ਪੱਛਮੀ ਬੰਗਾਲ ਦੇ ਬਿੰਨਾਗੁੜ੍ਹੀ ਕਸਬੇ ਤੋਂ ਮੇਰੀ ਬਦਲੀ ਪੰਜਾਬ ਦੇ ਫ਼ਾਜਿ਼ਲਕਾ ਸ਼ਹਿਰ ਵਿਖੇ ਹੋਈ ਤਾਂ ਮੈਂ ਆਪਣੀ ਮੋਟਰਸਾਇਕਲ ਟ੍ਰੇਨ ਵਿੱਚ ਬੁੱਕ ਕਰਵਾਉਣ ਲਈ ਧੂਪਗੁੜ੍ਹੀ ਰੇਲਵੇ ਸਟੇਸ਼ਨ ‘ਤੇ ਗਿਆ। ਧੂਪਗੁੜ੍ਹੀ ਰੇਲਵੇ ਸਟੇਸ਼ਨ ‘ਤੇ ਸਾਮਾਨ ਦੀ ਬੁਕਿੰਗ ਹੁੰਦੀ ਸੀ ਕਿਉਂਕਿ ਬਿੰਨਾਗੁੜ੍ਹੀ ਰੇਲਵੇ ਸਟੇਸ਼ਨ ਬਹੁਤ ਛੋਟਾ ਸੀ। ਇੱਥੇ ਬਹੁਤੀਆਂ ਗੱਡੀਆਂ ਦੀ ਆਵਾ- ਜਾਈ ਨਹੀਂ ਸੀ। ਖ਼ਾਸ ਕਰਕੇ ਮਾਲਗੱਡੀਆਂ ਇੱਥੇ ਨਹੀਂ ਸਨ ਰੁਕਦੀਆਂ।
ਬਿੰਨਾਗੁੜ੍ਹੀ (ਪੱਛਮੀ ਬੰਗਾਲ) ਦਾ ਇੱਕ ਨਿੱਕਾ ਜਿਹਾ ਕਸਬਾ ਹੈ ਜਿਹੜਾ ਕਿ ਸਿਲੀਗੁੜ੍ਹੀ ਜਿਲ਼੍ਹੇ ਦੇ ਅਧੀਨ ਆਉਂਦਾ ਹੈ। ਇਸਦੇ ਆਸੇ- ਪਾਸੇ ਕਾਫ਼ੀ ਪਿੰਡ ਹਨ ਜਿੱਥੇ ਚਾਹ ਦੇ ਬਾਗ ਹਨ ਅਤੇ ਇਹਨਾਂ ਪਿੰਡਾਂ ਦੇ ਲੋਕ ਚਾਹ ਦੇ ਬਾਗਾਂ ਵਿਚ ਕੰਮ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ।
ਬਿੰਨਾਗੁੜ੍ਹੀ ਵਿਖੇ ਤਕਰੀਬਨ ਦੋ ਸਾਲ ਨੌਕਰੀ ਕਰਨ ਤੋਂ ਬਾਅਦ ਮੈਂ ਫ਼ਾਜਿ਼ਲਕਾ (ਪੰਜਾਬ) ਆਉਣਾ ਸੀ। ਧੂਪਗੁੜ੍ਹੀ ਰੇਲਵੇ ਸਟੇਸ਼ਨ ਜਾਂਦਿਆਂ ਤਾਂ ਅਸੀਂ ਮੇਰੀ ਮੋਟਰਸਾਇਕਲ ‘ਤੇ ਚਲੇ ਗਏ ਅਤੇ ਉੱਥੇ ਮੋਟਰਸਾਇਕਲ ਬੁੱਕ ਕਰਵਾਉਣ ਮਗ਼ਰੋਂ ਵਾਪਸੀ ‘ਤੇ ਲਈ ਬੰਗਾਲ ਰੋਡਵੇਜ਼ ਦੀ ਬੱਸ ਵਿੱਚ ਚੜ੍ਹ ਗਏ। ਇਹ ਬੱਸ ਸਿੱਲੀਗੁੜ੍ਹੀ ਸ਼ਹਿਰ ਤੋਂ ਚੱਲਦੀ ਸੀ। ਇਸ ਲਈ ਬੱਸ ਵਿਚ ਬਹੁਤੀਆਂ ਸਵਾਰੀਆਂ ਨਹੀਂ ਸਨ। ਅਸੀਂ ਦੋਵੇਂ (ਸਰਦਾਰ) ਪੱਗਾਂ ਬੰਨੀਆਂ ਹੋਈਆਂ ਸਨ। ਬੱਸ ਵਿਚ ਬੈਠ ਗਏ। ਬੱਸ ਬਿੰਨਾਗੁੜ੍ਹੀ ਵੱਲ ਨੂੰ ਤੁਰ ਪਈ। ਬੱਚੇ ਅਤੇ ਬੀਬੀਆਂ ਸਾਡੇ ਵੱਲ ਗ਼ੌਰ ਨਾਲ ਦੇਖਦੇ। ਅਸਲ ਵਿੱਚ ਇਸ ਇਲਾਕੇ ਵਿੱਚ ਕੋਈ ਵਿਰਲਾ- ਟਾਵਾਂ ਦਸਤਾਰਧਾਰੀ ਸਿੱਖ ਦੇਖਣ ਨੂੰ ਮਿਲਦਾ ਹੈ। ਇਸ ਲਈ ਅਸੀਂ ਬੱਸ ਵਿਚ ਸਵਾਰੀਆਂ ਦੀ ਖਿੱਚ ਦਾ ਕਾਰਨ ਬਣੇ ਹੋਏ ਸਾਂ। ਲੋਕ ਸਾਡੀਆਂ ਪੱਗਾਂ ਨੂੰ ਗੌਰ ਨਾਲ ਦੇਖ ਰਹੇ ਸਨ।
ਖ਼ੈਰ, ਜਿਵੇਂ- ਜਿਵੇਂ ਬੱਸ ਅੱਗੇ ਵੱਧ ਰਹੀ ਸੀ ਬੱਸ ਵਿਚ ਸਵਾਰੀਆਂ ਦੀ ਭੀੜ ਵੀ ਵੱਧਦੀ ਜਾ ਰਹੀ ਸੀ। ਇੱਕ ਪਿੰਡ ਦੇ ਬੱਸ ਅੱਡੇ ਤੋਂ ਦੋ ਬੀਬੀਆਂ ਬੱਸ ਵਿੱਚ ਚੜ੍ਹੀਆਂ। ਉਹਨਾਂ ਦੋਹਾਂ ਨੇ ਆਪਣੇ ਕੁੱਛੜ ਨਿੱਕੇ ਬੱਚੇ ਚੁੱਕੇ ਹੋਏ ਸਨ। ਬੱਸ ਵਿੱਚ ਬਹੁਤ ਜਿਆਦਾ ਭੀੜ ਹੋਣ ਕਰਕੇ ਉਹ ਇੱਕ ਪਾਸੇ ਹੋ ਕੇ ਖਲੋਅ ਗਈਆਂ। ਬੱਸ ‘ਚ ਸੀਟਾਂ ਉੱਪਰ ਬਹੁਤ ਸਾਰੇ ਨੌਜਵਾਨ ਮੁੰਡੇ- ਕੁੜੀਆਂ ਬੈਠੇ ਹੋਏ ਸਨ ਪਰ! ਕੋਈ ਵੀ ਆਪਣੀ ਸੀਟ ਤੋਂ ਨਾ ਉੱਠਿਆ। ਅਸੀਂ ਦੋ– ਤਿੰਨ ਮਿੰਟ ਉਡੀਕ ਕੀਤੀ ਕਿ ਖ਼ਬਰੇ! ਕੋਈ ਬੰਗਾਲੀ ਮੁੰਡਾ- ਕੁੜੀ ਇਹਨਾਂ ਬੀਬੀਆਂ ਲਈ ਆਪਣੀ ਸੀਟ ਛੱਡੇਗਾ। ਪਰ! ਸਾਡਾ ਅੰਦਾਜ਼ਾ ਗਲਤ ਸਾਬਿਤ ਹੋਇਆ। ਕੋਈ ਵੀ ਸਵਾਰੀ ਆਪਣੀ ਸੀਟ ਤੋਂ ਨਾ ਉੱਠੀ। ਉਹਨਾਂ ਬੀਬੀਆਂ ਨੇ ਵੀ ਕਿਸੇ ਅੱਗੇ ਬੇਨਤੀ ਨਹੀਂ ਕੀਤੀ ਕਿ ਉਹਨਾਂ ਨੂੰ ਬੈਠਣ ਲਈ ਸੀਟ ਦਿੱਤੀ ਜਾਵੇ।
ਮੈਂ ਅਤੇ ਮੇਰਾ ਮਿੱਤਰ ਆਪਣੀ ਸੀਟ ਤੋਂ ਉੱਠੇ ਅਤੇ ਉਹਨਾਂ ਬੀਬੀਆਂ ਨੂੰ ਸੀਟ ‘ਤੇ ਬੈਠਣ ਲਈ ਇਸ਼ਾਰਾ ਕੀਤਾ। ਉਹ ਬਹੁਤ ਹੈਰਾਨ ਹੋਈਆਂ ਅਤੇ ਨਾਲ ਦੀਆਂ ਸੀਟਾਂ ‘ਤੇ ਬੈਠੇ ਮੁੰਡੇ- ਕੁੜੀਆਂ, ਬੀਬੀਆਂ, ਬੱਚੇ ਸਾਡੇ ਵੱਲ ਗ਼ੌਰ ਨਾਲ ਦੇਖਣ ਲੱਗੇ। ਜਿਵੇਂ ਅਸੀਂ ਕੋਈ ਅਚੰਭੇ ਵਾਲਾ ਕੰਮ ਕਰ ਦਿੱਤਾ ਹੋਵੇ। ਖ਼ੈਰ! ਉਹ ਦੋਵੇਂ ਬੀਬੀਆਂ ਸਾਡੀਆਂ ਸੀਟਾਂ ‘ਤੇ ਆ ਕੇ ਬਹਿ ਗਈਆਂ। ਅਸੀਂ ਦੋਵੇਂ ਉਹਨਾਂ ਦੇ ਨੇੜੇ ਹੀ ਖਲੋਅ ਗਏ।
ਗੱਲਾਂ- ਗੱਲਾਂ ਵਿਚ ਉਹਨਾਂ ਕਿਹਾ, ‘ਸਾਡੇ ਇੱਧਰ ਬੱਸ, ਗੱਡੀ ਵਿੱਚ ਆਪਣੀ ਸੀਟ ਛੱਡਣ ਦਾ ਰਿਵਾਜ਼ ਨਹੀਂ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਸਵਾਰੀ ਨੇ ਆਪਣੀ ਸੀਟ ਛੱਡ ਕੇ ਦੂਜੀ ਸਵਾਰੀ ਨੂੰ ਬੈਠਣ ਲਈ ਕਿਹਾ ਹੈ। ਅਸੀਂ ਕਿਹਾ, ‘ਇਹ ਕੋਈ ਵੱਡੀ ਗੱਲ ਨਹੀਂ। ਸਾਡੇ ਪੰਜਾਬ, ਹਰਿਆਣੇ ‘ਚ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਲਈ ਨੌਜਵਾਨ ਮੁੰਡੇ- ਕੁੜੀਆਂ ਅਕਸਰ ਹੀ ਆਪਣੀ ਸੀਟ ਛੱਡ ਦਿੰਦੇ ਹਨ।’ ਇਹ ਸੁਣ ਕੇ ਉਹ ਬਹੁਤ ਖੁਸ਼ ਹੋਈਆਂ।
ਉਹਨਾਂ ਕਿਹਾ, ‘ਅਸੀਂ ਸਰਦਾਰਾਂ ਬਾਰੇ ਸੁਣਿਆ ਕਾਫ਼ੀ ਹੋਇਆ ਸੀ ਕਿ ਇਹ ਬਹੁਤ ਦਿਲਦਾਰ ਕੌਮ ਹੁੰਦੀ ਹੈ। ਅੱਜ ਦੇਖ ਵੀ ਲਿਆ।’
ਦੋਸਤੋ, ਗੱਲ ਕੁੱਝ ਵੀ ਨਹੀਂ ਸੀ। ਪੰਦਰਾਂ- ਵੀਹ ਕਿਲੋਮੀਟਰ ਦਾ ਸਫ਼ਰ ਅੱਧੇ ਘੰਟੇ ਵਿੱਚ ਮੁੱਕ ਜਾਣਾ ਸੀ। ਪਰ! ਉਹਨਾਂ ਬੀਬੀਆਂ ਅਤੇ ਬੱਸ ਵਿਚ ਬੈਠੀਆਂ ਹੋਰ ਸਵਾਰੀਆਂ ਦੇ ਜਿ਼ਹਨ ਵਿਚ ‘ਪੱਗ ਦਾ ਮਾਣ’ ਸਦਾ ਲਈ ਘਰ ਕਰ ਗਿਆ।
ਪਰ ਅਫ਼ਸੋਸ, ਅੱਜਕਲ੍ਹ ਬੰਗਾਲ ਵਾਂਗ ਹਰਿਆਣੇ, ਪੰਜਾਬ ਵਿੱਚ ਵੀ ਇੰਝ ਦਾ ਵਰਤਾਰਾ ਆਮ ਹੋ ਗਿਆ ਹੈ। ਹੁਣ ਕਦੇ ਬੱਸ ਵਿੱਚ ਸਫ਼ਰ ਕਰਦੇ ਹਾਂ ਤਾਂ ਨੌਜਵਾਨ ਮੁੰਡੇ- ਕੁੜੀਆਂ ਸੀਟਾਂ ਉੱਪਰ ਬੈਠੇ ਹੁੰਦੇ ਹਨ ਅਤੇ ਬਜ਼ੁਰਗ ਅਤੇ ਬੀਬੀਆਂ ਖੜੇ ਹੁੰਦੇ ਹਨ। ਇਹ ਕੋਈ ਬਹੁਤੀ ਵੱਡੀ ਜਾਂ ਜੱਗੋਂ ਤੇਰ੍ਹਵੀਂ ਗੱਲ ਨਹੀਂ ਹੈ ਕਿ ਅਸੀਂ ਇੰਝ ਨਹੀਂ ਕਰ ਸਕਦੇ ਜਾਂ ਇਸ ਤਰ੍ਹਾਂ ਕਰਨ ਨਾਲ ਸਾਡਾ ਨੁਕਸਾਨ ਹੋ ਜਾਣਾ ਹੈ। ਬਲਕਿ ਇਹ ਇਖ਼ਲਾਕੀ ਕਦਰਾਂ- ਕੀਮਤਾਂ ਵਾਲਾ ਵਰਤਾਉ ਹੁੰਦਾ ਹੈ।
ਸਾਨੂੰ ਆਪਣੀ ਇਖ਼ਲਾਕੀ ਜਿ਼ੰਮੇਵਾਰੀ ਸਮਝਣੀ ਚਾਹੀਦੀ ਹੈ। ਬੱਸ, ਰੇਲ ਜਾਂ ਹੋਰ ਕਿਸੇ ਜਨਤਕ ਗੱਡੀ ਵਿੱਚ ਆਪਣੇ ਤੋਂ ਉਮਰ ਵਿੱਚ ਵੱਡੀ ਸਵਾਰੀ ਲਈ ਸੀਟ ਛੱਡ ਦੇਣਾ ਚੰਗੇ ਗੁਣਾਂ ਦੀ ਨਿਸ਼ਾਨੀ ਹੈ। ਨੌਜਵਾਨ ਪੀੜ੍ਹੀ ਨੂੰ ਇਹ ਗੱਲ ਸਮਝਣ ਅਤੇ ਅਮਲ ਕਰਨ ਦੀ ਲੋੜ ਹੈ।
ਡਾ: ਨਿਸ਼ਾਨ ਸਿੰਘ ਰਾਠੌਰ
@ 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009