ਜਿਹੜੇ ਇਨਸਾਨ ਕੁਝ ਬਣਨ ਲਈ ਮਿਹਨਤ ਦਾ ਪੱਲ੍ਹਾ ਨਹੀਂ ਛੱਡਦੇ ਅਤੇ ਕਿਰਤ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ ਉਨ੍ਹਾਂ ਦੇ ਸੁਪਨੇ ਜਰੂਰ ਇੱਕ ਦਿਨ ਸਾਕਾਰ ਹੁੰਦੇ ਹਨ।ਇਹੋ ਜਿਹੇ ਹੀ ਇਨਸਾਨ ਹਨ , ਇੰਸਪੈਕਟਰ ਦਵਿੰਦਰ ਸਿੰਘ ਜਿਨ੍ਹਾਂ ਦਾ ਜਨਮ ਜਿਲ੍ਹਾ ਪਟਿਆਲਾ ਦੇ ਪਿੰਡ ਦੰਦਰਾਲਾ ਢੀਂਡਸਾ ਵਿਖੇ ਧਾਰਮਿਕ ਬਿਰਤੀ ਵਾਲੇ ਮਿਹਨਤਕਸ਼ ਕਿਰਤੀ ਸਵ: ਸ਼੍ਰ: ਭਾਗ ਸਿੰਘ ਦੇ ਘਰ ਮਾਤਾ ਸਵ: ਸ਼੍ਰੀਮਤੀ ਸਿੰਦਰ ਕੌਰ ਦੀ ਕੁੱਖੋਂ 1 ਮਾਰਚ 1966 ਨੂੰ ਹੋਇਆ।ਉਸ ਦੇ ਦਾਦਾ ਜੀ ਅਤੇ ਦਾਦੀ ਜੀ ਗੁਰੂ ਘਰ ਦੇ ਅਨਿਨ ਸੇਵਕ ਸਨ, ਜਿਨ੍ਹਾਂ ਦੇ ਧਾਰਮਿਕ ਸ਼ੰਸਕਾਰਾਂ ਦਾ ਪਰਿਵਾਰ ਉੱਪਰ ਪ੍ਰਭਾਵ ਦਾ ਪੈਣਾ ਲਾਜ਼ਮੀ ਸੀ ।
ਛੋਟੇ ਹੁੰਦਿਆ ਹੀ ਉਸ ਨੂੰ ਘਰ ਦੀ ਗੁਰਬਤ ਨੇ ਪਿਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮਜਦੂਰੀ ਕਰਨ ਲਈ ਮਜਬੂਰ ਭਾਵੇਂ ਕਰ ਦਿੱਤਾ ਪਰ ਇਸ ਮੰਦਹਾਲੀ ਨੇ ਦਵਿੰਦਰ ਸਿੰਘ ਦੇ ਮਨ ਅੰਦਰ ਕੁਝ ਬਣਨ ਲਈ ਇੱਕ ਨਵੀਂ ਸੋਚ ਜਰੂਰ ਪੈਦਾ ਕਰ ਦਿੱਤੀ।ਦਵਿੰਦਰ ਸਿੰਘ ਨੇ ਆਪਣੇ ਪਿੰਡ ਦੰਦਰਾਲਾ ਢੀਂਡਸਾ ਦੇ ਸਕੂਲ ਤੋਂ 1982 ਵਿੱਚ ਮੈਟ੍ਰਿਕ ਪਾਸ ਕਰਨ ਉਪਰੰਤ ਉਸ ਨੇ ਹਾਇਰ ਸੈਕੰਡਰੀ ਵਿੱਚ ਸ੍ਰੀ ਭਗਵਾਨ ਮਹਾਂਵੀਰ ਸੀ: ਸੈਕ: ਸਕੂਲ ਰਾਏਕੋਟ ( ਲੁਧਿਆਣਾ ) ਵਿਖੇ ‘ਸਪੋਰਟਸ ਵਿੰਗ ਵਾਲੀਵਾਲ’ ਕੋਟੇ ‘ਚ ਦਾਖਲਾ ਲੈ ਕੇ 1984 ਵਿੱਚ ਹਾਇਰ ਸੈਕੰਡਰੀ ਪਾਸ ਕੀਤੀ ।ਉਸ ਦੀ ਖੇਡਾਂ ਪ੍ਰਤੀ ਬਚਪਨ ਤੋਂ ਹੀ ਰੁਚੀ ਸੀ ।ਉਹ ਵਾਲੀਵਾਲ ਦਾ ਵਧੀਆ ਖਿਡਾਰੀ ਹੋਣ ਕਾਰਨ ਜਿਲ੍ਹਾ ਅਤੇ ਸਟੇਟ ਪੱਧਰ ਤੱਕ ਖੇਡਿਆ ।ਗੋਲਾ ਸੁੱਟਣ ‘ਚ ਵੀ ਉਸ ਦਾ ਪ੍ਰਦਰਸ਼ਨ ਵਧੀਆ ਰਿਹਾ ।
ਆਪਣੇ ਪੈਰਾਂ ਤੇ ਖੜ੍ਹਣ ਲਈ ਉਸ ਨੇ ਨੌਕਰੀ ਲਈ ਪੰਜਾਬ ਪੁਲਿਸ ਦੀ ਭਰਤੀ ਲਈ ਅਪਲਾਈ ਕੀਤਾ ਅਤੇ ਦਸੰਬਰ 1984 ਵਿੱਚ ਬਤੌਰ ਸਿਪਾਹੀ ਨਿਯੁਕਤੀ ਹੋ ਗਈ ।ਉਸ ਨੇ 30 ਮਾਰਚ 1985 ਨੂੰ ਦਿਨ ਰਾਤ ਦੀ ਚੁਣੌਤੀ ਭਰੀ ਡਿਊਟੀ ਵਾਲੇ ਪੁਲਿਸ ਮਹਿਕਮੇ ਵਿੱਚ ਬਤੌਰ ਸਿਪਾਹੀ ਜੁਆਇਨ ਕਰ ਲਿਆ ।ਫਿਲੌਰ ਟ੍ਰੇਨਿੰਗ ਸੈਂਟਰ ਤੋਂ ਡਰਿਲ ਇੰਸਟਰੱਕਟਰ ਦਾ ਕੋਰਸ 1987 ਵਿੱਚ ਪਾਸ ਕਰ ਲਿਆ ।ਉਹ 1989 ਵਿੱਚ ਡੇਹਲੋਂ ਪੁਲਿਸ ਪੋਸਟ ਵਿਖੇ ਤਾਇਨਾਤ ਰਿਹਾ । ਉਹ 1990 ‘ਚ ਟ੍ਰੇਨਿੰਗ ਸੈਂਟਰ ਲੱਡਾ ਕੋਠੀ (ਸੰਗਰੂਰ) ਵਿਖੇ ਬਤੌਰ ਡਰਿੱਲ ਇੰਸਟਰੱਕਟਰ ਰਿਹਾ । ਉਸ ਦਾ ਵਿਆਹ ਪਿੰਡ ਕਿਸ਼ਨਗੜ੍ਹ (ਖੰਨਾ) ਵਿਖੇ ਸਵ: ਸ੍ਰ. ਗੱਜਣ ਸਿੰਘ ਦੀ ਬੇਟੀ ਸੁਖਵਿੰਦਰ ਕੌਰ ਨਾਲ ਮਈ 1990 ਵਿੱਚ ਹੋਇਆ । ਉਸ ਨੇ 1991 ਵਿੱਚ ਹੋਲਦਾਰੀ ਦਾ ਪੇਪਰ ਪਾਸ ਕਰ ਲਿਆ ਅਤੇ 01 ਫਰਵਰੀ 1992 ਨੂੰ ਤਰੱਕੀ ਹੋਣ ਉਪਰੰਤ ਹੋਲਦਾਰ ਬਣ ਗਿਆ । ਇਸ ਤੋਂ ਬਾਅਦ ਉਸ ਨੇ ਬਤੌਰ ਰੀਡਰ / ਸਹਾਇਕ ਮੁਨਸੀ ਵੱਖ-ਵੱਖ ਥਾਣਿਆਂ ਵਿੱਚ ਆਪਣੀ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾ ਕੇ ਕੰਮ ਕੀਤਾ ।ਉਸ ਨੇ ਲੁਧਿਆਣਾ ਸ਼ਹਿਰ ਵਿਖੇ ਤਕਰੀਬਨ 16 ਸਾਲ ਵੱਖ-ਵੱਖ ਥਾਣਿਆਂ ਸਦਰ,ਸਾਹਨੇਵਾਲ,ਫੋਕਲ ਪੁਆਇੰਟ , ਜੋਧੇਵਾਲ , ਸਲੇਮ ਟਾਬਰੀ , ਪੁਲਿਸ ਸਟੇਸ਼ਨ ਡਵੀਜ਼ਨ 2 ,3 ,5, ਸਰਾਭਾ ਨਗਰ ਵਿਖੇ ਬਤੌਰ ਮੁੱਖ ਮੁਨਸੀ ਸਫਲਤਾਪੂਰਵਕ ਡਿਊਟੀ ਨਿਭਾਈ ।ਉਸ ਨੇ ਬਤੌਰ ਸਹਾਇਕ ਥਾਣੇਦਾਰ ਬਣਕੇ ਇੰਚਾਰਜ ਚੌਂਕੀ ਬਸੰਤ ਐਵਨਿਊ , ਲਲਤੋਂ , ਮਰਾਡੋ , ਹੰਬੜਾ , ਸੇਰਪੁਰ ਚੌਂਕ ਵਿਖੇ 2009 ਤੋਂ 2019 ਤੱਕ ਡਿਊਟੀ ਨਿਭਾਈ ।ਉਸ ਨੇ ਬਤੌਰ ਐਸ.ਐਚ.ੳ. ਸੁੰਦਰ ਨਗਰ ਡਿਵੀਜ਼ਨ , ਥਾਣਾ ਸਲੇਮ ਟਾਬਰੀ , ਡਾਬਾ , ਜਮਾਲਪੁਰ ਵਿਖੇ 2019 ਤੋਂ ਡਿਊਟੀ ਨਿਭਾਈ । ਉਸ ਨੇ ਬਤੌਰ ਸੀਨੀ ਕਲਰਕ (ਓ.ਐਸ.ਆਈ.) 2022 ਵਿੱਚ ਡਿਊਟੀ ਵੀ ਨਿਭਾਈ ।
ਉਸ ਨੇ 2022 ਤੋਂ 2024 ਤੱਕ ਬਤੌਰ ਐਸ.ਐਚ.ਓ. ਡਿਵੀਜ਼ਨ ਮੇਹਰਬਾਨ , ਸਿਮਲਾਪੁਰੀ ਵਿਖੇ ਡਿਊਟੀ ਦੌਰਾਨ ਵੱਡੇ-ਵੱਡੇ ਗੰਭੀਰ ਅਪਰਾਧੀ ਕੇਸਾਂ ਨੂੰ ਆਪਣੀ ਲਿਆਕਤ ਨਾਲ ਸੁਲਝਾਇਆ ਅਤੇ ਅਮਨ ਕਾਨੂੰਨ ਦੀ ਵਿਵਸਥਾ ਹਮੇਸ਼ਾ ਬਣਾਈ ਰੱਖੀ। ਹੁਣ ਉਹ ਡਿਵੀਜ਼ਨ ਸ਼ਿਮਲਾਪੁਰੀ ਵਿਖੇ ਬਤੌਰ ਐਸ.ਐਚ.ਓ. ਆਪਣੀ ਡਿਊਟੀ ਨਿਭਾ ਰਹੇ ਹਨ ।ਉਨ੍ਹਾਂ ਦੀ ਤਕਰੀਬਨ ਸਾਰੀ ਸੇਵਾ ਲੁਧਿਆਣੇ ਜਿਲ੍ਹੇ ਅਤੇ ਲੁਧਿਆਣਾ ਸ਼ਹਿਰ ਦੀ ਹੈ ਜੋ ਕਿ ਅਪਰਾਧਾਂ ਪੱਖੋਂ ਮੰਨਿਆ ਪੰਜਾਬ ਦਾ ਵੱਧ ਆਬਾਦੀ ਵਾਲਾ ਹੋਣ ਕਾਰਨ ਪੁਲਿਸ ਲਈ ਡਿਊਟੀ ਦੇਣੀ ਬੜੀ ਚੁਣੌਤੀ ਵਾਲੀ ਗੱਲ ਹੈ ਜੋ ਕਿ ਸ੍ਰ. ਦਵਿੰਦਰ ਸਿੰਘ ਨੇ ਸਫਲਤਾਪੂਰਵਕ ਨਿਭਾਈ ।‘ ਹਾਸ਼ਿਮ ਫਤਿਹ ਨਸੀਬ ਉਨ੍ਹਾਂ ਨੂੰ , ਜਿੰਨ੍ਹਾ ਹਿੰਮਤ ਯਾਰ ਬਣਾਈ ’ ਇਨ੍ਹਾਂ ਸਤਰਾਂ ਨੂੰ ਉਸ ਨੇ ਸੱਚ ਕਰ ਵਿਖਾਇਆ ।ਉਨ੍ਹਾਂ ਆਪਣੀ ਡਿਊਟੀ ਹਮੇਸ਼ਾ ਇਮਾਨਦਾਰੀ ਨਾਲ ਕੀਤੀ ।ਜਿਥੇ ਵੀ ਉਨ੍ਹਾਂ ਦੀ ਡਿਊਟੀ ਲੱਗੀ ਉਨ੍ਹਾਂ ਨੇ ਜਿੰਮੇਵਾਰੀ ਤੋਂ ਵੀ ਵੱਧ ਕੇ ਕੰਮ ਕੀਤਾ । ਇਥੋਂ ਹੀ ਉਹ 29 ਫਰਵਰੀ 2024 ਨੂੰ ਬੇਦਾਗ ਡਿਊਟੀ ਨਿਭਾ ਕੇ ਸੇਵਾ ਮੁਕਤ ਹੋ ਰਹੇ ਹਨ ।ਉਸ ਨੇ ਸਮਾਜ ‘ਚੋਂ ਬੁਰਾਈਆਂ ਨੂੰ ਖਤਮ ਕਰਨ ਲਈ ਇਮਾਨਦਾਰੀ ਨਾਲ ਸਾਰੀ ਸੇਵਾ ਨਿਭਾਈ ।
ਉਸ ਦੇ ਵੱਡੇ ਭਰਾ ਗੁਰਦੇਵ ਸਿੰਘ ਜੇ.ਈ. ਰਿਟਾਇਰਡ (ਬਿਜਲੀ ਬੋਰਡ ) ਅਤੇ ਭਰਾ ਜਗਦੀਸ਼ ਸਿੰਘ ਪੱਪੂ ਜੋ ਕਿ 2007 ਵਿੱਚ ਸਵਰਗਵਾਸ ਹੋ ਗਿਆ ਸੀ , ਦੇ ਪਰਿਵਾਰ ਸੂਲਰ ( ਪਟਿਆਲਾ) ਵਿਖੇ ਰਹਿ ਰਹੇ ਹਨ । ਮਿਲਣਸਾਰ,ਹਲੀਮੀ,ਸਾਦਗੀ,ਈਮਾਨਦਾਰੀ ਅਤੇ ਦ੍ਰਿੜ ਇਰਾਦੇ ਵਾਲਾ ਸ੍ਰ. ਦਵਿੰਦਰ ਸਿੰਘ ਆਪਣੀ ਸੁਪਤਨੀ ਸੀ੍ਰਮਤੀ ਸੁਖਵਿੰਦਰ ਕੌਰ ਅਤੇ ਬੇਟਿਆਂ ਜਸਪ੍ਰੀਤ ਸਿੰਘ ਮਕੈਨੀਕਲ ਇੰਜਨੀਅਰ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਅਤੇ ਜੈਅਮਰਪਾਲ ਸਿੰਘ ਸਿਵਲ ਇੰਜਨੀਅਰ ਦੀ ਡਿਗਰੀ ਕਰ ਚੁੱਕਾ ਹੈ , ਨਾਲ ਕੈਨਾਲ ਇਨਕਲੇਵ ਲੁਧਿਆਣਾ ਵਿਖੇ ਰਹਿ ਰਿਹਾ ਹੈ, ਉਸ ਨੇ ਜ਼ਿੰਦਗੀ ਦੀਆਂ ਤੰਗੀਆਂ ਤਰੁਸੀਆਂ ਨੂੰ ਆਢੇ ਹੱਥੀਂ ਲੈਂਦੇ ਹੋਏ ਸਫਲਤਾ ਦੇ ਰਸਤੇ ਤੇ ਚਲਣ ਦਾ ਵਲ ਸਿਖਿਆ ਹੋਇਆ ਹੈ ।ਉਸ ਨੇ ਨਾਮਵਰ ਕਵੀ ਸੁਰਜੀਤ ਪਾਤਰ ਦੀਆਂ ਸਤਰਾਂ ‘ ਮੈਂ ਰਾਹਵਾਂ ‘ਤੇ ਨਹੀਂ ਤੁਰਦਾ , ਮੈਂ ਤੁਰਦਾ ਤਾਂ ਰਾਹ ਬਣਦੇ ’ ਨੂੰ ਸੱਚ ਕਰ ਦਿਖਾਇਆ ।ਪ੍ਰਮਾਤਮਾ ਉਸਨੂੰ ਹਮੇਸ਼ਾਂ ਸਮਾਜ ਦੀ ਹੋਰ ਵਧੇਰੇ ਸੇਵਾ ਕਰਨ ਲਈ ਚੜ੍ਹਦੀਕਲਾ ਅਤੇ ਤੰਦਰੁਸਤੀ ਬਖਸ਼ੇ ।
ਮੇਜਰ ਸਿੰਘ ਨਾਭਾ, ਮੋ: 9463553962