ਨਿਊਯਾਰਕ, 21 ਮਈ (ਰਾਜ ਗੋਗਨਾ )-ਸਲਾਨਾ ਸਿੱਖ ਯੂਥ ਸਿਮਪੋਜ਼ੀਅਮ- 2024 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ ਓਹਾਇਓ ਦੇ ਸਿਨਸਿਨੈਟੀ (ਡੇਟਨ) ਅਤੇ ਨੇੜਲੇ ਸ਼ਹਿਰਾਂ ਤੋਂ ਸਿੱਖ ਬੱਚੇ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਗੁਰਦੁਆਰਾ ਸਾਹਿਬ ਵਿੱਖੇਂ ਇਕੱਠੇ ਹੋਏ। ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਦੀ ਸਰਪ੍ਰਸਤੀ ਹੇਠ ਆਯੋਜਿਤ ਇਸ ਪ੍ਰੋਗਰਾਮ ਵਿੱਚ 6 ਸਾਲ ਤੋਂ ਲੈ ਕੇ 22 ਸਾਲ ਤੱਕ ਦੇ 50 ਬੱਚਿਆਂ ਤੇ ਨੋਜਵਾਨਾਂ ਨੇ ਭਾਗ ਲਿਆ।
ਇਸ ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿਨਸਿਨਾਟੀ ਅਤੇ ਡੇਟਨ ਖੇਤਰ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ 4 ਮਹੀਨੇ ਪਹਿਲਾਂ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿਚੋਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਵਿੱਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ।ਇਸ ਸਾਲ ਪਹਿਲੇ ਗਰੁੱਪ ਨੂੰ “ਮਾਈ ਗੁਰੂਜ਼ ਬਲੈਸਿੰਗਜ਼”, ਦੂਜੇ ਨੂੰ “ਟੀਚਿੰਗ ਸਿੱਖ ਹੈਰੀਟੇਜ ਟੂ ਯੂਥ”, ਤੀਜੇ ਨੂੰ “20 ਮਿੰਟ ਗਾਈਡ ਟੂ ਦਿ ਸਿੱਖ ਫੇਥ” ਅਤੇ ਚੌਥੇ ਨੂੰ “ਕਲੈਸ਼ ਆਫ ਕਲਚਰ” ਪੁਸਤਕ ਦਿੱਤੀ ਗਈ। 1984 ਦੇ ਘੱਲੂਘਾਰੇ ਅਤੇ ਕਤਲੇਆਮ ਦੀ 40ਵੀ ਵਰ੍ਹੇਗੰਢ ਨੂੰ ਸਮਰਪਤ ਪੰਜਵੇਂ ਗਰੁੱਪ ਦਾ ਵਿਸ਼ਾ “1984 ਦਾ ਘੱਲੂਘਾਰਾ ਅਤੇ ਉਸ ਤੋਂ ਬਾਅਦ ਦਾ ਸਿੱਖ ਸੰਘਰਸ਼” ਰੱਖਿਆ ਗਿਆ ਹੈ। ਹਰ ਸਾਲ ਵਾਂਗ ਸਿਮਪੋਜ਼ੀਅਮ ਦੀ ਅਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੋਈ।
ਆਪਣੇ ਉਦਘਾਟਣੀ ਭਾਸ਼ਣ ਵਿੱਚ ਡਾ. ਕਿਰਨਪਾਲ ਸਿੰਘ ਸੰਘਾ ਨੇ ਭਾਗ ਲੈਣ ਨੌਜਵਾਨਾਂ, ਪਰਿਵਾਰ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਦੱਸਿਆ, “ਸਿਨਸਿਨੈਟੀ ਵਿਖੇ ਸਿਮਪੋਜ਼ੀਅਮ ਦੇ ਆਯੋਜਨ ਦਾ ਇਹ 20ਵਾਂ ਸਾਲ ਹੈ। 2023 ਦੀ ਸਿੱਖ ਕੋਲੀਸ਼ਨ ਦੀ ਰਿਪੋਰਟ ਅਨੁਸਾਰ ਲਗਭਰ 80% ਸਿੱਖ ਨੌਜਵਾਨਾਂ ਨਾਲ ਸਕੂਲ ਵਿੱਚ ਦੂਜੇ ਬੱਚਿਆਂ ਵਲੋਂ ਧੱਕੇਸ਼ਾਹੀ ਹੁੰਦੀ ਹੈ। ਸਿਮਪੋਜ਼ੀਅਮ ‘ਚ ਭਾਗ ਲੈਣ ਵਾਲੇ ਬੱਚਿਆਂ ਦਾ ਆਤਮ ਵਿਸ਼ਵਾਸ ਵਧੇਗਾ ਅਤੇ ਉਹ ਸਾਡੇ ਭਵਿੱਖ ਦੇ ਆਗੂ ਬਣ ਸਕਣਗੇ।ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪੁਰਸਕਾਰ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਹਰੇਕ ਗਰੁਪ ਦੇ ਜੇਤੂ ਬੱਚੇ ਓਹਾਇਓ ਅਤੇ ਪੈਨਸਿਲਵੇਨੀਆ ਸੂਬੇ ਦੇ ਹੋਰਨਾਂ ਸ਼ਹਿਰਾਂ ਦੇ ਜੇਤੂਆਂ ਨਾਲ ਕਲੀਵਲੈਂਡ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ। ਇਸ ਮੌਕੇ ਮਰਹੂਮ ਜੈਪਾਲ ਸਿੰਘ ਨੂੰ ਵੀ ਯਾਦ ਕੀਤਾ ਗਿਆ ਜਿਸ ਨੇ ਸਿੱਖ ਨੋਜਵਾਨਾਂ ਨੂੰ ਸਾਲ ਦਰ ਸਾਲ ਨਿਰਸਵਾਰਥ ਅਤੇ ਪੂਰੀ ਤਨਦੇਹੀ ਨਾਲ ਸਿੱਖਿਆ ਅਤੇ ਮਾਰਗਦਰਸ਼ਨ ਦਿੱਤਾ।
ਭਾਈਚਾਰੇ ਦੇ ਸੀਨੀਅਰ ਮੈਂਬਰ ਅਤੇ ਜੱਜ ਦੀ ਸੇਵਾ ਕਰ ਰਹੇ ਤਰਲੋਚਨ ਸਿੰਘ ਸੰਧਾਵਾਲੀਆ ਨੇ ਇਸ ਸਮਾਗਮ ਦੀ ਸਫਲਤਾ ਲਈ ਬੱਚਿਆਂ, ਅਧਿਆਪਕਾਂ, ਮਾਪਿਆਂ, ਸੇਵਾਦਾਰਾਂ ਅਤੇ ਪ੍ਰਬੰਧਕਾ ਦਾ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ। ਉੇਹਨਾਂ ਕਿਹਾ, “ਛੋਟੇ ਬੱਚਿਆਂ ਨੇ ਅੱਜ ਵੱਡੇ ਸੰਦੇਸ਼ ਦਿੱਤੇ, ਭਾਗ ਲੈਣ ਵਾਲੇ ਸਾਰੇ ਬੱਚੇ ਜੇਤੂ ਹਨ। ਮੈਂ ਆਸ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਇਨਾਂ ਬੱਚਿਆਂ ਨੂੰ ਹੋਰ ਗਿਆਨ ਦੇਣ ਅਤੇ ਗੁਰੂ ਨਾਨਕ ਦੀ ਫੁਲਵਾੜੀ ਨੂੰ ਹੋਰ ਵੱਡਾ ਅਤੇ ਸੁੰਦਰ ਬਣਾਉਣ।