ਵਾਸ਼ਿੰਗਟਨ , 10 ਜੂਨ ( ਰਾਜ ਗੋਗਨਾ )- ਉੱਘੇ ਸਿੱਖ ਆਗੂ ਅਤੇ ਸਿੱਖਸ ਆਫ ਅਮੇਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਅੱਜ ਇਕ ਵੱਡਾ ਬਿਆਨ ਦਿੱਤਾ। ਆਪਣੇ ਬਿਆਨ ਵਿਚ ਜਸਦੀਪ ਸਿੰਘ ਨੇ ਕਿਹਾ ਕਿ ਉਹ ਵਿਵਾਦਿਤ ਅਦਾਕਾਰਾ ਅਤੇ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਦਾ ਵਿਰੋਧ ਕਰਨ ਵਾਲੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਨਾਲ ਹਨ ਅਤੇ ਜੇਕਰ ਉਸਨੂੰ ਕੋਈ ਵੀ ਆਰਥਿਕ ਜਾਂ ਕਾਨੂੰਨੀ ਚਾਰਾਜੋਈ ਦੀ ਲੋੜ ਪੈਂਦੀ ਹੈ ਤਾਂ ਉਹ ਉਸ ਨੂੰ ਮੁਹੱਈਆ ਕਰਵਾਉਣਗੇ।ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਗੂਆਂ ਨੂੰ ਭੜਕਾਊ ਬਿਆਨ ਦੇਣ ਤੋਂ ਰੋਕੇ। ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੇ ਖਿਲਾਫ਼ ਬਿਆਨ ਦਿੰਦੀ ਹੈ। ਹੁਣ ਵੀ ਉਸ ਨੇ ਏਅਰਪੋਰਟ ਵਿਵਾਦ ਤੋਂ ਬਾਅਦ ਬਾਅਦ ਵਿਵਾਦਿਤ ਬਿਆਨ ਦਿੱਤਾ ਹੈ ਕਿ ਪੰਜਾਬ ਵਿਚ ਅੱਤਵਾਦ ਆ ਸਕਦਾ ਹੈ।
ਜੱਸੀ ਨੇ ਕਿਹਾ ਕਿ ਜੇਕਰ ਕਿਸੇ ਵਰਗ ਦੀਆਂ ਵੀ ਭਾਵਨਾਵਾਂ ਨੂੰ ਛੇੜਾਂਗੇ ਤਾਂ ਉਸਦਾ ਨਤੀਜਾ ਤਾਂ ਬੁਰਾ ਹੀ ਹੋਵੇਗਾ। ਕੰਗਣਾ ਰਣੌਤ ਨੂੰ ਚਾਹੀਦਾ ਹੈ ਕਿ ਉਹ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦੇਵੇ, ਪੰਜਾਬੀ ਵੀ ਭਾਰਤ ਦਾ ਹਿੱਸਾ ਹੈ ਅਤੇ ਉਹ ਵੀ ਭਾਰਤ ਦੀ ਤਰੱਕੀ ਵਿੱਚ ਵਡੇਰਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨਾਲ ਬੇਗਾਨਿਆਂ ਵਰਗਾ ਵਰਤਾਉ ਨਹੀਂ ਕਰਨਾ ਚਾਹੀਦਾ।ਉਨ੍ਹਾਂ ਕਿਹਾ ਕਿ ਭਾਵੇਂ ਉਹ ਹੱਥੋਪਾਈ ਦੇ ਹੱਕ ਵਿਚ ਨਹੀਂ ਹਨ ਪਰ ਕਈ ਵਾਰ ਭਾਵਨਾਵਾਂ ਦੇ ਵਹਿਣ ‘ਚ ਵਹਿ ਕੇ ਅਜਿਹਾ ਹੋ ਜਾਂਦਾ ਹੈ। ਸੋ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ੁਬਾਨ ਨੂੰ ਕਾਬੂ ਵਿਚ ਰੱਖਣ ਅਤੇ ਕਿਸੇ ਦਾ ਦਿਲ ਦੁਖਾਉਣ ਵਾਲੇ ਬਿਆਨ ਨਾ ਦੇਣ। ਸਗੋਂ ਦੇਸ਼, ਕੌਮ ਅਤੇ ਸਮਾਜ ਦੇ ਭਲੇ ਲਈ ਜ਼ੁਬਾਨ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਸਿਆਸੀ ਆਗੂਆਂ ਨੂੰ ਕਾਫ਼ੀ ਕੁਝ ਸਿੱਖਣਾ ਚਾਹੀਦਾ ਹੈ ਕਿ ਲੋਕ ਉਨ੍ਹਾਂ ਦੇ ਮੂੰਹ ‘ਚੋਂ ਨਿਕਲੇ ਸ਼ਬਦਾਂ ਨੂੰ ਕਿਵੇਂ ਦਿਲ ‘ਤੇ ਲਗਾ ਲੈਂਦੇ ਹਨ।
ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਇਹ ਗੱਲ ਪਹੁੰਚਾਵਾਂਗੇ ਕਿ ਭਾਵੇਂ ਕੰਗਣਾ ਰਣੌਤ ਇਕ ਸੀਟ ਜਿੱਤ ਗਈ ਹੈ ਪਰ ਉਹ ਬੀ.ਜੇ.ਪੀ. ਨੂੰ ਕਈ ਸੀਟਾਂ ਹਰਾਉਣ ਦਾ ਕਾਰਨ ਵੀ ਬਣੀ ਹੈ। ਸੋ ਇਹੋ ਜਿਹੇ ਵਿਵਾਦਿਤ ਅਤੇ ਭੜਕਾਊ ਬਿਆਨ ਦੇਣ ਵਾਲੇ ਆਗੂਆਂ ਨੂੰ ਟਿਕਟਾਂ ਨਾ ਦਿੱਤੀਆਂ ਜਾਣ।