ਗੁਰਮੀਤ ਸਿੰਘ ਪਲਾਹੀ:-
ਇਕੱਲੇ ਮਾਰਸ਼ਲ ਪੰਜਾਬੀ ਨਰਪਾਲ ਸਿੰਘ ਸ਼ੇਰਗਿੱਲ ਨੇ ਇਹ ਪਰਿਕਰਮਾ ਕਰਕੇ ਸਮੁੰਦਰ ‘ਚੋਂ ਹੀਰੇ ਚੁਣੇ ਹਨ, ਉਹਨਾ ਨੂੰ ਤ੍ਰਾਸ਼ਿਆ ਹੈ, ਇੱਕ ਥਾਂ ਪਰੋਇਆ ਹੈ, ਸੰਜੋਇਆ ਹੈ। ਸ਼ੇਰਗਿੱਲ ਸੱਚਮੁੱਚ ਵਧਾਈ ਦਾ ਪਾਤਰ ਹੈ। ਇਹੋ ਜਿਹਾ ਕੰਮ ਇਕੱਲੇ ਇਕਹਿਰੇ ਵਿਅਕਤੀ ਦਾ ਨਹੀਂ ਹੁੰਦਾ, ਵੱਡੀਆਂ ਸੰਸਥਾਵਾਂ ਹੀ ਇਹੋ ਜਿਹੇ ਨਿਵੇਕਲੇ ਕਾਰਜਾਂ ਨੂੰ ਹੱਥ ਪਾਉਂਦੀਆਂ ਹਨ, ਜਿਹਨਾ ਪੱਲੇ ਧੰਨ ਹੋਵੇ, ਸਾਧਨ ਹੋਣ, ਜਿਹਨਾ ਕੋਲ ਇਮਾਨਦਾਰ ਕਿਰਤੀ ਕਾਮੇ ਹੋਣ, ਸੁਚੱਜੀ ਸੁੱਚੀ ਸੋਚ ਹੋਵੇ ਅਤੇ ਕੰਮ ਪੂਰਾ ਕਰਨ ਲਈ ਦ੍ਰਿੜਤਾ।
ਜੇਕਰ ਇਕੋ ਵਿਅਕਤੀ ਪਿਛਲੇ 22 ਵਰਿਆਂ ਤੋਂ ਪੂਰੀ ਲਗਨ, ਮਿਹਨਤ, ਸ਼ਿੱਦਤ, ਇਕਾਗਰਤਾ, ਤੁਅੱਸਬ ਨਾਲ ਪਹਾੜ ਜਿੱਡੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਤੁਲਿਆ ਹੋਵੇ ਤਾਂ ਕੀ ਉਹ ਕਿਸੇ ਸੰਸਥਾ ਵਿਸ਼ੇਸ਼ ਤੋਂ ਘੱਟ ਹੋਏਗਾ? ਜਿਸ ਨੇ ਤਨੋਂ, ਮਨੋਂ ਆਪਣੇ ਜੀਵਨ ਦੇ ਕੀਮਤੀ ਵਰ੍ਹੇ ਪੰਜਾਬੀ ਪ੍ਰਵਾਸੀਆਂ ਨੂੰ ਇੱਕ ਕਲਾਵੇ 'ਚ ਲੈਣ ਲਈ ਹਰ ਪਲ, ਹਰ ਛਿੰਨ, ਹਰ ਘੜੀ ਯਤਨ ਹੀ ਨਾ ਕੀਤਾ ਹੋਵੇ, ਸਗੋਂ ਵੱਡੇ ਕਾਰਜ ਨੂੰ ਇੱਕ ਚੈਲਿੰਜ ਵਜੋਂ ਲੈ ਕੇ ਸਿਰੇ ਵੀ ਚਾੜ੍ਹਿਆ ਹੋਵੇ। ਕੀ ਇਹੋ ਜਿਹਾ 'ਉਦਮੀ ਜੀਊੜਾ' ਸਾਡੇ ਸਭਨਾਂ ਦੀ ਪ੍ਰਸੰਸਾ ਦਾ ਹੱਕਦਾਰ ਨਹੀਂ?
ਇਹ ਕਾਰਜ ਉਸਨੇ ਘਰ ਬੈਠਿਆਂ, ਇੰਟਰਨੈਟ ਰਾਹੀਂ ਜਾਂ ਪੁਸਤਕਾਂ ਦੇ ਜ਼ਰੀਏ ਨਹੀਂ ਸਗੋਂ ਪੂਰੀ ਦੁਨੀਆਂ ਦੇ ਵੱਖੋ-ਵੱਖਰੇ ਖਿੱਤਿਆਂ 'ਚ ਭਰਮਣ ਕਰਕੇ, ਜਿਧਰੇ ਕਿਧਰੇ ਵੀ ਪੰਜਾਬੀ ਮਿਲੇ, ਪੰਜਾਬੀ-ਭਾਰਤੀ ਉਦਮੀ ਮਿਲੇ, ਉਹਨਾ ਤੱਕ ਨਿੱਜੀ ਪਹੁੰਚ ਕਰਕੇ ਪ੍ਰਮਾਣਿਕ ਜਾਣਕਾਰੀ ਇਕੱਤਰ ਕੀਤੀ, ਬਿਨਾਂ ਕਿਸੇ ਭੇਦ-ਭਾਵ ਅਤੇ ਬਿਨਾਂ ਕਿਸੇ ਸੰਕੀਕਰਨ ਸੋਚ ਦੇ। ਪਿਛਲੇ 22 ਸਾਲਾਂ 'ਚ ਹਰ ਸਾਲ ਪਹਿਲੀ ਛਪੀ ਅੰਗਰੇਜ਼ੀ, ਪੰਜਾਬੀ ਐਡੀਸ਼ਨ 'ਚ ਵਾਧਾ ਕਰਦਿਆਂ 25ਵੇਂ ਸੰਸਕਰਨ 'ਚ ਭਰਵੀਂ ਜਾਣਕਾਰੀ ਦੇ ਕੇ ਖਾਸ ਕਰਕੇ ਪੰਜਾਬੀਆਂ ਦੇ ਦੇਸ਼ ਵਿਦੇਸ਼ ਵਿਚ ਕੀਤੇ ਵਿਸ਼ਾਲ ਕੰਮਾਂ, ਉਹਨਾਂ ਵੱਲੋਂ ਕਮਾਏ ਜੱਸ, ਉਹਨਾਂ ਵੱਲੋਂ ਉਥੋਂ ਦੇ ਲੋਕਾਂ 'ਚ ਬਣਾਏ ਆਪਣੇ ਸੁਚੱਜੇ ਅਕਸ, ਚੰਗੀ ਭੱਲ, ਚੰਗੀ ਛਾਪ ਨੂੰ ਇਕ ਮਾਲਾ ਦੀ ਲੜੀ 'ਚ ਪ੍ਰੋਇਆ ਹੈ। ਇਸ ਵਿਲੱਖਣ, ਨਿਵੇਕਲੇ, ਉਦਾਹਰਨੀ ਕੰਮ ਨੂੰ ਨੇਪਰੇ ਚਾੜ੍ਹਨ ਲਈ, ਉਹਨਾ ਨਾਲ ਸਾਂਝ ਪਾਉਣ ਲਈ ਵਪਾਰਕ ਮਸ਼ਹੂਰੀ ਰਾਹੀਂ ਉਸਨੇ ਭਰਪੂਰ ਹਿੱਸਾ ਪਾਇਆ ਹੈ।
ਦੁਨੀਆਂ ਦੇ 50 ਦੇਸ਼ਾਂ ਦੇ ਉਹ ਪ੍ਰਵਾਸੀ ਪੰਜਾਬੀ ਕਾਰੋਬਾਰੀਏ, ਜਿਹਨਾਂ ਦੀ ਦੌਲਤ 2 ਕਰੋੜ ਤੋਂ 4000 ਕਰੋੜ ਰੁਪਏ ਤੱਕ ਹੈ, ਅਤੇ ਜਿਹਨਾਂ ਦੇ ਆਪਣੇ ਜਾਇਦਾਦ ਵੇਚਣ ਖਰੀਦਣ ਦੇ ਦਫ਼ਤਰ ਹਨ, ਕਾਨੂੰਨੀ ਸਹਾਇਤਾ ਅਤੇ ਇਮੀਗਰੇਸ਼ਨ ਦੇ ਜਿਨਾਂ ਦੇ ਵੱਡੇ ਕਾਰੋਬਾਰ ਹਨ, ਜਿਹੜੇ ਟੂਰ ਅਤੇ ਟ੍ਰੈਵਲ, ਫਾਰੈਨ ਐਕਸਚੇਂਜ, ਹੋਟਲਾਂ, ਰੈਸਟੋਰੈਂਟਾਂ, ਵਿਦਿਅਕ ਸੰਸਥਾਵਾਂ, ਸਿਹਤ ਕੇਂਦਰਾਂ ਦੇ ਜਿਹੜੇ ਮਾਲਕ ਹਨ, ਅਤੇ ਜਿਹੜੇ ਆਯਾਤ ਨਿਰਯਾਤ ਦੇ ਕਿੱਤੇ ਨਾਲ ਜੁੜ ਕੇ ਬੇਅੰਤ ਧੰਨ ਕਮਾ ਕੇ ਵਿਦੇਸ਼ਾਂ 'ਚ ਬੈਠੇ ਸਰਦਾਰੀਆਂ ਕਰ ਰਹੇ ਹਨ, ਉਹਨਾ ਦੇ ਵੇਰਵੇ ਪੰਜਾਬੀ-ਸੰਸਾਰ ਦੇ ਪੰਨਿਆਂ ਦਾ ਸ਼ਿੰਗਾਰ ਹਨ।
ਇਸ ਵੱਡ ਅਕਾਰੀ ਸੁੰਦਰ ਰੰਗਦਾਰ ਛਪਾਈ ਵਾਲੀ ਪੁਸਤਕ 'ਚ 2000 ਤੋਂ ਵੱਧ ਸਿੱਖ ਸੰਸਥਾਵਾਂ, ਗੁਰਦੁਆਰਿਆਂ, ਜਿਹਨਾ 'ਚ ਵੱਡੀ ਗਿਣਤੀ ਗੁਰੂ ਘਰ ਦੇ ਸੇਵਕ ਸ਼ਾਮਲ ਹਨ ਅਤੇ ਜਿਹੜੇ ਵਿਦੇਸ਼ਾਂ ਅਤੇ ਭਾਰਤ ਦੀਆਂ ਵੱਖ-ਵੱਖ ਥਾਵਾਂ 'ਤੇ ਸਿੱਖ ਸੰਗਤਾਂ ਨੇ ਉਸਾਰੇ ਹੋਏ ਹਨ, ਉਨਾਂ ਦੇ ਪਤੇ, ਫੋਨ ਨੰਬਰ ਅਤੇ ਈ-ਮੇਲ ਆਦਿ ਵੀ ਦਰਜ ਹਨ। ਪੁਸਤਕ ਵਿੱਚ ਸਿੱਖ ਸੰਗੀਤ, ਸਭਿਆਚਾਰ, ਪੰਜਾਬੀ ਬੋਲੀ ਨਾਲ ਸੰਬੰਧਤ ਵਿਅਕਤੀਆਂ, ਨਗਰ ਕੀਰਤਨਾਂ, ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਬਾਰੇ ਵੇਰਵੇ ਸ਼ਾਮਲ ਕੀਤੇ ਹਨ। ਨਾਲ ਹੀ ਸ਼ਾਮਲ ਹਨ 200 ਤੋਂ ਵੱਧ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਕਾਰਜ ਸੰਸਥਾਵਾਂ ਦੇ ਵੇਰਵੇ ਜਿਹਨਾ ਦੇ ਹਜ਼ਾਰਾਂ ਹੀ ਮੋਹਤਬਰ ਵਿਚਾਰਵਾਨ, ਗੁਣੀਂ ਗਿਆਨੀ ਸਮਾਜ ਸੇਵੀ ਪੰਜਾਬੀ ਮੈਂਬਰਾਂ ਦੇ ਵੇਰਵੇ ਹਨ। ਇਸ ਤੋਂ ਵੱਡੀ ਗੱਲ ਇਹ ਕਿ ਦੁਨੀਆਂ ਭਰ ਦੇ ਭਾਰਤੀ-ਪੰਜਾਬੀ ਅਖ਼ਬਾਰਾਂ, ਰੇਡੀਓ ਸਟੇਸ਼ਨਾਂ ਅਤੇ ਪੰਜਾਬੀ ਟੈਲੀਵੀਜ਼ਨ ਚੈਨਲਾਂ ਬਾਰੇ ਪੂਰਾ ਵੇਰਵਾ ਪੁਸਤਕ ਦਾ ਸ਼ੰਗਾਰ ਹੈ, ਜਿਹਨਾ ਵਿਚੋਂ ਕਈ ਅਖ਼ਬਾਰ ਰਸਾਲੇ ਆਨ-ਲਾਈਨ ਪੜੇ ਜਾਣ ਯੋਗ ਹਨ। ਪੁਸਤਕ ਦੀ ਵੱਡੀ ਖਾਸੀਅਤ ਇਹ ਕਿ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਦੁਨੀਆਂ ਭਰ ਦੀਆਂ 160 ਵਿਦੇਸ਼ੀ ਅੰਬੈਂਸੀਆਂ ਅਤੇ ਡਿਪਲੋਮੈਂਟ ਮਿਸ਼ਨਾਂ ਦੇ ਦਿੱਲੀ ਅਤੇ ਭਾਰਤ ਦੇ ਵੱਖੋ-ਵੱਖਰੇ ਸ਼ਹਿਰਾਂ 'ਚ ਸਥਿਤ ਦਫ਼ਤਰਾਂ ਬਾਰੇ ਪੂਰੀ ਜਾਣਕਾਰੀ ਅੰਕਿਤ ਹੈ। ਲਗਭਗ 200 ਦੇਸ਼ਾਂ ਦੇ ਅੰਤਰਰਾਸ਼ਟਰੀ ਐਸ.ਟੀ.ਡੀ. ਕੋਡ ਤੋਂ ਇਲਾਵਾ ਭਾਰਤ ਦੇਸ਼ ਦੇ 1175 ਸ਼ਹਿਰਾਂ ਦੀ ਨੈਸ਼ਨਲ ਐਸ. ਟੀ.ਡੀ. ਕੋਡ ਦੇ ਕੇ ਵਿਦੇਸ਼ ਵਸਦੇ ਵੀਰਾਂ ਲਈ ਇਕ ਵਿਸ਼ੇਸ਼ ਸੁਵਿਧਾ ਦੇਣ ਦਾ ਉਪਰਾਲਾ ਵੀ ਕੀਤਾ ਗਿਆ ਹੈ।
ਐਡੀ ਵੱਡੀ ਜਾਣਕਾਰੀ ਪੁਸਤਕ 'ਚ ਸਮੇਟਣਾ ਕੋਈ ਸੌਖਾ ਕੰਮ ਨਹੀਂ, ਸਮੇਟਣ ਉਪਰੰਤ ਬਿਨਾਂ ਕਿਸੇ ਗਲਤੀ ਤੋਂ ਇਸ ਨੂੰ ਛਾਪਣਾ ਹੋਰ ਵੀ ਔਖਾ ਹੈ ਪਰ ਇਸ ਵੱਡੇ, ਔਖੇ, ਗੁੰਝਲਦਾਰ, ਅਕੇਂਵੇ ਭਰੇ ਕੰਮ ਨੂੰ ਵੀ ਸੁਯੋਗ ਸੰਪਾਦਕ ਸ਼ੇਰਗਿੱਲ ਨੇ ਇਮਾਨਦਾਰੀ ਨਾਲ ਨਿਭਾਇਆ ਹੈ।
ਪੁਸਤਕ ਪੜ੍ਹਦਿਆਂ ਇਸ 'ਚ ਛਪੀਆਂ ਉੱਘੀਆਂ ਹਸਤੀਆਂ ਬਾਰੇ ਜਾਣਕਾਰੀ ਪੜ੍ਹ ਕੇ ਪੰਜਾਬੀਆਂ ਦਾ ਸੀਨਾ ਚੌੜਾ ਹੋਣਾ ਸੁਭਾਵਕ ਹੈ। ਪੰਜਾਬੀ, ਜਿਹਨਾ ਔਖੇ ਵੇਲੇ ਕੱਟ ਕੇ ਪ੍ਰਵਾਸ ਹੰਢਾਇਆ, ਓਪਰਿਆਂ 'ਚ ਰਹਿ ਕੇ ਜੱਸ ਖੱਟਿਆ। ਆਪਣਾ ਜੀਵਨ ਹੀ ਨਹੀਂ ਸੁਆਰਿਆ, ਹਜ਼ਾਰਾਂ ਲੱਖਾਂ ਲੋਕਾਂ ਦੇ ਮਾਰਗ ਦਰਸ਼ਕ ਵੀ ਬਣੇ, ਉਹਨਾ ਪੰਜਾਬੀ ਸਪੂਤਾਂ ਉਤੇ ਕੌਣ ਵਾਰੇ-ਵਾਰੇ ਨਹੀਂ ਜਾਵੇਗਾ? ਚਕਿੱਤਸਾ, ਇੰਜੀਨੀਅਰੀ, ਬਿਜ਼ਨੈਸ, ਪ੍ਰਬੰਧਨ, ਸਾਇੰਸ ਕਿਹੜਾ ਕਿੱਤਾ ਨਹੀਂ ਜਿਸ 'ਚ ਪੰਜਾਬੀਆਂ ਝੰਡੇ ਨਹੀਂ ਗੱਡੇ। ਆਪਣੇ ਧਰਮ ਦੇ ਪ੍ਰਚਾਰ, ਆਪਣੀ ਬੋਲੀ ਸਭਿਆਚਾਰ ਦੀ ਸੰਭਾਲ, ਫੈਲਾਅ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪੜ੍ਹਾਉਣ, ਲਿਖਾਉਣ, ਚੰਗੇ ਪਾਸੇ ਲਾਉਣ ਅਤੇ ਆਪਣੇ ਸਭਿਆਚਾਰ ਨਾਲ ਜੋੜੀ ਰੱਖਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੇ ਬਿਨਾਂ ਰਿਹਾ ਨਹੀਂ ਜਾ ਸਕਦਾ।
ਪ੍ਰਵਾਸੀਆਂ ਵੱਲੋਂ ਆਪਣੇ ਪੰਜਾਬ ਨੂੰ ਸੰਵਾਰਨ, ਇਸ ਦੇ ਵਿਕਾਸ 'ਚ ਹਿੱਸਾ ਪਾਉਣ ਅਤੇ ਪੰਜਾਬੀਆਂ ਦੀ ਜੂਨ ਸੁਧਾਰਨ ਲਈ ਕੀਤੇ ਉਪਰਾਲੇ ਪ੍ਰਸੰਸ਼ਾਯੋਗ ਹਨ! ਪਰ ਕੀ ਅਸੀਂ ਇਧਰਲੇ ਪੰਜਾਬੀ ਉਹਨਾ ਦੀਆਂ ਕੀਤੀਆਂ ਦਾ ਮੁੱਲ ਪਾ ਸਕੇ ਆਂ? ਵਿਦੇਸ਼ ਵਸਦਿਆਂ ਵੀ ਧੁਰ ਅੰਦਰੋਂ ਪੰਜਾਬ-ਹਿਤੈਸ਼ੀ ਪੰਜਾਬੀ, ਵਿਸ਼ਾਲ ਹਿਰਦੇ ਵਾਲਾ ਇੱਕ ਖੋਜ਼ੀ, ਇੱਕ ਮੁਹਿੰਮਕਾਰੀ ਪੱਤਰਕਾਰ, ਜਿਹੜਾ ਆਪਣੇ ਮਨ 'ਚ ਪੰਜਾਬ ਲਈ, ਪੰਜਾਬੀਆਂ ਲਈ ਦਰਦ ਸਮੋਈ ਬੈਠਾ ਹੈ, ਕਿਧਰੇ ਪੰਜਾਬ ਦੇ ਹਿੱਤਾਂ ਨੂੰ ਖਰੋਚ ਵੱਜਦੀ ਹੈ, ਚਟਾਨ ਬਣਕੇ ਹਿੱਕ ਢਾਹ ਕੇ ਪੰਜਾਬ ਦੇ ਹਿੱਤਾਂ ਲਈ ਖੜੋ ਜਾਂਦਾ ਹੈ। ਕਿਧਰੇ ਮਾਂ ਬੋਲੀ ਪੰਜਾਬੀ ਨੂੰ ਧਰਕਾਰਿਆ ਜਾਂਦਾ ਹੋਵੇ, ਕਿਧਰੇ ਪੰਜਾਬੀਆਂ ਨਾਲ ਧੱਕਾ ਹੁੰਦਾ ਹੋਵੇ, ਉਹਦੀ ਕਲਮ ਆਪਣੇ ਹੀ ਢੰਗ ਨਾਲ ਇਵੇਂ ਚੱਲਦੀ ਹੈ ਕਿ ਧੱਕਾ ਕਰਨ ਵਾਲੇ, ਦਰੇਗ ਕਰਨ ਵਾਲੇ, ਆਪਣੇ ਆਪ ਹੀ ਮੂਧੇ ਮੂੰਹ ਜਾ ਡਿੱਗਦੇ ਹਨ। ਇਹ ਸ਼ਖ਼ਸ਼, ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਨੇੜਲੇ ਪਿੰਡ ਮਜਾਲ ਖੁਰਦ ਦੇ ਵਾਸੀ ਹਨ ਨਰਪਾਲ ਸਿੰਘ ਸ਼ੇਰਗਿੱਲ!
ਬਹੁਤ ਘੱਟ ਪੰਜਾਬੀ ਇਹੋ ਜਿਹੇ ਹੋਣਗੇ ਜਿਹਨਾ ਪੱਲੇ ਇਕੋ ਵੇਰ ਪੰਜਾਬੀ ਸਾਹਿਤ, ਅੰਗਰੇਜ਼ੀ ਪੰਜਾਬੀ ਪੱਤਰਕਾਰੀ, ਪੰਜਾਬੀ ਸਭਿਆਚਾਰ, ਭਾਸ਼ਾ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਦੇ ਨਾਲ-ਨਾਲ ਲੋਕ ਸੇਵਾ ਦਾ ਮਾਣ ਹਾਸਲ ਹੋਇਆ ਹੋਵੇ ਅਤੇ ਉਹ ਵੀ ਆਮ ਲੋਕਾਂ ਵਲੋਂ!
ਧਰਤੀ ਨਾਲ ਜੁੜਿਆ ਹੋਇਆ ਇਨਸਾਨ ਹੈ ਨਰਪਾਲ ਸਿੰਘ ਸ਼ੇਰਗਿੱਲ, ਜਿਹੜਾ ਗ੍ਰਹਿਸਥ, ਵਪਾਰ, ਲੇਖਣੀ 'ਚ ਇੱਕੋ ਵੇਲੇ, ਇੱਕੋ ਸੁਰ ਇੱਕੋ ਤਾਲ 'ਚ, ਇਹਨਾ ਤਿੰਨਾਂ ਨਾਲ ਤਾਲਮੇਲ ਬੈਠਾਈ ਬੈਠਾ ਹੈ। ਕਹਿਣੀ ਅਤੇ ਕਥਨੀ ਦਾ ਪੱਕਾ ਹੈ ਸ਼ੇਰਗਿੱਲ, ਜਿਹੜਾ ਪੰਜਾਬ ਵਿਚਲੇ ਪੰਜਾਬੀਆਂ 'ਚ ਉਤਨਾ ਹੀ ਪਿਆਰਿਆ, ਸਤਕਾਰਿਆ, ਤੇ ਸਨਮਾਨਿਆ ਜਾਂਦਾ ਹੈ, ਜਿਤਨਾ ਵਿਦੇਸ਼ ਵਸਦੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵਿੱਚ! ਪੰਜਾਬੀ ਦੇ ਸਭ ਤੋਂ ਵੱਧ ਛਪਣ ਵਾਲੇ ਪੰਜਾਬੀ ਅਖ਼ਬਾਰ 'ਰੋਜ਼ਾਨਾ ਅਜੀਤ' ਵਿੱਚ ਸ਼ੇਰਗਿੱਲ ਦੇ ਲੇਖ ਲੰਮੇ ਸਮੇਂ ਤੋਂ ਛਪਦੇ ਹਨ। ਭਾਰਤ, ਬਰਤਾਨੀਆ, ਕੈਨੇਡਾ, ਅਮਰੀਕਾ, ਜਰਮਨੀ, ਫਰਾਂਸ, ਹੌਲੈਡ ਅਤੇ ਅਸਟ੍ਰੇਲੀਆ ਦੇ 8 ਤੋਂ 15 ਅਖ਼ਬਾਰਾਂ ਵਿੱਚ ਵੀ ਉਹਨਾ ਦੇ ਲੇਖ ਛਾਇਆ ਹੁੰਦੇ ਹਨ। 1984 ਤੋਂ ਲੈ ਕੇ ਹੁਣ ਤੱਕ ਉਹ 1000 ਤੋਂ ਵੱਧ ਲੇਖ ਸਿੱਖ ਧਰਮ, ਸਿੱਖ ਸੰਸਥਾਵਾਂ ਵਿਦੇਸ਼ ਦੀਆਂ ਭਾਰਤੀ ਸੰਸਥਾਵਾਂ, ਸਿੱਖਾਂ ਤੇ ਭਾਰਤੀਆਂ ਨਾਲ ਹੋ ਰਹੇ ਨਸਲੀ ਵਿਤਕਰੇ, ਫਾਸ਼ਿਜ਼ਮ, ਪ੍ਰਵਾਸ, ਪ੍ਰਵਾਸੀ ਸਮੱਸਿਆ, ਮੀਡੀਆ ਦੇ ਪਸਾਰ, ਪੰਜਾਬੀ ਅਤੇ ਸਿੱਖ ਮੀਡੀਆ, ਦੇਸ਼ਾਂ ਦੇ ਦੁਵੱਲੇ ਸਬੰਧਾਂ, ਰਾਜਨੀਤੀ, ਵਪਾਰ, ਇਸਲਾਮਿਕ ਅੱਤਵਾਦ, ਅੰਤਰਰਾਸ਼ਟਰੀ ਰਾਜਨੀਤਕ ਕਾਨਫਰੰਸਾਂ, ਸੰਮੇਲਨ, ਭਾਰਤ ਦੀ ਕਲਾ ਅਤੇ ਇਤਹਾਸਕ ਮੁਜੱਸਮਿਆਂ , ਪੱਤਰਕਾਰਾਂ ਦੇ ਕਤਲਾਂ, ਮੀਡੀਆ ਵਰਕਰਾਂ, ਮਨੁੱਖੀ ਅਧਿਕਾਰਾਂ ਬਾਰੇ ਲਿਖ ਚੁੱਕਾ ਹੈ।
ਗੁਰੂ ਸਾਹਿਬ ਜੀ ਦੇ ਤਿੰਨ ਸੌ ਸਾਲਾ ਸਥਾਪਨਾ ਦਿਵਸ ਸਮੇਂ ਪ੍ਰਕਾਸ਼ਤ ਕੀਤਾ, ਅਪ੍ਰੈਲ 2011 'ਚ ਅੰਤਰਰਾਸ਼ਟਰੀ ਵਿਸਾਖੀ ਸੋਵੀਨਰ ਸਿੱਖਾਂ ਦੀ ਪੱਗੜੀ ਮੁਹਿੰਮ ਅਤੇ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫੀਆਂ ਦੇ ਵਿਰੋਧ ਵਿੱਚ ਆਪਣੀ ਵੱਖਰੀ ਪਹਿਚਾਣ ਲੈ ਕੇ ਆਇਆ। ਜੋ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਵੱਲੋਂ ਪੰਜਾਬੀ ਪਾਠਕਾਂ ਦੇ ਸਪੁਰਦ ਕੀਤਾ ਗਿਆ ਫਿਰ ਇੰਡੀਅਨ ਐਵਰੋਡ ਦਾ 17ਵਾਂ ਐਡੀਸ਼ਨ ਛਾਪਿਆ ਗਿਆ, ਜਿਸ ਵਿੱਚ ਸਿੱਖ ਜਗਤ ਦੀ ਏ ਟੂ ਜੈਡ ਡਾਇਰੈਕਟਰੀ ਦੇ ਨਾਲ ਨਾਲ 350 ਵੇਂ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਨਾਲ ਸਬੰਧਤ ਇਤਹਾਸ ਅਤੇ ਇਤਹਾਸਕ ਮਹੱਤਤਾ ਦਰਸਾਉਂਦਾ 8 ਸਫਿਆਂ ਦਾ ਸਪਲੀਮੈਂਟ ਵੀ ਸ਼ਾਮਲ ਹੈ। 2017 ਵਿੱਚ ਛਾਪਿਆ ਸਪੈਸ਼ਲ ਗੁਰੂ ਗੋਬਿੰਦ ਸਿੰਘ ਜੀ ਐਡੀਸ਼ਨ ਅਤੇ ਵੈਸਾਖੀ ਸੋਵੀਨਰ 2017 ਸ਼ੇਰਗਿੱਲ ਦੀ ਸੰਪਾਦਕੀ ਮਿਹਨਤ ਦਾ ਪ੍ਰਮਾਣ ਹਨ। ਇਹਨਾ ਪ੍ਰਾਪਤੀਆਂ ਸਦਕਾ ਜਿਥੇ ਉਹਨਾ ਨੂੰ ਦੇਸ਼ ਵਿਦੇਸ਼ 'ਚ ਲੋਕਾਂ ਵਲੋਂ ਸਨਮਾਨ ਮਿਲੇ, ਉਥੇ 2015 'ਚ ਦੂਰਦਰਸ਼ਨ ਜਲੰਧਰ ਤੇ ਸਿੱਧੇ ਪ੍ਰਸਾਰਣ ਦੌਰਾਨ ਪੰਜਾਬੀ ਅਕਾਡਮੀ ਜਲੰਧਰ ਵਲੋਂ ਕੀਤਾ ਸਨਮਾਨ, ਇੱਕ ਅਭੁੱਲ ਤੇ ਯਾਦਗਾਰੀ ਸਨਮਾਨ ਸੀ। ਇਸੇ ਦੌਰਾਨ ਨਰਪਾਲ ਸਿੰਘ ਸ਼ੇਰਗਿੱਲ ਨੂੰ ਪੰਜਾਬ ਦੀ ਨਾਮੀ ਸਭਿਆਚਾਰਕ ਸੰਸਥਾ ਪੰਜਾਬੀ ਵਿਰਸਾ ਟਰੱਸਟ(ਰਜਿ:) ਫਗਵਾੜਾ ਵਲੋਂ 2016 'ਚ ਪਹਿਲਾ "ਮਾਣਮੱਤਾ ਪੱਤਰਕਾਰ ਪੁਰਸਤਕਾਰ" ਉਹਨਾ ਦੀਆਂ ਪੱਤਰਕਾਰੀ ਖੇਤਰ 'ਚ ਵੱਡੀਆਂ ਪ੍ਰਾਪਤੀਆਂ ਲਈ ਪ੍ਰਦਾਨ ਕੀਤਾ ਗਿਆ।
27 ਦਸੰਬਰ 2017 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸ: ਨਰਪਾਲ ਸਿੰਘ ਸ਼ੇਰਗਿੱਲ ਦੀ ਪਹਿਲਕਦਮੀ ਉਤੇ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ:) ਅਤੇ ਗਲੋਬਲ ਪੰਜਾਬ ਫਾਊਂਡੇਸ਼ਨ (ਰਜਿ:) ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਕਰਵਾਈ ਗਈ ਨਿਰੋਲ ਪੱਤਰਕਾਰੀ 'ਤੇ ਅਧਾਰਤ 'ਗਲੋਬਲ ਪੰਜਾਬੀ ਮੀਡੀਆ ਕਾਨਫੰਰਸ' ਇੱਕ ਮੀਲ ਪੱਥਰ ਸਾਬਤ ਹੋਈ।
ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੇ ਆਪਣੀ ਇੰਡੀਅਨਜ਼ ਐਵਰੌਡ ਦਾ 20ਵਾਂ ਅੰਕ ਕੈਨੇਡਾ ਵਸਦੇ ਪੰਜਾਬੀਆਂ ਨੂੰ "ਕੈਨੇਡਾ ਵਿਸ਼ੇਸ਼ ਅੰਕ" ਸਮਰਪਿਤ ਕੀਤਾ। ਕੈਨੇਡਾ ਦੀ ਸਥਾਪਤੀ ਦੇ 150 ਵਰੇ, ਪੰਜਾਬੀਆਂ ਦੇ ਪ੍ਰਵਾਸ, ਪੰਜਾਬੀਆਂ ਦੇ ਕੈਨੇਡਾ 'ਚ 125 ਵਰਿਆਂ ਦੇ ਸੰਘਰਸ਼, ਉਹਨਾ ਦੇ ਕਾਰੋਬਾਰ, ਕੈਨੇਡਾ ਦੇ ਗੁਰੂ ਘਰਾਂ ਬਾਰੇ ਜਾਣਕਾਰੀ, ਅਤੇ ਪ੍ਰਵਾਸੀ ਪੰਜਾਬੀਆਂ ਵਲੋਂ ਵਿਸ਼ੇਸ਼ ਖੇਤਰਾਂ 'ਚ ਮਾਰੀਆਂ ਇਤਿਹਾਸਕ ਮੱਲਾਂ ਬਾਰੇ ਵੀ ਖੋਜ਼ ਭਰਪੂਰ ਜਾਣਕਾਰੀ ਇੰਡੀਅਨਜ਼ ਐਵਰੌਡ ਦੇ ਇਸ ਅੰਕ ਵਿੱਚ ਸ਼ਾਮਿਲ ਕੀਤੀ।
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਨਰਪਾਲ ਸਿੰਘ ਸ਼ੇਰਗਿਲ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਵਿਸ਼ੇਸ਼ ਅੰਕ ਉਸਦੀ ਸਲਾਨਾ ਪ੍ਰਕਾਸ਼ਨਾ (Indians Abroad and Punjabi Impact) ਦਾ 21ਵਾਂ ਸਲਾਨਾ ਅੰਤਰਰਾਸ਼ਟਰੀ ਵਾਰਸ਼ਿਕ ਅੰਕ ਸੀ। ਜਿਸ ਵਿੱਚ ਪਿਛਲੀਆਂ ਸਾਰੀਆਂ ਖੋਜ ਭਰਪੂਰ ਰਚਨਾਵਾਂ ਅਤੇ ਜਾਣਕਾਰੀ ਦੇ ਨਾਲ ਨਾਲ 8 ਅੰਤਰਰਾਸ਼ਟਰੀ ਡਾਇਰੈਕਟਰੀਆਂ ਇਸ ਵਿੱਚ ਸ਼ਾਮਿਲ ਕੀਤੀਆਂ ਗਈਆਂ । ਇਸ ਅੰਕ ਵਿੱਚ ਸਿੱਖਾਂ ਦੇ ਪਹਿਲੇ ਗੁਰੂ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਅਤੇ ਉਹਨਾ ਦੇ ਪ੍ਰਭਾਵ ਵਿੱਚ ਸੰਸਾਰ ਭਰ ਵਿੱਚ ਪੰਜਾਬ ਤੋਂ ਬਾਹਰ ਗਏ ਲੋਕਾਂ ਵਲੋਂ ਪਹਿਲੀਆਂ ਅਤੇ ਪ੍ਰਮੁੱਖ ਪ੍ਰਾਪਤੀਆਂ ਨੂੰ "ਪਹਿਲੇ" ਹੋਣ ਦਾ ਮਾਣ ਦਿਤਾ ਗਿਆ, ਜਿਸ ਨੂੰ "The Class of the Firsts" ਦੇ ਚੈਪਟਰ ਵਜੋਂ ਪੇਸ਼ ਕੀਤਾ ਗਿਆ।
ਇਸੇ ਵਿਲੱਖਣ ਅਧਿਆਏ ਵਾਂਗਰ ਗੁਰੂ ਨਾਨਕ ਦੇਵ ਜੀ ਦੇ ਇਸ ਵਿਸ਼ੇਸ਼ ਅੰਕ ਵਿੱਚ ਸੰਸਾਰ ਭਰ ਦੇ 550 ਗੁਰੂ ਨਾਨਕ ਨਾਮ ਲੇਵਾ ਸਿੱਖ ਚਿਹਰੇ, ਮਰਦ ਅਤੇ ਬੀਬੀਆਂ, ਵਿਖਾਏ ਗਏ।
ਇਹਨਾ ਦੇ ਨਾਲ ਨਾਲ ਪਿਛਲੇ ਵਰ੍ਹਿਆਂ ਦੌਰਾਨ ਵਿਸ਼ਵ ਦੀ ਪਰਕਰਮਾ ਕਰਕੇ ਧੁਰ ਪੂਰਬ ਤੋਂ ਧੁਰ ਪੱਛਮ ਤੱਕ ਸਥਾਪਿਤ ਕੀਤੇ ਗਏ ਗੁਰੂ ਨਾਨਕ ਦੇ ਨਾਮ ਨਾਲ ਅਤੇ ਹੋਰ ਇਤਹਾਸਕ ਗੁਰਦੁਆਰਾ ਸਾਹਿਬਾਨ ਨੂੰ ਸਮੁੱਚੇ ਸਿੱਖ ਸੰਸਾਰ ਸਾਹਮਣੇ ਰੱਖਿਆ ਗਿਆ । ਇਸ ਪੁਸਤਕ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨਾਂ ਦੀਆਂ ਖੋਜ਼ ਭਰਪੂਰ ਲਿਖਤਾ, ਰਚਨਾਵਾਂ ਸ਼ਾਮਲ ਕੀਤੀਆਂ ਗਈਆਂ, ਜਿਨਾਂ ਵਿੱਚ ਗੁਰੂ ਨਾਨਕ ਦੇਵ ਦੀਆਂ ਉਦਾਸੀਆਂ, ਉਹਨਾ ਦਾ ਨਨਕਾਣਾ ਸਾਹਿਬ ਜਨਮ ਅਸਥਾਨ , ਸੁਲਤਾਨਪੁਰ ਲੋਧੀ ਕਰਮਭੂਮੀ ਅਤੇ ਅਖੀਰਲੇ ਵਰ੍ਹਿਆਂ ਦੇ ਕਰਤਾਰਪੁਰ ਸਾਹਿਬ ਦੇ ਜੀਵਨ ਨੂੰ ਪੇਸ਼ ਕੀਤਾ ਗਿਆ ।
ਅੱਜ ਲਗਭਗ ਤਿੰਨ ਕਰੋੜੀ ਆਬਾਦੀ ਅਤੇ ਢਾਈ ਦਰਿਆਵਾਂ ਵਾਲਾ ਪੰਜਾਬ, ਜਦੋਂ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਅੱਜ ਜਦੋਂ ਪੰਜਾਬ ਦੇ ਲੋਕ ਮ੍ਰਿਗ ਤ੍ਰਿਸ਼ਨਾ ਵਰਗੇ ਸੁਪਨੇ ਹੰਢਾ ਰਹੇ ਹਨ, ਜਿਹਨਾ ਕਾਰਨ ਲੋਕਾਂ ਪੱਲੇ ਕੁਝ ਵੀ ਪੈ ਨਹੀਂ ਰਿਹਾ, ਸੂਬੇ ਪੰਜਾਬ ਦੇ ਹੱਕਾਂ ਉਤੇ ਲਗਾਤਾਰ ਡਾਕੇ ਪੈ ਰਹੇ ਹਨ, ਪੰਜਾਬ 'ਚ ਪੱਤਰਕਾਰਤਾ ਉਤੇ ਹਮਲੇ ਹੋ ਰਹੇ ਹਨ, ਉਦੋਂ ਵੱਡੀ ਗਿਣਤੀ ਸਿਆਸਤਦਾਨ ਪੰਜਾਬ ਦੇ ਵੱਡੇ ਮਸਲਿਆਂ ਮੁੱਦਿਆਂ ਨੂੰ ਦਰ ਕਿਨਾਰ ਕਰ ਆਪਣੀ ਕੁਰਸੀ ਪੱਕੀ ਕਰਨ ਦੇ ਆਹਰ ਵਿੱਚ ਹਨ, ਉਦੋਂ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਵਰਗੇ ਪ੍ਰਸਿੱਧ ਪੱਤਰਕਾਰ, ਬੁੱਧੀਜੀਵੀ ਪੰਜਾਬ ਦਾ ਰਾਹ ਦਸੇਰਾ ਬਣੇ ਪੰਜਾਬ ਸਮੱਸਿਆਵਾਂ ਦੇ ਹੱਲ ਲਈ ਆਪਣੀ ਨੁਕੀਲੀ ਕਲਮ ਚਲਾ ਰਹੇ ਹਨ। ਪੰਜਾਬੀ-ਸੰਸਾਰ ਪੁਸਤਕ ਇਸ ਗੱਲ ਦਾ ਪ੍ਰਮਾਣ ਹੈ ਕਿ ਲੇਖਕ ਨਰਪਾਲ ਸਿੰਘ ਸ਼ੇਰਗਿੱਲ ਅਤੇ ਉਹਨਾ ਦੇ ਸਾਥੀ ਲੇਖਕਾਂ ਦੀਆਂ ਪੰਜਾਬੀ-ਸੰਸਾਰ 'ਚ ਛਪੀਆਂ ਰਚਨਾਵਾਂ ਪੰਜਾਬ ਹਿਤੈਸ਼ੀ ਬਾਤ ਪਾਉਂਦੀਆਂ ਹਨ ਅਤੇ ਪੰਜਾਬ ਦੇ ਵਿੱਚੋਂ ਹੋ ਰਹੇ ਧਿੰਗੋਜੋਰੀ ਪ੍ਰਵਾਸ, ਪੰਜਾਬ ਦੇ ਪਾਣੀਆਂ ਦੇ ਮਸਲੇ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਪੱਤਰਕਾਰਾਂ ਉਤੇ ਹਮਲਿਆਂ ਅਤੇ ਪੰਜਾਬ ਦੀ ਕਿਸਾਨੀ ਦੇ ਮਸਲੇ ਲੋਕਾਂ ਸਾਹਵੇਂ ਲਿਆਕੇ ਮੰਜਿਆਂ ਉਤੇ ਲੰਮੀਆਂ ਤਾਣ ਕੇ ਸੁੱਤੇ ਪਏ ਸਿਆਸਤਦਾਨਾਂ ਨੂੰ ਝੰਜੋੜਦੀਆਂ ਹਨ, ਜਿਹੜੇ ਪੰਜਾਬੀਆਂ ਨੂੰ ਵਿਹਲੜ, ਮੰਗਤੇ ਬਣਾਕੇ ਉਹਨਾ ਨੂੰ ਮੁਫ਼ਤ ਰਾਸ਼ਨ ,ਪਾਣੀ, ਬਿਜਲੀ ਅਤੇ ਹੋਰ ਸਹੂਲਤ ਦੇ ਕੇ ਵੋਟ ਬਟੋਰਨ ਦੀ ਤਾਕ ਵਿੱਚ ਹਨ।
ਨਰਪਾਲ ਸਿੰਘ ਸ਼ੇਰਗਿੱਲ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਅਲੰਬਰਦਾਰ ਅਤੇ ਝੰਡਾ ਬਰਦਾਰ ਹੈ। ਪੰਜਾਬੀ ਵਿਰਸੇ ਦੀ ਸੰਭਾਲ ਉਸਦੀ ਪਹਿਲ ਹੈ। ਦੇਸ਼ਾਂ-ਵਿਦੇਸ਼ਾਂ 'ਚ ਭਰਮਣ ਕਰਦਿਆਂ ਵੀ ਅਤੇ ਆਪਣੀਆਂ ਲਿਖਤਾਂ ਵਿੱਚ ਵੀ ਉਹ ਪੰਜਾਬੀ ਵਿਰਸੇ ਦੀ ਬਾਤ ਪਾਉਂਦਾ ਹੈ ਅਤੇ ਪੂਰੀ ਨਿਡਰਤਾ ਨਾਲ ਆਪਣੀ ਜਨਮ ਭੂਮੀ (ਪੰਜਾਬ) ਅਤੇ ਕਰਮਭੂਮੀ (ਬਰਤਾਨੀਆ) 'ਚ ਵਿਚਰ ਰਿਹਾ ਹੈ।
ਸਾਡੀ ਕਾਮਨਾ ਹੈ ਕਿ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਸੇਵਾ ਲਈ ਲੰਮੇ ਸਮੇਂ ਤੋਂ ਕਰਮਸ਼ੀਲ, ਕਰਮਯੋਗੀ ਨਰਪਾਲ ਸਿੰਘ ਸ਼ੇਰਗਿੱਲ ਲੋਕਾਂ ਦਾ ਐਨਾ ਜੱਸ ਖੱਟੇ ਕਿ ਉਸ ਨੂੰ ਇੰਜ ਜਾਪੇ ਜਿਵੇਂ ਉਹਦੀ ਆਪਣੀ ਹੋਂਦ ਤਾਂ ਹੈ ਹੀ ਨਹੀਂ, ਉਹ ਤਾਂ ਆਪ ਹੀ ‘ਲੋਕ’ ਬਣ ਗਿਆ ਹੈ। ਇਸ ਪੁਸਤਕ ਦੀ ਭਾਰਤ ‘ਚ ਕੀਮਤ 500 ਰੁਪਏ, ਯੂਕੇ ‘ਚ 10 ਪੌਂਡ, ਯੂਐਸਏ ‘ਚ 20 ਡਾਲਰ ਅਤੇ ਕੈਨੇਡਾ ‘ਚ 20 ਡਾਲਰ ਹੈ।
ਸ਼ੇਰਗਿੱਲ ਦੀ ਦੂਜੀ ਪੁਸਤਕ “ਗੁਰੂ ਨਾਨਕ ਦੇਵ-ਗੁਰੂ ਗੋਬਿੰਦ ਸਿੰਘ ਵਿਚਾਰਧਾਰਾ ਦੀ ਪਰਿਕਰਮਾ ਹੈ- ਅੰਤਰਰਾਸ਼ਟਰੀ ਗੁਰਦੁਆਰਾ ਸਾਹਿਬਾਨ ਦੀ ਡਾਇਰੈਕਟਰੀ-2024”
ਗੁਰੂ ਨਾਨਕ ਦੇਵ-ਗੁਰੂ ਗੋਬਿੰਦ ਸਿੰਘ ਜੀ ਵਿਚਾਰਧਾਰਾ ਦੀ ਪਰਿਕਰਮਾ ਕਰਨ ਵਾਲੇ ਪੰਜਾਬੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੇ ਪੂਰੀ ਦੁਨੀਆ ਘੁੰਮਕੇ, ਗੁਰੂ ਘਰਾਂ ‘ਚ ਪੁੱਜਕੇ ਉਥੋਂ ਦੇ ਵੇਰਵੇ ਸੰਗਤਾਂ ਸਨਮੁੱਖ ਰੱਖਕੇ ਸਦਾ ਯਾਦ ਰੱਖਣ ਵਾਲਾ ਅਦਭੁੱਤ ਕਾਰਜ ਕੀਤਾ ਹੈ।
ਖੋਜੀ ਪੱਤਰਕਾਰੀ ਦਾ ਥੰਮ, ਵਿਸ਼ਵ ਪੰਜਾਬੀ ਸਾਂਝ ਦਾ ਪ੍ਰਤੀਕ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਆਪਣੀ ਤਿੱਖੀ, ਧੂੰਆਂ ਧਾਰ, ਬੇਬਾਕ, ਕਲਮ ਸਦਕਾ ਪੰਜਾਬੀ ਪਾਠਕਾਂ ਦਾ ਹਰਮਨ ਪਿਆਰਾ, ਚਹੇਤਾ, ਮੁਹਿੰਮਕਾਰੀ ਪੱਤਰਕਾਰ ਹੈ।
ਮੁਹਿੰਮਕਾਰੀ ਪੱਤਰਕਾਰਤਾ ‘ਚ ਇੱਕ ਹੋਰ ਪੁਲਾਂਘ ਭਰਦਿਆਂ ਨਰਪਾਲ ਸਿੰਘ ਸ਼ੇਰਗਿੱਲ ਨੇ ਜਿਸ ਢੰਗ ਨਾਲ ਦੁਨੀਆ ਭਰ ਦੇ ਗੁਰੂ ਘਰਾਂ ‘ਚ ਸਿੱਜਦਾ ਕੀਤਾ, ਉਥੋਂ ਵੇਰਵੇ ਇਕੱਤਰ ਕੀਤੇ, ਉਸ ਨਾਲ ਉਹਨਾ ਨੂੰ ਅਮਰੀਕਾ , ਕੈਨੇਡਾ, ਇੰਗਲੈਂਡ, ਜਰਮਨੀ, ਇਟਲੀ, ਫਰਾਂਸ ਆਦਿ ਦੇਸ਼ਾਂ ‘ਚ ਵੱਡਾ ਮਾਣ ਸਤਿਕਾਰ ਮਿਲਿਆ ਹੈ।
ਨਰਪਾਲ ਸਿੰਘ ਸ਼ੇਰਗਿੱਲ ਨੇ ਧਰਤੀ ਨਾਲ ਜੁੜੇ ਸ਼ਰਧਾਵਾਨ ਸਿੱਖ ਵਜੋਂ, ਇੱਕ ਪਰਉਪਕਾਰੀ ਜੀਊੜੇ ਵਜੋਂ, ਆਪਣੇ ਨਿੱਜੀ ਜੀਵਨ ‘ਚ ਵਿਚਰਦਿਆਂ ਜਿਸ ਢੰਗ ਨਾਲ ਗ੍ਰਹਿਸਥ, ਸਮਾਜਿਕ, ਧਾਰਮਿਕ ਕਾਰਜਾਂ ‘ਚ ਪ੍ਰਾਪਤੀਆਂ ਕੀਤੀਆਂ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹਨ। ਇਹਨਾ ਪ੍ਰਾਪਤੀਆਂ ਸਦਕਾ ਆਪ ਜੀ ਨੂੰ ਅਨੇਕਾਂ ਸਾਹਿਤਕ, ਪੱਤਰਕਾਰਤਾ ਨਾਲ ਸਬੰਧਤ ਸੰਸਥਾਵਾਂ, ਗੁਰੂ ਘਰਾਂ ਵਲੋਂ ਮਾਣ ਸਤਿਕਾਰ ਮਿਲਿਆ ਹੈ।
ਪਰ ਹੈਰਾਨੀ ਦੀ ਗੱਲ ਹੈ ਕਿ ਇੱਕ ਸੰਸਥਾ ਵਜੋਂ ਕੰਮ ਕਰਨ ਵਾਲੇ ਇਸ ਅੱਠ ਦਹਾਕੇ ਉਮਰ ਹੰਢਾਂ ਚੁੱਕੇ ਅਤੇ ਪੱਤਰਕਾਰੀ ‘ਚ 55 ਸਾਲ ਪੱਤਰਕਾਰਤਾ ‘ਚ ਸਫਲਤਾ ਨਾਲ ਨਿਭੇ ਉੱਦਮੀ ਪੱਤਰਕਾਰ, ਜਿਸਨੇ ਪੰਜਾਬੀ ਸੰਸਾਰ ਅਤੇ ਹੁਣ ਸਿੱਖ ਸੰਸਾਰ ‘ਚ ਆਪਣੀ ਧਾਂਕ ਜਮਾਈ ਹੋਈ ਹੈ, ਉਸਨੂੰ ਨਾ ਕਿਸੇ ਸਰਕਾਰ ਨੇ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਕਦੇ ਸਤਕਾਰਿਆ ਹੈ।
ਇਨਟਰਨੈਸ਼ਨਲ ਡਾਇਰੈਕਟਰੀ ਆਫ ਗੁਰਦੁਆਰਾ’ਜ਼ ਐਂਡ ਸਿੱਖ ਆਰਗੇਨਾਈਸ਼ਨ-2024 ਪਹਿਲਾਂ ਸਾਲ 1985 ‘ਚ ਲੰਦਨ ਤੋਂ ਛਪਵਾਈ ਗਈ ਸੀ ਅਤੇ ਹੁਣ ਇਸਦਾ 2024 ਵਿੱਚ ਨਵਾਂ ਸੰਸਕਰਣ ਛਾਪਿਆ ਗਿਆ ਹੈ, ਜਿਸ ਦੀ ਭਾਰਤ ‘ਚ ਕੀਮਤ 500 ਰੁਪਏ, ਯੂਕੇ ‘ਚ 10 ਪੌਂਡ, ਯੂਐਸਏ ‘ਚ 15 ਡਾਲਰ ਅਤੇ ਕੈਨੇਡਾ ‘ਚ 20 ਡਾਲਰ ਹੈ। ਸੰਪਰਕ ਫੋਨ ਨੰ: 94171-04002 ਹੈ।
-ਗੁਰਮੀਤ ਸਿੰਘ ਪਲਾਹੀ
ਫੋਨ ਨੰ:- 9815802070