ਨਿਊਯਾਰਕ, 30 ਜੂਨ (ਰਾਜ ਗੋਗਨਾ )-ਬੀਤੇਂ ਦਿਨ ਅਮਰੀਕਾ ਦੇ ਪ੍ਰਸਿੱਧ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਯੂ.ਐਸ. ਏ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਉਹਨਾਂ ਵੱਲੋ ਦਿੱਤੇ ਗਏ ਸਮੇਂ ਮੁਤਾਬਕ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਲਾਸ ਏਂਜਲਸ ਵਿਖੇਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ।ਕਮਲਾ ਹੈਰਿਸ ਨਾਲ ਉਹਨਾਂ ਦੀ ਇਹ ਮੀਟਿੰਗ ਲਗਭਗ ਇੱਕ ਘੰਟੇ ਦੇ ਕਰੀਬ ਤੱਕ ਚੱਲੀ। ਇਹ ਮੀਟਿੰਗ ਇੱਕ ਸਮਾਗਮ ਦੌਰਾਨ ਹੋਈ। ਜਿੱਥੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਸਿੱਖਾਂ ਸੰਬੰਧੀ ਅਤੇ ਕਈ ਹੋਰ ਅਹਿਮ ਮੁੱਦਿਆਂ ਨੂੰ ਕਮਲਾ ਹੈਰਿਸ ਦੇ ਸਾਹਮਣੇ ਰੱਖਿਆ।ਇਹਨਾਂ ਮੁੱਦਿਆਂ ਵਿੱਚੋਂ ਪਹਿਲਾ ਅਤੇ ਅਹਿਮ ਮੁੱਦਾ ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਚੁਣੇ ਗਏ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਐਨ.ਐੱਸ.ਏ. ਬਿਲਕੁਲ ਗਲਤ ਅਤੇ ਗੈਰ-ਕਾਨੂੰਨੀ ਹੈ।ਇਹ ਕਾਨੂੰਨ ਲਗਾਉਣਾ ਗਲਤ ਹੈ। ਕਿਉਂਕਿ ਇਹ ਅੰਗਰੇਜ਼ਾਂ ਦੁਆਰਾ ਬਣਾਏ ਆਜ਼ਾਦੀ ਤੋਂ ਪਹਿਲਾ ਦੇ ਕਾਨੂੰਨਾਂ ਦੇ ਆਧਾਰ ਤੇ ਲਗਾਇਆ ਗਿਆ ਹੈ। ਜੋ ਉਹ ਦੂਜੇ ਲੋਕਾਂ ਨੂੰ ਦਬਾਉਣ ਲਈ ਲਗਾਉਂਦੇ ਸਨ।
ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਕਮਲਾ ਹੈਰਿਸ ਨੂੰ ਇਹ ਵੀ ਦੱਸਿਆ ਕਿਸ ਤਰਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਭਾਰਤੀ ਇਲੈਕਸ਼ਨਸ ਦੌਰਾਨ ਖਡੂਰ ਸਾਹਿਬ ਤੋਂ ਭਾਰੀ ਬਹੁਮਤ ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਜਿੱਤ ਦੇ ਬਾਅਦ ਉਹਨਾਂ ਦੇ ਉੱਪਰ ਲਗਾਈ ਐਨ.ਐੱਸ.ਏ. ਅਤੇ ਇੱਕ ਹੋਰ ਸਾਲ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਹੈ।ਉੱਘੇ ਸਿੱਖ ਅਟਾਰਨੀ ਨੇ ਉਪ- ਰਾਸ਼ਟਰਪਤੀ ਕਮਲਾ ਹੈਰਿਸ ਨੂੰ ਦੱਸਿਆ ਕਿ ਇਹ ਮਨੁੱਖੀ ਅਧਿਕਾਰਾਂ ਦਾ ਸਰਾ ਸਰ ਭਾਰਤ ਵਿੱਚ ਘਾਣ ਹੋ ਰਿਹਾ ਹੈ। ਅਤੇ ਅਜਿਹੇ ਕਾਨੂੰਨ ਗੈਰ ਸੰਵਿਧਾਨਿਕ ਤਰੀਕੇ ਨਾਲ ਲਗਾਏ ਜਾ ਰਹੇ ਹਨ।ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਹੀ ਉਹਨਾਂ ਨੇ ਭਾਰਤੀ ਜੇਲਾਂ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਕਮਲਾ ਹੈਰਿਸ ਦੇ ਨਾਲ ਚੁੱਕਿਆ।ਉਹਨਾਂ ਦੱਸਿਆ ਇਹ ਸਿੰਘ ਸਜਾ ਪੂਰੀਆਂ ਹੋਣ ਦੇ ਬਾਵਜੂਦ ਵੀ ਉਹ ਭਾਰਤ ਦੀਆਂ ਜੇਲਾਂ ਦੇ ਵਿੱਚ ਕੈਦ ਹਨ।ਅਤੇ ਜਲਦ ਹੀ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ।ਤੀਸਰਾ ਮੁੱਦਾ ਉਹਨਾਂ ਨੇ ਭਾਰਤੀ ਸਰਕਾਰ ਵੱਲੋਂ ਅਮਰੀਕਾ ਵਿੱਚ ਰਹਿ ਰਹੇ ਕੁੱਝ ਸਿੱਖ ਲੀਡਰਸ ਤੇ ਹਮਲਾ ਕਰਵਾਉਣ ਦੀ ਵੀ ਕੀਤੀ ਗਈ ਕੋਸ਼ਿਸ਼ ਬਾਰੇ ਗੱਲਬਾਤ ਕੀਤੀ, ਅਤੇ ਦੱਸਿਆ ਕਿ ਕਈ ਸਿੱਖ ਲੀਡਰਸ ਨੂੰ ਕਈ ਤਰਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸ ਕਰਕੇ ਸਿੱਖ ਕਮਿਊਨਿਟੀ ਵਿੱਚ ਇੱਥੇ ਕਾਫੀ ਸਮੇਂ ਤੋਂ ਰੋਸ ਦੀ ਲਹਿਰ ਚੱਲ ਰਹੀ ਹੈ।
ਉਹਨਾਂ ਨੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੋਰ ਮਸਲਿਆਂ ਬਾਰੇ ਵੀ ਗੱਲਬਾਤ ਕੀਤੀ।ਅਤੇ ਪੰਜਵਾਂ ਅਹਿਮ ਮੁੱਦਾ ਉਹਨਾਂ ਨੇ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਸੰਬੰਧੀ ਲਗਾਤਾਰ ਵੱਧ ਰਹੇ ਹੇਟ ਕ੍ਰਾਇਮ (ਨਸਲਕੁਸ਼ੀ) ਦਾ ਵੀ ਚੁੱਕਿਆ।ਉਹਨਾਂ ਦੱਸਿਆ ਕਿ ਆਏ ਦਿਨ ਸਿੱਖਾਂ ਨਾਲ ਨਸਲਕੁਸ਼ੀ ਦੀ ਭਾਵਨਾ ਰੱਖਦੇ ਹੋਏ ਕਈ ਘਟਨਾਵਾਂ ਵਾਪਰੀਆਂ ਹਨ। ਨਾਲ ਹੀ ਉਹਨਾਂ ਕਈ ਸਿੱਖ ਨੌਜਵਾਨਾਂ ਉੱਪਰ ਹੋਏ ਹਮਲਿਆਂ ਬਾਰੇ ਵੀ ਦੱਸਿਆ, ਇਹਨਾਂ ਸਾਰੇ ਮੁੱਦਿਆਂ ਨੂੰ ਸੁਣਨ ਤੋਂ ਬਾਅਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਹਨਾਂ ਉੱਪਰ ਪੂਰਾ ਧਿਆਨ ਦਿੱਤਾ ਅਤੇ ਇਹਨਾਂ ਉੱਪਰ ਵਿਚਾਰ ਕਰਕੇ ਯੋਗ ਕਦਮ ਚੁੱਕਣ ਦਾ ਭਰੋਸਾ ਵੀ ਦਿਵਾਇਆ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸੰਬੰਧੀ ਭਾਰਤ ਦੀ ਸਰਕਾਰ ਨਾਲ ਉਹਨਾਂ ਦਾ ਰਬਤਾ ਕਾਇਮ ਹੈ।ਉਹਨਾਂ ਕਿਹਾ ਕਿ ਭਾਰਤ ਨਾਲ ਅਮਰੀਕਾ ਦੇ ਸੰਬੰਧ ਮਜਬੂਤ ਹਨ ਅਤੇ ਇਸ ਸਥਿਤੀ ਵਿੱਚ ਉਹ ਇੱਕ ਮਜਬੂਤ ਭਾਰਤ ਨੂੰ ਦੇਖਣਾ ਚਾਹੁੰਦੇ ਹਨ। ਕਮਲਾ ਹੈਰਿਸ ਨੇ ਇਹ ਵੀ ਕਿਹਾ ਕਿ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਦਾ ਅਮਰੀਕੀ ਇਕਨੌਮੀ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੈ।ਅਤੇ ਉਹ ਅਤੇ ਉਹਨਾਂ ਦੀ ਸਰਕਾਰ ਹਮੇਸ਼ਾਂ ਇੱਥੇ ਰਹਿੰਦੇ ਸਿੱਖ ਭਾਈਚਾਰੇ ਦੇ ਅਧਿਕਾਰਾਂ ਦੀ ਹਰ ਤਰਾਂ ਦੇ ਨਾਲ ਰੱਖਿਆ ਲਈ ਵਚਨਬੰਧ ਹਨ।
ਹੈਰਿਸ ਨੇ ਕਿਹਾ ਕਿ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਉੱਪਰ ਜੇਕਰ ਕੋਈ ਵੀ ਹਮਲਾ ਹੁੰਦਾ ਹੈ, ਤਾਂ ਉਸ ਖਿਲਾਫ ਸਖਤ ਤੋ ਸ਼ਖਤ ਕਾਰਵਾਈ ਕੀਤੀ ਜਾਵੇਗੀ।ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਇਸ ਮੁਲਾਕਾਤ ਨੂੰ ਬਹੁਤ ਹੀ ਸਕਾਰਾਤਮਕ ਹੁੰਗਾਰਾ ਮਿਲਿਆ ਹੈ।