖੀ ਅਧਿਕਾਰਾਂ ਦੀ ਸਰਕਾਰਾਂ ਵੱਲੋਂ ਨਜਾਇਜ ਦੁਰਵਰਤੋਂ ਕੀਤੀ ਗਈ ਹੈ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ‘ਤੇ ਐਨ.ਐਸ.ਏ ਦੀ ਹੋਰ ਮਿਆਦ ਵਧਾ ਕੇ ਅਸਮ ਰਾਜ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਉਨ੍ਹਾਂ ਨੂੰ ਬੰਦ ਕੀਤਾ ਗਿਆ ਹੈ। ਕਾਨੂੰਨ ਦੀ ਨਿਰਧਾਰਤ ਪ੍ਰਕਿਰਿਆ ਦਾ ਪਾਲਣ ਨਹੀ ਕੀਤਾ ਗਿਆ, ਜੋ ਪੂਰੀ ਤਰਾਂ ਗੈਰ-ਕਾਨੂੰਨੀ ਹੈ।
ਅਟਾਰਨੀ ਨੇ ਕਿਹਾ ਕਿ ਸਰਕਾਰਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਦੁਰਵਰਤੋ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਲੋਕਤੰਤਰ ਵਿੱਚ ਵਿਸਵਾਸ਼ ਰੱਖਦੇ ਹਨ। ਉਨ੍ਹਾਂ ਲੋਕਾਂ ਨੇ ਹੀ ਉਸ ਦੇ ਹੱਕ ਵਿਚ ਵੋਟਾਂ ਪਾ ਕੇ ਉਸ ਨੂੰ ਭਾਰੀ ਬਹੁਮਤ ਦੇ ਨਾਲ ਜਿਤਾ ਕੇ ਐਮ.ਪੀ ਬਣਾਇਆ ਹੈ।ਹੁਣ ਅੰਮ੍ਰਿਤਪਾਲ ਸਿੰਘ ਨੇ ਸਹੁੰ ਚੁੱਕੀ ਹੈ ਅਤੇ ਉਸ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਤਾਂ ਜੋ ਉਹ ਆਪਣੇ ਲੋਕਾਂ ਦੇ ਮੁੱਦੇ ਚੁੱਕ ਸਕੇ। ਲੋਕਾਂ ਦੀ ਨੁਮਾਇੰਦਗੀ ਲਈ ਉਸ ਨੂੰ ਰਿਹਾਅ ਕਰਨਾ ਚਾਹੀਦਾ ਹੈ। ਤਾਂ ਜੋ ਉਹ ਆਪਣੇ ਲੋਕਾਂ ਵਿਚ ਵਿਚਰ ਕੇ ਲੋਕਾਂ ਦੀ ਅਤੇ ਪੰਜਾਬ ਦੀ ਨੁਮਾਇੰਦਗੀ ਕਰ ਸਕੇ। ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਉਹ ਦੁਬਾਰਾ ਗਲਤੀ ਕਰੇਗਾ, ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸ ‘ਤੇ ਦੁਬਾਰਾ ਦੋਸ਼ ਵੀ ਆਇਦ ਕੀਤੇ ਜਾ ਸਕਦੇ ਹਨ ਅਤੇ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ।
ਅਟਾਰਨੀ ਨੇ ਪਾਰਟੀ ਦੀ ਪ੍ਰਵਾਹ ਨਾ ਕਰਦੇ ਹੋਏ ਇਕ ਨਿੱਧੜਕ ਤੇ ਸੱਚ ‘ਤੇ ਪਹਿਰਾ ਦੇਣ ਵਾਲੇ ਜਲੰਧਰ ਤੋਂ ਬਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਸ਼ਲਾਘਾ ਕੀਤੀ, ਜਿਸ ਨੇ ਪਾਰਲੀਮੈਂਟ ਵਿੱਚ ਇਹ ਮਸਲਾ ਚੁੱਕਿਆ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਪਾਰਟੀ ਨੇ ਚੰਨੀ ਦੇ ਬਿਆਨ ਤੋਂ ਕਿਨਾਰਾ ਕਰਕੇ ਉਸ ਦਾ ਨਿੱਜੀ ਬਿਆਨ ਦੱਸਿਆ ਹੈ। ਪਰ ਚੰਨੀ ਵੱਲੋਂ ਖਡੂਰ ਸਾਹਿਬ ਦੇ ਲੋਕਾਂ ਦੇ ਹਿੱਤ ਵਿੱਚ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਵੀ ਸ਼ਲਾਘਾਯੋਗ ਹੈ।