ਪਹਿਲੀ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਮਜਦੂਰ ਜਮਾਤ ਵੱਲੋਂ ਮੁੱਖ ਤੌਰ ਤੇ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਬੇਮਿਸਾਲ ਹੜਤਾਲ ਕੀਤੀ ਗਈ। ਇਸ ਹੜਤਾਲ ਦੌਰਾਨ ਹੀ ਤਿੰਨ ਤੇ ਚਾਰ ਮਈ ਨੂੰ ਕੀਤੇ ਗਏ ਭਾਰੀ ਮੁਜਾਹਰਿਆਂ ਅੰਦਰ ਅਮਰੀਕੀ ਸਰਮਾਏਦਾਰੀ ਜਮਾਤ ਵੱਲੋਂ ਖੇਡੀ ਗਈ ਖੂਨੀ ਹੋਲੀ ਵਿਚ ਸੱਤ ਮਜਦੂਰ ਸ਼ਹੀਦ ਹੋਏ ਅਤੇ ਗ੍ਰਿਫਤਾਰ ਕੀਤੇ ਗਏ, ਚਾਰ ਮਜਦੂਰ ਆਗੂਆਂ ਸਪਾਈਸ, ਪਾਰਸਨਜ਼, ਈਸ਼ਰ ਤੇ ਏਂਜ਼ਲ ਨੂੰ ਝੂਠਾ ਮੁਕੱਦਮਾ ਚਲਾ ਕੇ ਝੂਠੀਆਂ ਗਵਾਹੀਆਂ ਦੇ ਆਧਾਰ ਤੇ 11 ਨਵੰਬਰ 1887 ਨੂੰ ਫਾਂਸੀ ਤੇ ਲਟਕਾਇਆ ਗਿਆ। ਹੋਰਨਾਂ ਅਨੇਕਾਂ ਆਗੂਆਂ ਨੂੰ ਲੰਬੀਆਂ ਸਜਾਵਾਂ ਸੁਣਾਈਆਂ ਗਈਆਂ। ਉਸ ਸਮੇਂ ਮਜਦੂਰ ਲਹਿਰ ਦੀ ਅਗਵਾਈ ਕਰਨ ਵਾਲੀ ਜਥੇਬੰਦੀ ‘ਅਮਰੀਕੀ ਫੈਡਰੇਸ਼ਨ ਆਫ ਲੇਬਰ’ਵੱਲੋਂ 1 ਮਈ 1890 ਨੂੰ ਕੌਮਾਂਤਰੀ ਮੁਜਾਹਰੇ ਦੇ ਦਿਨ ਵਜੋਂ ਮਨਾਉਣ ਦੇ ਫੈਸਲੇ ਤੋਂ ਬਾਅਦ ‘ਪਹਿਲੀ ਮਈ ਦਾ ਦਿਹਾੜਾ’‘ਕੌਮਾਂਤਰੀ ਮਜਦੂਰ ਦਿਹਾੜੇ’ ਵਜੋਂ ਦੁਨੀਆਂ ਭਰ ਦੀ ਮਜਦੂਰ ਜਮਾਤ ਤੇ ਦੱਬੇ-ਕੁਚਲੇ ਲੋਕਾਂ ਦਾ ਕੌਮਾਂਤਰੀ ਤਿਉਹਾਰ ਦਾ ਰੂਪ ਧਾਰਨ ਕਰ ਗਿਆ।
8 ਘੰਟੇ ਕੰਮ ਦਿਹਾੜੀ ਦੀ ਮੰਗ, ਪੂੰਜੀਵਾਦੀ ਗੁਲਾਮੀ ਤੋਂ ਮੁਕਤੀ ਵੱਲ ਕਦਮ
ਉਸ ਸਮੇਂ ਮਜਦੂਰ ਹੜਤਾਲ ਦੀ ਫੌਰੀ ਮੁੱਖ ਮੰਗ 8 ਘੰਟੇ ਦੀ ਕੰਮ ਦਿਹਾੜੀ ਹੋਣ ਕਾਰਨ ਇਸ ‘ਕੌਮਾਂਤਰੀ ਮਜਦੂਰ ਦਿਵਸ’ ਨੂੰ ਕੇਵਲ ਇਸੇ ਮੰਗ ਨਾਲ ਹੀ ਜੁੜੇ ਹੋਣ ਦੀ ਗਲਤ ਆਮ ਧਾਰਨਾ ਪਾਈ ਜਾਂਦੀ ਹੈ। ਸੰਸਾਰ ਪੱਧਰ ’ਤੇ ਰਸਮੀ ਕਾਨੂੰਨੀ ਤੌਰ ਤੇ ਇਸ ਮੰਗ ਦੇ ਸਵੀਕਾਰ ਹੋ ਜਾਣ ਉਪਰੰਤ ਇਸ ਦਿਹਾੜੇ ਨੂੰ ਸ਼ਿਕਾਗੋ ਦੇ ਉਨ੍ਹਾਂ ਸ਼ਹੀਦਾਂ ਦੀ ਯਾਦ ’ਚ ਕੀਤੇ ਜਾਂਦੇ ਸਮਾਗਮਾਂ / ਝੰਡਾ ਝੁਲਾਉਣ ਰਸਮਾਂ ਤੱਕ ਹੀ ਸੀਮਿਤ ਸਮਝਿਆ ਜਾਂਦਾ ਹੈ। ਜਦਕਿ ਇਹ ਧਾਰਨਾ ਭਟਕਾਊ ਤੇ ਹਕੀਕਤ ਤੋਂ ਕੋਹਾਂ ਦੂਰ ਹੈ। ਉਵੇਂ ਤਾਂ ਅਜੋਕੇ ਸਾਮਰਾਜੀ ਵਿਸ਼ਵੀਕਰਨ ਦੇ ਦੌਰ ਅੰਦਰ ਘੱਟ ਤੋਂ ਘੱਟ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਕਾਨੂਨੀ ਤੌਰ ਤੇ ਮੰਨੀ ਹੋਣ ਦੇ ਬਾਵਜੂਦ ਕਾਰਪੋਰੇਟ ਖੇਤਰ ਅਤੇ ਹੋਰਨਾਂ ਸੇਵਾਵਾਂ ਦੇ ਖੇਤਰਾਂ ਅੰਦਰ ਅਮਲੀ ਤੌਰ ਤੇ ਪੁੱਠਾ ਗੇੜ ਸ਼ੁਰੂ ਹੋ ਚੁਕਿਆ ਹੈ, ਪਰੰਤੂ ਇਤਿਹਾਸਿਕ ਤੇ ਜਮਾਤੀ ਨਜਰੀਏ ਤੋਂ ਦੇਖਿਆਂ, ਇਹ ਦਿਹਾੜਾ ਕਿਸੇ ਇਕ ਮੰਗ, ਕਿਸੇ ਇਕ ਕਾਰਖਾਨੇ ਜਾਂ ਕਿਸੇ ਇਕ ਮੁਲਕ ਨਾਲ ਨਹੀਂ ਜੁੜਿਆ ਹੋਇਆ।
ਸਗੋਂ ਇਹ ਦਿਹਾੜਾ ਤਾਂ ਦੁਨੀਆ ਭਰ ਦੀ ਸਮੁੱਚੀ ਮਜਦੂਰ ਜਮਾਤ ਤੇ ਦੱਬੇ ਕੁਚਲੇ ਲੋਕਾਂ ਵੱਲੋਂ ਸਾਮਰਾਜੀ – ਸਰਮਾਏਦਾਰੀ ਤੇ ਜਾਗੀਰੂ ਪ੍ਰਬੰਧ ਦੀ ਅੰਨ੍ਹੀ ਲੁੱਟ-ਖਸੁੱਟ ਅਤੇ ਜਮਾਤੀ ਵਿਤਕਰੇ ਤੋਂ ਮੁਕਤ ਸਮਾਜਿਕ ਆਰਥਿਕ ਪ੍ਰਬੰਧ ਕਾਇਮ ਕਰਨ ਲਈ ਲੜੇ ਜਾ ਰਹੇ ਸੰਘਰਸ਼ਾਂਨੂੰ ਜਾਰੀ ਰੱਖਣ ਦਾ ਅਤੇ ਇਸ ਨੂੰ ਅੰਤਿਮ ਜਿੱਤ ਤੱਕ ਪਹੁੰਚਾਉਣ ਦੇ ਪ੍ਰਣ ਦੁਹਰਾਉਣ ਦਾ ਪ੍ਰਤੀਕ ਹੈ।
ਉਨ੍ਹੀਵੀਂ ਸਦੀ ਦੇ ਮਜਦੂਰ ਸੰਘਰਸ਼ ’ਚ ਵੀ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਨੂੰ ਇਸ ਲੰਬੀ ਲੜਾਈ ਦੀ ਇਕ ਕੜੀ ਵਜੋਂ ਹੀ ਦੇਖਿਆ ਜਾਂਦਾ ਸੀ। ‘ਅਮਰੀਕੀ ਨੈਸ਼ਨਲ ਫੈਡਰੇਸ਼ਨ ਆਫ ਲੇਬਰ’ਵੱਲੋਂ ਵੀ ਇਸ ਨੂੰ ਇਉਂ ਬਿਆਨਿਆ ਗਿਆ ਸੀ, “ਇਸ ਦੇਸ਼ ਦੇ ਮਜਦੂਰਾਂ ਨੂੰ ਪੂੰਜੀਵਾਦੀ ਗੁਲਾਮੀ ਤੋਂ ਆਜਾਦ ਕਰਵਾਉਣ ਲਈ ਅੱਜ ਵੀ ਪਹਿਲੀ ਤੇ ਜਰੂਰੀ ਗੱਲ ਇਹ ਹੈ ਕਿ ਅਜਿਹਾ ਕਾਨੂੰਨ ਬਣਾਇਆ ਜਾਵੇ ਜਿਸ ਨਾਲ ਅਮਰੀਕਾ ਦੇ ਹਰ ਸੂਬੇ ਵਿਚ ਆਮ ਤੌਰ ਤੇ 8 ਘੰਟੇ ਦਾ ਕੰਮ ਲਿਆ ਜਾਵੇ।”ਮਜਦੂਰ ਜਮਾਤ ਦੇ ਮਹਾਨ ਰਹਿਬਰ ਕਾਰਲ ਮਾਰਕਸ ਦੀ ਅਗਵਾਈ ਹੇਠ ਜਥੇਬੰਦ ਹੋਈ ਕੌਮਾਂਤਰੀ ਜਥੇਬੰਦੀ ‘ਪਹਿਲੀ ਕੌਮਾਂਤਰੀ’ ਨੇ ਵੀ ਇਸ ਮੰਗ ਦੀ ਵਿਆਖਿਆ ਇਸੇ ਸੰਦਰਭ ’ਚ ਹੀ ਕੀਤੀ ਸੀ ਕਿ *”ਜਦੋਂ ਤੱਕ ਕੰਮ ਕਰਨ ਦੇ ਘੰਟਿਆਂ ਦੀ ਕਾਨੂੰਨੀ ਤੌਰ ਤੇ ਹੱਦ ਨਹੀਂ ਮਿਥੀ ਜਾਂਦੀ ਉਦੋਂ ਤੱਕ ਮਜਦੂਰ ਜਮਾਤ ਦੀ ਬਿਹਤਰੀ ਤੇ ਮੁਕਤੀ ਲਈ ਹੋਣ ਵਾਲੀਆਂ ਸਾਰੀਆਂ ਕੋਸ਼ਿਸ਼ਾਂ ਅਧੂਰੀਆਂ ਰਹਿ ਜਾਣਗੀਆਂ।”
ਫਾਂਸੀ ਦੇ ਤਖਤੇ ਤੋਂ ਸ਼ਹੀਦਾਂ ਦੀ ਵੰਗਾਰ
ਸੂਲੀ ਤੇ ਲਟਕ ਜਾਣ ਤੋ ਪਹਿਲਾਂ ਚਲਾਏ ਗਏ ਮੁੱਕਦਮੇ ਦੌਰਾਨ, ਮਜਦੂਰ ਲਹਿਰ ਦੇ ਸੂਰਬੀਰ ਯੋਧੇ ਸ਼ਹੀਦ ‘ਸਪਾਈਸ’ ਵਲੋ ਅਦਾਲਤ ਅੰਦਰ ਬੋਲੇ ਗਰਜਵੇਂ ਬੋਲ ਕਿ ” ਮੈਂ ਇਥੇ ਦੂਜੀਆਂ ਜਮਾਤਾਂ ਦੇ ਨੁਮਾਇੰਦਿਆ ਸਾਹਮਣੇ ਇਕ ਜਮਾਤ ਦੇ ਨੁਮਾਇੰਦੇ ਦੀ ਹੈਸੀਅਤ ’ਚ ਬੋਲ ਰਿਹਾ ਹਾਂ। ਜੇ ਤੁਸੀਂ ਸਮਝਦੇ ਹੋ ਕਿ ਸਾਨੂੰ ਫਾਹੇ ਲਾ ਕੇ ਮਜਦੂਰ ਲਹਿਰ ਦਾ ਗਲਾ ਘੁੱਟ ਸਕਦੇ ਹੋ ਤਾਂ ਲਾ ਦਿਓ ਫਾਹੇ, ਫਿਰ ਦੇਖਣਾ, ਤੁਸੀਂ ਚੰਗਿਆੜਿਆਂ ਉਪਰ ਚੱਲਗੇ ਹੋਵੋਗੇ, ਚੰਗਿਆੜੇ ਜਿਹੜੇ ਇਥੇ ਉਥੇ, ਤੁਹਾਡੇ ਅੱਗੇ-ਪਿਛੇ , ਹਰ ਥਾਂ ਭਾਂਬੜ ਬਣ ਕੇ ਮੱਚਣਗੇ। ਇਹ ਜਵਾਲਾ ਹੈ, ਜਵਾਲਾ ਜਿਸਨੂੰ ਤੁਸੀਂ ਬੁਝਾ ਨਹੀਂ ਸਕਦੇ …………।” ਵੀ ਇਸੇ ਸੱਚ ਨੂੰ ਉਜਾਗਰ ਕਰਦੇ ਹਨ। ‘ਮਈ ਦਿਵਸ’ ਦੇ ਦੂਜੇ ਅਮਰ ਸ਼ਹੀਦ ‘ਪਾਰਸਨਜ਼’ ਵੱਲੋਂ ਫਾਂਸੀ ਦੇ ਤਖਤੇ ਤੇ ਝੂਲ ਜਾਣ ਤੋਂ ਪਹਿਲਾਂ ਆਪਣੀ ਪਤਨੀ ਲੂਸੀ ਦੇ ਨਾਂ ਲਿਖੇ ਆਪਣੇ ਖਤ ’ਚ ਲਿਖੇ ਇਹ ਸ਼ਬਦ “ਕਾਸ਼ ! ਮੇਰਾ ਵੱਸ ਚਲਦਾ ਤਾਂ ਮੈਂ ਛਲ-ਕਪਟ ਤੇ ਜਬਰ-ਜੁਲਮ ਤੇ ਉਸਰੇ ਸੁਰੱਖਿਅਤ ਕਿਿਲ੍ਹਆਂ ਨੂੰ ਢਹਿ-ਢੇਰੀ ਕਰ ਦਿੰਦਾ ਤੇ ਉਨ੍ਹਾਂ ਖੰਡਰਾਂ ਉੱਪਰ ਮਨੁੱਖਤਾ ਦਾ ਝੰਡਾ ਗੱਡ ਦਿੰਦਾ ……..ਮੈਂ ਇਕ ਸਮਾਜਵਾਦੀ ਹਾਂ………ਸਮਾਜਵਾਦ, ਚੰਦ ਸ਼ਬਦਾਂ ’ਚ ਪੈਦਾਵਾਰ ਦੇ ਸਾਧਨਾਂ ਉਪਰ ਮਿਹਨਤਕਸ਼ ਲੋਕਾਂ ਦਾ ਆਜਾਦ ਹੱਕ ਹੈ, ਪੈਦਾਵਾਰ ਕਰਨ ਵਾਲਿਆਂ ਦਾ ਹੱਕ ਹੈ ……..।” ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਭਾਵੇਂ 8 ਘੰਟੇ ਦੀ ਕੰਮ ਦਿਹਾੜੀ ਮੁੱਖ ਮੰਗ ਸੀ, ਪਰ ਮਜਦੂਰ ਜਮਾਤ ਦੀ ਲਹਿਰ ਦਾ ਚੇਤੰਨ ਉਦੇਸ਼ ਸਰਮਾਏਦਾਰੀ ਪ੍ਰਬੰਧ ਨੂੰ ਫਨਾਹ ਕਰਕੇ ਇਸ ਦੇ ਖੰਡਰਾਂ ਤੇ ਝੰਡਾ ਗੱਡ ਕੇ ਲੁੱਟ ਤੇ ਜਬਰ ਤੋਂ ਮੁਕਤ ਸਮਾਜ ਦੀ ਸਿਰਜਣਾ ਸੀ।
‘ਕੌਮਾਂਤਰੀ ਮਜਦੂਰ ਦਿਹਾੜੇ’ ਦੀ ਇਨਕਲਾਬੀ ਵਿਰਾਸਤ
ਇਹੋ ਹੀ ਇਨਕਲਾਬੀ ਵਿਰਾਸਤ ਤੇ ਇਹੋ ਹੀ ਰੂਹ ਹੈ, ਕੌਮਾਂਤਰੀ ਮਜਦੂਰ ਦਿਹਾੜੇ ਮਈ ਦਿਵਸ ਦੀ। ਪਰੰਤੂ ਜਿਥੇ ਸਰਮਾਏਦਾਰ ‘ਮਈ ਦਿਹਾੜੇ’ ਦੀ ਇਸ ਰੂਹ ਨੂੰ ਕਤਲ ਕਰਨ ਲਈ ਅਤੇ ਇਸ ਦੀ ਇਨਕਲਾਬੀ ਵਿਰਾਸਤ ਨੂੰ ਧੁੰਦਲਾ ਕਰਨ ਲਈ ਇਸ ਦਿਹਾੜੇ ਨੂੰ ਕਿਰਤੀਆਂ ਦੇ ਇਕ ਦਿਹਾੜੇ ਵਜੋਂ ਇਕ ਦਿਨ ਦੀ ਛੁੱਟੀ ਕਰਕੇ, ਮਜਦੂਰਾਂ ਨੂੰ ਤੁੱਛ ਤੋਹਫੇ ਆਦਿ ਭੇਟ ਕਰਕੇ ਜਾਂ ਅਜਿਹੇ ਹੋਰ ਕਈ ਖੇਖਣ ਕਰਕੇ, ਮਜਦੂਰ ਜਮਾਤ ਨੂੰ ਭਰਮਾਉਣ ਤੇ ਕੁਚਲਣ ਦਾ ਯਤਨ ਕਰਦੀ ਹੈ, ਉਥੇ ਮਜਦੂਰਾਂ-ਮੁਲਾਜਮਾਂ ਦੇ ਹਿੱਤਾਂ ਦਾ ਦਮ ਭਰਨ ਵਾਲੀਆਂ ਬਹੁਤ ਸਾਰੀਆਂ ਜਥੇਬੰਦੀਆਂ / ਪਾਰਟੀਆਂ ਵੱਲੋਂ ਵੀ ਇਸ ਦਿਹਾੜੇ ਨਾਲ ਜੁੜੀ ਸਰਗਰਮੀ ਤੇ ਸਮਾਗਮਾਂ ਨੂੰ ਮਜਦੂਰਾਂ-ਮੁਲਾਜਮਾਂ ਦੀਆਂ ਰੋਜ਼ ਮਰ੍ਹਾ ਦੀਆਂ ਮੰਗਾਂ ਤੇ ਮਸਲਿਆਂ ਦੇ ‘ਮੰਗ ਦਿਵਸ’ ਵਜੋਂ ਮਨਾਉਣ ਤੱਕ ਹੀ ਸੀਮਿਤ ਕੀਤਾ ਜਾਂਦਾ ਹੈ। ਇਨ੍ਹਾ ਰੋਜ਼ ਮਰ੍ਹਾ ਦੀਆਂ ਮੰਗਾਂ ਨੂੰ ਤੇ ਸੰਘਰਸ਼ਾਂ ਨੂੰ ਬੁਨਿਆਦੀ ਸਮਾਜਿਕ ਤਬਦੀਲੀ ਦੇ ਅੰਤਿਮ ਨਿਸ਼ਾਨੇ ਦੇ ਸੰਦਰਭ ’ਚ ਰੱਖ ਕੇ ਨਹੀਂ ਦੇਖਿਆ ਜਾਂਦਾ ਤੇ ਇਉਂ ਉਨ੍ਹਾਂ ਵਲੋਂ ਵੀ ਇਸ ਕੌਮਾਂਤਰੀ ਮਜਦੂਰ ਦਿਹਾੜੇ ਦੀ ਇਨਕਲਾਬੀ ਵਿਰਾਸਤ ਨੂੰ ਖੋਰਾ ਲਾਇਆ ਜਾਂਦਾ ਹੈ। ਸਗੋਂ ਉਨ੍ਹਾ ਵਲੋਂ ਮਜਦੂਰ ਜਮਾਤ ਦੀ ਮੁਕਤੀ ਲਈ ਬੁਨਿਆਦੀ ਸਮਾਜਿਕ ਤਬਦੀਲੀ ਦੀ ਬਜਾਇ ਚੋਣਾਂ ਰਾਹੀ ਹਾਕਮ ਜਮਾਤੀ ਪਾਰਟੀਆਂ ਦੀ ਇਕ ਜਾਂ ਦੂਜੀ ਸਰਕਾਰ ਨੂੰ ਹਰਾਉਣਾ ਜਾਂ ਜਿਤਾਉਣਾ ਹੀ ਅੰਤਿਮ ਨਿਸ਼ਾਨਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜਦ ਕਿ ਸਾਮਰਾਜੀ ਵਿਸ਼ਵੀਕਰਨ ਦੀ ਨੀਤੀ ਤਹਿਤ ਅੱਜ ਸਭਨਾਂ ਵੰਨਗੀ ਦੀਆਂ ਹਾਕਮ ਜਮਾਤੀ ਪਾਰਟੀਆਂ ਦੀਆਂ ਸਰਕਾਰਾਂ, ਸਾਮਰਾਜੀ ਵਿੱਤੀ ਸੰਸਥਾਵਾਂ, ‘ਸੰਸਾਰ ਬੈਂਕ-ਮੁਦਰਾ ਕੋਸ਼-ਵਿਸ਼ਵ ਵਪਾਰ ਸੰਸਥਾ’ ਦੀ ਤਿੱਕੜੀ ਵੱਲੋਂ ਨਿਰਦੇਸ਼ਤ ‘ਖੁਲ੍ਹੀ ਮੰਡੀ-ਖੁੱਲ੍ਹਾ ਵਪਾਰ’ ਦੇ ਨਵ-ਉਦਾਰਵਾਦੀ ਏਜੰਡੇ ਨੂੰ ਲਾਗੂ ਕਰਨ ਤੇ ਇਕ ਮੱਤ ਹਨ। ਇਸੇ ਏਜੰਡੇ ਤਹਿਤ ਹੀ ਉਹ ਗਰੀਬ ਮਜਦੂਰਾਂ, ਕਿਸ਼ਾਨਾ, ਦਲਿਤਾਂ, ਆਦਿ-ਵਾਸੀਆਂ ਤੇ ਛੋਟੇ ਕਾਰੋਬਾਰੀਆਂ ਨੂੰ ਕੰਗਾਲ ਕਰਨ ਤੇ ਉਜਾੜਨ ਵਾਲੇ, ਰੁਜਗਾਰ ਦੇ ਵਸੀਲਿਆਂ ਨੂੰ ਖੋਹਣ ਵਾਲੇ, ਪੱਕੇ ਰੁਜਗਾਰ ਦੀ ਥਾਂ ਠੇਕਾ ਭਰਤੀ / ਆਊਟਸੋਰਸਿੰਗ ਪ੍ਰਣਾਲੀ ਵਾਲੇ, ਪੈਨਸ਼ਨ ਵਰਗੀਆਂ ਹਰ ਕਿਸਮ ਦੀਆਂ ਪਹਿਲਾਂ ਮਿਲ ਗਈਆਂ ਆਰਥਿਕ ਤੇ ਸਮਾਜਿਕ ਸਹੂਲਤਾਂ ’ਤੇ ਕੈਂਚੀ ਫੇਰਨ ਵਾਲੇ, ਸਰਕਾਰੀ ਤੇ ਪਬਲਿਕ ਸੈਕਟਰ ਦੇ ਸਮੂਹ ਅਦਾਰਿਆਂ ਦਾ ਭੋਗ ਪਾ ਕੇ, ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਤਿਜੋਰੀਆਂ ਭਰਨ ਵਾਲੇ ਜੀ.ਡੀ.ਪੀ. ਮਾਰਕਾ “ਆਰਥਿਕ ਵਿਕਾਸ ਮਾਡਲ” ਨੂੰ ਇਕ ਦੂਜੇ ਨਾਲੋਂ ਅੱਗੇ ਵੱਧ ਕੇ ਜ਼ੋਰ-ਸ਼ੋਰ ਨਾਲ ਲਾਗੂ ਕਰਨ ਲਈ ਤਹੂ ਹਨ। ਮੋਦੀ ਦੇ ‘ਮੇਕਇਨ ਇੰਡੀਆ’, ‘ਸਮਾਰਟ ਇੰਡੀਆ’, ‘ਡਿਜੀਟਲ ਇੰਡੀਆ’, ‘ਕੈਸ਼ਲੈਸ ਇੰਡੀਆ’, ‘ਨੋਟਬੰਦੀ’ ਆਦਿ ਅਤੇ 2047 ਦੇ 10 ਖ਼ਰਬ ਡਾਲਰ ਜੀਡੀਪੀ ਵਾਲੇ ‘ਵਿਕਸਤ ਭਾਰਤ’ ਦੇ ਸ਼ਬਦੀ ਮਾਇਆ ਜਾਲ ਰਾਹੀਂ ਪ੍ਰਚਾਰੇ ਜਾ ਰਹੇ ਪ੍ਰਾਜੈਕਟ ਵੀ ਇਸੇ ਕਾਰਪੋਰੇਟ ਵਿਕਾਸ ਮਾਡਲ ਦਾ ਹੀ ਹਿੱਸਾ ਹਨ।
ਕੇਂਦਰ/ਰਾਜ ਸਰਕਾਰਾਂ ਵੱਲੋਂ ਪਹਿਲਾਂ ਹੀ ਲਾਗੂ ਕੀਤੇ ਜਾ ਰਹੇ ਕਾਰਪੋਰੇਟ ਪੱਖੀ ਨਵ-ਉਦਾਰਵਾਦੀ ਏਜੰਡੇ ਨੂੰ, ਕੋਰੋਨਾ ਮਹਾਂ-ਮਾਰੀ ਸੰਕਟ ਦੀ ਆੜ ‘ਚ ਹੋਰ ਅੱਗੇ ਵਧਾਇਆ ਗਿਆ।ਸਰਕਾਰਾਂ ਵੱਲੋਂ ਅਰਬਾਂ-ਖਰਬਾਂ ਰੁਪਏ ਦੀਆਂ ਛੋਟਾਂ/ ਰਿਆਇਤਾਂ ਦਾ ਆਨੰਦ ਮਾਣਦੇ ਅਤੇ ਭਾਰੀ ਮੁਨਾਫ਼ੇ ਬਟੋਰਦੇ ਸਨਅਤੀ-ਕਾਰਪੋਰੇਟ ਘਰਾਣਿਆਂ ਉੱਪਰ ਕੋਰੋਨਾ ਸੰਕਟ ਦਾ ਭਾਰ ਪਾਉਣ ਦੀ ਬਜਾਇ,ਪਹਿਲਾਂ ਹੀ ਤਨਖ਼ਾਹ/ਭੱਤਿਆਂ/ਪੈਨਸ਼ਨ ਕਟੌਤੀ ਦੀ ਮਾਰ ਝੱਲ ਰਹੇ ਤੇ ਠੇਕਾ ਭਰਤੀ ਦਾ ਸ਼ਿਕਾਰ ਹੋਏ,ਮੁਲਾਜ਼ਮ-ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੇਂਦਰ ਦੀ ਮੋਦੀ ਸਰਕਾਰ ਨੇ ਤਾਂ ‘ਕਰੋਨਾ ਲਾਕਡਾਊਨ’ ਦੇ ਸਹਾਰੇ ਸਵਾ ਕਰੋੜ ਦੇ ਲਗਭਗ ਕੇਂਦਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮਿਲਣ ਵਾਲੀਆਂ ਤਿੰਨ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ‘ਲਾਕ’ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਕਾਰਪੋਰੇਟ ਏਜੰਡੇ ਤਹਿਤ ਹੀ,ਕਿਰਤ ਕਾਨੂੰਨਾਂ ਦੀ ਸੋਧ ਵੱਜੋਂ,ਮਈ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਰਾਹੀਂ ਹਾਸਿਲ ਕੀਤੀ 8 ਘੰਟੇ ਦੀ ਕੰਮ ਦਿਹਾੜੀ ਵਧਾ ਕੇ 12 ਘੰਟੇ ਕਰਨ ਅਤੇ ‘ਇੰਡਸਟਰੀਅਲ ਡਿਸਪਿਊਟ ਐਕਟ’ ਤਹਿਤ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਦੇ ਮਿਲੇ ਅਧਿਕਾਰ ਉੱਪਰ ਸਾਲ-ਦੋ ਸਾਲ ਲਈ ਪਾਬੰਦੀ ਲਾਉਣ ਦੀਆਂ ਯੋਜਨਾ ਘੜੀ ਗਈ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇੱਕ ਗਿਣੀ-ਮਿਥੀ ਸਾਜਿਸ਼ ਰਾਹੀਂ ਮੁਲਕ ਭਰ ਅੰਦਰ ਕੋਰੋਨਾ ਫੈਲਾਉਣ ਦਾ ਭਾਂਡਾ ਘੱਟ ਗਿਣਤੀ ਮੁਸਲਮਾਨ ਫਿਰਕੇ ਸਿਰ ਭੰਨ੍ਹ ਕੇ, ਫਿਰਕੂ-ਪਾਲਾਬੰਦੀ ਕਰਨ ਦੀ ਆਪਣੀ ਨੀਤੀ ਨੂੰ ਹੋਰ ਪੱਕੇ ਪੈਰੀਂ ਕਰ ਕੀਤਾ ਗਿਆ। ਤੇ ਨਾਲ ਦੀ ਨਾਲ ਹੀ ਮਜ਼ਦੂਰਾਂ ,ਕਿਸਾਨਾਂ, ਵਿਦਿਆਰਥੀਆਂ,ਦਲਿਤਾਂ,ਆਦਿਵਾਸੀਆਂ ਤੇ ਘੱਟ ਗਿਣਤੀਆਂ ਦੇ ਹੱਕ’ਚ ਆਵਾਜ ਉਠਾਉਣ ਵਾਲੇ ਅਤੇ ਸਰਕਾਰ ਦੀਆਂ ਨੀਤੀਆਂ ਉੱਪਰ ਕਿੰਤੂ ਕਰਨ ਵਾਲੇ ਲੇਖਕਾਂ,ਪੱਤਰਕਾਰਾਂ,ਬੁੱਧੀ-ਜੀਵੀਆਂ ਅਤੇ ‘ਨਾਗਰਿਕਤਾ ਸੋਧ ਕਨੂੰਨ’ ਅੰਦੋਲਨ ਦੀ ਅਗਵਾਈ ਕਰਨ ਵਾਲੇ ਨੌਜੁਆਨਾਂ-ਵਿਿਦਆਰਥੀਆਂ ਨੂੰ “ਸ਼ਹਿਰੀ ਨਕਸਲੀ”,“ਜਿਹਾਦੀ”, “ਦੇਸ਼ ਧ੍ਰੋਹੀ” ਆਦਿ ਗਰਦਾਨ ਕੇ ਦੇਸ਼ ਧ੍ਰੋਹ ਦੇ ਝੂਠੇ ਕੇਸਾਂ ‘ਚ ਫਸਾ ਕੇ ਜੇਲ੍ਹਾਂ ’ਸੁੱਟਿਆ ਗਿਆ। ਇਸੇ ਕਾਰਪੋਰੇਟ- ਫਿਰਕੂ-ਫਾਸ਼ੀਵਾਦ ਦੇ ਜੜੁੱਤ ਏਜੰਡੇ ਨੂੰ ਮੋਦੀ ਸਰਕਾਰ ਵੱਲੋਂ ਮੁਲਕ ਦੀਆਂ ਸਮੂਹ ਸੰਵਿਧਾਨਿਕ ਸੰਸਥਾਵਾਂ ਦੇ ਮੁਕੰਮਲ ਕੇਂਦਰੀਕਰਨ ਰਾਹੀਂ, ਰਾਜਾਂ ਦੇ ਸੰਵਿਧਾਨਿਕ-ਕਨੂੰਨੀ ਅਧਿਕਾਰਾਂ ਨੂੰ ਉਲੰਘ ਕੇ ਹੋਰ ਅੱਗੇ ਵਧਾਇਆ ਜਾ ਰਿਹਾ ਹੈ।ਮਜਦੂਰ ਵਿਰੋਧੀ 4 ‘ਲੇਬਰ ਕੋਡ’,ਕਿਸਾਨ ਵਿਰੋਧੀ ‘ਤਿੰਨ ਖੇਤੀ ਕਾਨੂੰਨਾਂ’ ਦੀ ਵਾਪਸੀ ਦਾ ਕੌੜਾ ਅੱਕ ਚੱਬਣ ਤੋਂ ਬਾਅਦ,’ਐਮ.ਐਸ.ਪੀ’ ਦੀ ਕਾਨੂੰਨੀ ਗਰੰਟੀ ਤੇ ਹੋਰ ਲਟਕਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੋਣਾ,ਸਿੱਖਿਆ ਦੇ ਕਾਰਪੋਰੇਟੀਕਰਨ, ਕੇਂਦਰੀਕਰਨ ਤੇ ਫਿਰਕੂਕਰਨ ਵਾਲੀ ‘ਕੌਮੀ ਸਿੱਖਿਆ ਨੀਤੀ-2020’ ਨੂੰ ਸਮੁੱਚੇ ਮੁਲਕ ਉੱਪਰ ਮੜ੍ਹਨਾ, ‘ਬਿਜਲੀ ਸੋਧ ਬਿੱਲ’,’ਜੰਗਲ ਸੋਧ ਬਿੱਲ’,’ਨਾਗਰਿਕਤਾ ਸੋਧ ਬਿੱਲ’,’ਇੱਕਸਾਰ ਸਿਵਲ ਕੋਡ’,’ਕੌਮੀ ਜਲ ਨੀਤੀ’ ਆਦਿ ਲਾਗੂ ਕੀਤੇ ਜਾ ਰਹੇ ਕਾਨੂੰਨ ਉਸੇ ਕਾਰਪੋਰੇਟ- ਫਿਰਕੂ-ਫਾਸ਼ੀ ਏਜੰਡੇ ਦੀ ਪੂਰਤੀ ਦੇ ਸਾਧਨ ਹੀ ਹਨ। ਸੰਵਿਧਾਨਿਕ ਅਹੁਦਿਆਂ ‘ਤੇ ਬਿਰਾਜਮਾਨ ਸਖ਼ਸ਼ੀਅਤਾਂ- ਪ੍ਰਧਾਨ ਮੰਤਰੀ,ਮੁੱਖ ਮੰਤਰੀਆਂ ਵੱਲੋਂ ਸੰਵਿਧਾਨ ਦੀ ਮੂਲ ਭਾਵਨਾ ‘ਧਰਮ ਨਿਰਲੇਪਤਾ’ ਦੀ ਉਲੰਘਣਾ ਕਰ ਕੇ ਇੱਕ ਧਰਮ ਵਿਸ਼ੇਸ਼ ਦੀ ਪੁਸ਼ਤ-ਪਨਾਹੀ ਕਰਨੀ ਵੀ ਉਕਤ ਏਜੰਡੇ ਦੀ ਦਿਸ਼ਾ- ਸੇਧ ਵੱਲ ਪੁੱਟੇ ਜਾ ਰਹੇ ਕਦਮ ਹਨ।
ਸਾਮਰਾਜ ਵਿਰੋਧੀ ਜਮਾਤੀ ਸੰਘਰਸ਼ਾਂ ਦਾ ਝੰਡਾ ਬੁਲੰਦ ਰੱਖੋ
ਅੱਜ ਦਾ ਮਈ ਦਿਹਾੜਾ ਜਿਥੇ ਕੌਮੀ ਪੱਧਰ ਤੇ ਸਾਮਰਾਜੀ ਨੀਤੀਆਂ ਕਾਰਨ ਪੈਦਾ ਹੋਈਆਂ ਉਕਤ ਗੰਭੀਰ ਚੁਣੌਤੀਆਂ ਸੰਗ ਭਿੜਨ ਦਾ ਤਹੱਈਆ ਕਰਨ ਦਾ ਦਿਹਾੜਾ ਹੈ ਉਥੇ ਕੌਮਾਂਤਰੀ ਪੱਧਰ ਤੇ ਵੀ ਅਮਰੀਕਾ ਦੀ ਅਗਵਾਈ ਹੇਠ ਸਾਮਰਾਜੀ ਸ਼ਕਤੀਆਂ ਵੱਲੋਂ ਵੱਖ-ਵੱਖ ਮੁਲਕਾਂ ਦੀ ਖੁਦ-ਮੁਖਤਿਆਰੀ ਤੇ ਪ੍ਰਭੂਸਤਾ ਭੰਗ ਕਰਨ, ਉਨ੍ਹਾਂ ਅੰਦਰ ਸਿੱਧੀ ਫੌਜੀ ਦਖਲ ਅੰਦਾਜੀ ਰਾਹੀਂ (ਅਫਗਾਨਿਸਤਾਨ,ਇਰਾਕਲਿਬੀਆ, ਸੀਰੀਆ ਤੋਂ ਬਾਅਦ ਹੁਣ ਫ਼ਲਸਤੀਨ ) ਅਤੇ ਅਸਿੱਧੇ ਨਵਉਦਾਰਵਾਦੀ ਏਜੰਡੇ ਰਾਹੀਂ ਸੱਤਾ ਪਲਟਣ ਜਾਂ ਨੀਤੀਆਂ ਨੂੰ ਸਾਮਰਾਜ ਪੱਖੀ ਮੋੜਾ ਦਿਵਾਉਣ ਦੇ ਕੀਤੇ ਜਾ ਰਹੇ ਕੁਕਰਮਾਂ ਵਿਰੁੱਧ ਵੀ ਆਵਾਜ ਬੁਲੰਦ ਕਰਨ ਦੀ ਮੰਗ ਕਰਦਾ ਹੈ।
ਅੱਜ ਦਾ ਮਈ ਦਿਹਾੜਾ ਜੋਕਿ ਹਾਕਮ ਜਮਾਤੀ ਪਾਰਟੀਆਂ ਵੱਲੋਂ,ਚੱਲ ਰਹੀ ਪਾਰਲੀਮੈਂਟ ਚੋਣ ਅੰਦਰ ਕੀਤੀ ਜਾ ਰਹੀ ਚੋਣ ਸਰਗਰਮੀ ਦੌਰਾਨ ਮਨਾਇਆ ਜਾਣਾ ਹੈ,ਇਸ ਲਈ ਇਨ੍ਹਾਂ ਹਕੂਮਤੀ ਪਾਰਟੀਆਂ ਵੱਲੋਂ ਫੈਲਾਏ ਜਾ ਰਹੇ ਚੋਣ ਭਰਮ ਤੋਂ ਮੁਕਤ ਹੋ ਕੇ,ਸਮੂਹ ਪੀੜਤ ਵਰਗਾਂ ਦੀਆਂ ਸਾਂਝੀਆਂ ਮੰਗਾਂ/ਮਸਲਿਆਂ ਨੂੰ ਬੁਨਿਆਦੀ ਨੀਤੀਆਂ ਨਾਲ ਜੋੜਦਿਆਂ, ਲੁੱਟ-ਖਸੁੱਟ ਤੇ ਜਮਾਤੀ ਵਿਤਕਰੇ ਤੋਂ ਮੁਕਤ ਸਮਾਜ ਦੀ ਸਿਰਜਣਾ ਦੇ ਸੰਦਰਭ ’ਚ ਰੱਖ ਕੇ, ਸਾਂਝੇ ਜਮਾਤੀ ਸੰਘਰਸ਼ਾਂ ਨੂੰ ਵਿੱਢਣ ਤੇ ਜਾਰੀ ਰੱਖਣ ਦਾ ਪ੍ਰਣ ਕਰਨ ਦਾ ਦਿਹਾੜਾ ਹੈ।
ਯਸ਼ ਪਾਲ ਵਰਗ ਚੇਤਨਾ
ਸੰਪਰਕ: (98145-35005)