ਕਈ ਵਾਰ ਤੁਹਾਡੇ ਕੋਲ ਅਜਿਹੇ ਬੇਸ਼ਰਮ ਤੇ ਢੀਠ ਬੰਦੇ ਆ ਜਾਂਦੇ ਹਨ ਕਿ ਦਿਲ ਕਰਦਾ ਹੈ ਕਿ ਉਨ੍ਹਾਂ ਨੂੰ ਧੱਕੇ ਮਾਰ ਕੇ ਦਫਤਰ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਕਈ ਸਾਲ ਪਹਿਲਾਂ ਮੈਂ ਮਜੀਠਾ ਸਬ ਡਵੀਜ਼ਨ ਵਿਖੇ ਡੀ.ਐਸ.ਪੀ. ਲੱਗਾ ਹੋਇਆ ਸੀ। ਮਾਰਚ ਦਾ ਮਹੀਨਾ ਸੀ ਤੇ ਕੱਚੇ ਪੱਕੇ ਜਿਹੇ ਦਿਨ ਸਨ। ਮੈਂ ਆਪਣੇ ਦਫਤਰ ਬੈਠਾ ਹੋਇਆ ਸੀ ਕਿ ਇੱਕ ਨਜ਼ਦੀਕੀ ਪਿੰਡ ਦਾ ਸਰਪੰਚ ਇੱਕ ਬੰਦੇ ਨੂੰ ਲੈ ਕੇ ਮੇਰੇ ਦਫਤਰ ਆਇਆ। ਸਰਪੰਚ ਮੇਰਾ ਚੰਗਾ ਵਾਕਿਫ ਸੀ ਤੇ ਕਾਫੀ ਸ਼ਰਾਰਤੀ ਤੇ ਨਾਰਦ ਮੁਨੀ ਟਾਈਪ ਦਾ ਇਨਸਾਨ ਸੀ। ਉਸ ਦੇ ਨਾਲ ਆਏ ਬੰਦੇ ਨੇ ਕੱਪੜੇ ਤਾਂ ਸਧਾਰਨ ਜਿਹੇ ਪਾਏ ਸਨ ਪਰ ਉਸ ਦੀਆਂ ਮੁੱਛਾਂ ਬੜੀਆਂ ਤਲਵਾਰ ਮਾਰਕਾ ਤੇ ਪੂਰਨ ਚੰਦ ਵਡਾਲੀ ਵਾਂਗ ਉੱਪਰ ਵੱਲ ਨੂੰ ਮਰੋੜੀਆਂ ਹੋਈਆਂ ਸਨ।
ਜਿਆਦਾਤਰ ਅਫਸਰਾਂ ਨੂੰ ਇਸ ਗੱਲ ਤੋਂ ਬਹੁਤ ਖਿਝ੍ਹ ਚੜ੍ਹਦੀ ਹੈ ਜੇ ਕੋਈ ਕਾਲੀਆਂ ਐਨਕਾਂ ਲਗਾ ਕੇ ਦਫਤਰ ਆ ਜਾਵੇ ਜਾਂ ਸਾਹਮਣੇ ਬੈਠ ਕੇ ਮੁੱਛਾਂ ਮਰੋੜੀ ਜਾਵੇ। ਮੈਂ ਅਜਿਹੇ ਫੁਕਰਿਆਂ ਨੂੰ ਟੋਕਣ ਲਈ ਤਰੀਕੇ ਜਿਹੇ ਨਾਲ ਪੁੱਛਦਾ ਹੁੰਦਾ ਸੀ ਕਿ ਤੇਰੀਆਂ ਅੱਖਾਂ ਤਾਂ ਨਹੀਂ ਖਰਾਬ ਹੋਈਆਂ? ਵੇਖੀਂ ਕਿਤੇ ਮੈਨੂੰ ਵੀ ਆਈ ਫਲੂ ਦੀ ਇੰਫੈਕਸ਼ਨ ਨਾ ਲਗਾ ਦੇਵੀਂ।
ਖੈਰ ਸਰਪੰਚ ਨੇ ਮੈਨੂੰ ਕਿਹਾ ਕਿ ਸਰ ਰਾਮ ਸਿੰਘ (ਕਾਲਪਨਿਕ ਨਾਮ) ਦੀ ਫਰਿਆਦ ਸੁਣੀ ਜਾਵੇ, ਵਿਚਾਰਾ ਬਹੁਤ ਦੁਖੀ ਹੈ। ਸਰਪੰਚ ਦਾ ਇਸ਼ਾਰਾ ਸਮਝ ਕੇ ਰਾਮ ਸਿੰਘ ਮੁੱਛ ਮਰੋੜ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਆਸ਼ਕ ਨਾਲ ਘਰੋਂ ਫਰਾਰ ਹੋ ਗਈ ਹੈ। ਵੇਰਕੇ ਪਿੰਡ ਦਾ ਇੱਕ ਛੜਾ ਮਲੰਗ ਸਬਜ਼ੀ ਵੇਚਣ ਵਾਲਾ ਉਨ੍ਹਾਂ ਦੇ ਪਿੰਡ ਫੇਰੀ ਲਗਾਉਣ ਆਉਂਦਾ ਹੁੰਦਾ ਸੀ ਜਿਸ ਨਾਲ ਉਸ ਦੇ ਸਬੰਧ ਬਣ ਗਏ ਸਨ। ਉਹ ਹੁਣ ਉਸ ਦੇ ਘਰ ਰਹਿ ਰਹੀ ਹੈ। ਮੈਂ ਸਰਪੰਚ ਸਾਹਿਬ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਨੂੰ ਲੈਣ ਗਿਆ ਸੀ ਪਰ ਉਹ ਆਉਣ ਤੋਂ ਇਨਕਾਰੀ ਹੈ। ਸਰਪੰਚ ਨੇ ਉਸ ਦੀ ਗੱਲ ਦੀ ਤਾਈਦ ਕੀਤੀ ਤੇ ਪੁਰਜ਼ੋਰ ਸਿਫਾਰਸ਼ ਕੀਤੀ ਕਿ ਇਸ ਦੀ ਮਦਦ ਕੀਤੀ ਜਾਵੇ। ਮੈਂ ਰਾਮ ਸਿੰਘ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਕਾਨੂੰਨ ਅਨੁਸਾਰ ਪੁਲਿਸ ਉਸ ਦੀ ਕੋਈ ਮਦਦ ਨਹੀਂ ਕਰ ਸਕਦੀ। ਔਰਤ ਬਾਲਗ ਹੈ ਤੇ ਆਪਣਾ ਬੁਰਾ ਭਲਾ ਸੋਚ ਸਕਦੀ ਹੈ ਪਰ ਉਹ ਲਗਾਤਾਰ ਮਿੰਨਤਾਂ ਕਰਦਾ ਰਿਹਾ।
ਉਸ ਨੇ ਭਰੇ ਹੋਏ ਗਲੇ ਨਾਲ ਦੱਸਿਆ ਕਿ ਉਸ ਦੇ ਦੋ ਛੋਟੇ ਛੋਟੇ ਬੱਚੇ ਹਨ ਜਿਨ੍ਹਾਂ ਦਾ ਮਾਂ ਬਿਨਾਂ ਰੋ ਰੋ ਕੇ ਬੁਰਾ ਹਾਲ ਹੈ, ਘੱਟੋ ਘੱਟ ਉਨ੍ਹਾਂ ਬਾਰੇ ਹੀ ਸੋਚ ਲਿਆ ਜਾਵੇ। ਬੱਚਿਆਂ ਬਾਰੇ ਸੁਣ ਕੇ ਮੈਂ ਥੋੜ੍ਹਾ ਜਿਹਾ ਭਾਵਕ ਹੋ ਗਿਆ ਤੇ ਉਸ ਦੀ ਦਰਖਾਸਤ ਐਸ.ਐਚ.ਉ. ਮਜੀਠਾ ਨੂੰ ਮਾਰਕ ਕਰ ਦਿੱਤੀ। ਜਦੋਂ ਮੈਂ ਐਸ.ਐਚ.ਉ. ਨੂੰ ਜਲਦੀ ਕਾਰਵਾਈ ਕਰਨ ਲਈ ਫੋਨ ਕਰਨ ਲੱਗਾ ਤਾਂ ਮੈਨੂੰ ਕੋਈ ਗੱਲ ਯਾਦ ਆ ਗਈ। ਮੈਂ ਰਾਮ ਸਿੰਘ ਨੂੰ ਪੁੱਛਿਆ ਕਿ ਤੂੰ ਉਹ ਤਾਂ ਨਹੀਂ ਜਿਸ ਦੀ ਪਤਨੀ ਛੇ ਸੱਤ ਮਹੀਨੇ ਪਹਿਲਾਂ ਵੀ ਭੱਜ ਗਈ ਸੀ। ਅਸੀਂ ਬੜੀ ਮੁਸ਼ਕਿਲ ਨਾਲ ਪੱਟੀ ਵੱਲੋਂ ਲੱਭ ਕੇ ਲਿਆਏ ਸੀ। ਉਸ ਦੇ ਬੋਲਣ ਤੋਂ ਪਹਿਲਾਂ ਹੀ ਸਰਪੰਚ ਨੇ ਗੱਲ ਬੋਚ ਲਈ ਤੇ ਨਾਰਦ ਮੁਨੀ ਵਾਂਗ ਸਾਰੇ ਭੇਦ ਖੋਲ੍ਹ ਦਿੱਤੇ। ਉਸ ਨੇ ਦੱਸਿਆ ਕਿ ਇਹ ਉਹ ਹੀ ਹੈ। ਉਸ ਵੇਲੇ ਮੈਂ ਨਾਲ ਨਹੀਂ ਸੀ ਆਇਆ ਕਿਉਂਕਿ ਇਹ ਮੇਰੀ ਵਿਰੋਧੀ ਪਾਰਟੀ ਨਾਲ ਉੱਠਦਾ ਬੈਠਦਾ ਸੀ। ਵੈਸੇ ਸਰ ਸੱਚਾਈ ਇਹ ਹੈ ਕਿ ਇਸ ਦੀ ਪਤਨੀ ਤੁਹਾਡੀ ਇਥੇ ਪੋਸਟਿੰਗ ਹੋਣ ਤੋਂ ਪਹਿਲਾਂ ਵੀ ਦੋ ਤਿੰਨ ਵਾਰ ਭੱਜ ਚੁੱਕੀ ਹੈ। ਉਸ ਨੂੰ ਹਰ ਸਾਲ ਛੇ ਮਹੀਨੇ ਬਾਅਦ ਭੱਜਣ ਦਾ ਦੌਰਾ ਪੈਂਦਾ ਹੈ, ਬਾਕੀ ਅੱਗੇ ਤੁਸੀਂ ਸਿਆਣੇ ਹੋ।
ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਰਾਮ ਸਿੰਘ ਸਰਪੰਚ ਦੇ ਗਲ ਪੈ ਗਿਆ, “ਸਰਪੰਚਾ ਮੇਰੀ ਘਰਵਾਲੀ ਭਾਵੇਂ ਰੋਜ਼ ਭੱਜੇ, ਦੱਸ ਤੈਨੂੰ ਕੀ ਤਕਲੀਫ ਹੈ? ਜਦੋਂ ਘਰ ਹੁੰਦੀ ਹੈ, ਉਦੋਂ ਤਾਂ ਮੇਰੀ ਰੋਟੀ ਪਕਾਉਂਦੀ ਹੈ ਕਿ ਨਹੀਂ? ਮੈਨੂੰ ਤਾਂ ਜੀ ਮੇਰੀ ਘਰਵਾਲੀ ਲਿਆ ਕੇ ਦਿਉ ਭਾਵੇਂ ਕੱਲ੍ਹ ਨੂੰ ਫਿਰ ਭੱਜ ਜਾਵੇ। ਮੈਂ ਤਾਂ ਫਿਰ ਵੀ ਤੁਹਾਡੇ ਕੋਲ ਈ ਆਉਣਾ ਹੈ।” ਉਸ ਦੀਆਂ ਵਾਹਯਾਤ ਗੱਲਾਂ ਸੁਣ ਕੇ ਮੈਨੂੰ ਖਿਝ੍ਹ ਚੜ੍ਹ ਗਈ ਕਿ ਕੈਸਾ ਬੇਸ਼ਰਮ ਆਦਮੀ ਹੈ। ਆਪਣੀ ਘਰਵਾਲੀ ਦੇ ਭੱਜਣ ਦੀ ਸਟੋਰੀ ਇਸ ਤਰਾਂ ਸੁਣਾ ਰਿਹਾ ਹੈ ਜਿਵੇਂ ਪਰਮਵੀਰ ਚੱਕਰ ਜਿੱਤ ਕੇ ਲਿਆਇਆ ਹੋਵੇ। ਮੈਂ ਉਸ ਨੂੰ ਦਬਕਾ ਮਾਰਿਆ, “ਉੱਠ ਖੜਾ ਹੋ ਜਾ, ਚੱਲ ਨਿਕਲ ਬਾਹਰ। ਤੂੰ ਮਾਮਾ ਪੁਲਿਸ ਦਾ ਈ ਜ਼ੋਰ ਵੇਖੀ ਜਾਂਦਾ ਆਂ, ਅਸੀਂ ਨੌਕਰ ਲੱਗੇ ਆਂ ਤੇਰੇ? ਉਹ ਘਰੋਂ ਭੱਜਦੀ ਰਹੇ ਤੇ ਅਸੀਂ ਉਸ ਨੂੰ ਲੱਭਦੇ ਰਹੀਏ। ਲੁਕਣਮੀਟੀ ਦੀ ਖੇਡ ਹੋ ਰਹੀ ਆ? ਦੌੜ ਜਾ ਇਥੋਂ। ਮੁੱਛਾਂ ਐਂ ਰੱਖੀਆਂ ਜਿਵੇਂ ਜੱਗਾ ਡਾਕੂ ਹੋਵੇਂ, ਜਨਾਨੀ ਤੇਰੇ ਕੋਲੋਂ ਸਾਂਭੀ ਨਹੀਂ ਜਾਂਦੀ।”
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062