ਭਾਰਤੀ ਮੂਲ ਦੀ ਭਵਿਨੀ ਪਟੇਲ ਦਾ ਨਾਂ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਦਰਅਸਲ, ਪਟੇਲ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੋਣ ਦੌੜ ਵਿਚ ਸ਼ਾਮਲ ਹੈ। ਉਸ ਨੇ ਇਹ ਸਫ਼ਰ ਬਹੁਤ ਹੀ ਔਖੇ ਹਾਲਾਤਾਂ ਵਿਚ ਤੈਅ ਕੀਤਾ ਹੈ। ਇਕ ਸਮਾਂ ਸੀ ਜਦੋਂ ਉਹ ਅਪਣੀ ਮਾਂ ਦੀ ਮਦਦ ਲਈ ਇੰਡੀਆ ਆਨ ਵ੍ਹੀਲਜ਼ ਨਾਂ ਦਾ ਇਕ ਫੂਡ ਟਰੱਕ ਚਲਾਉਂਦੀ ਸੀ।
ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਤੋਂ ਬਾਅਦ, ਉਸ ਨੇ ਅਪਣਾ ਟੈਕ ਸਟਾਰਟਅੱਪ ਸ਼ੁਰੂ ਕੀਤਾ। ਹੁਣ ਉਹ ਅਮਰੀਕੀ ਸੰਸਦ ਦੀਆਂ ਚੋਣਾਂ ਵਿਚ ਅਪਣੀ ਕਿਸਮਤ ਅਜ਼ਮਾ ਰਹੀ ਹੈ। 30 ਸਾਲਾ ਪਟੇਲ ਨੇ ਪਿਛਲੇ ਸਾਲ 2 ਅਕਤੂਬਰ ਨੂੰ 12ਵੇਂ ਪੈਨਸਿਲਵੇਨੀਆ ਜ਼ਿਲ੍ਹੇ ਤੋਂ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਇਸ ਸਮੇਂ ਪਟੇਲ ਦੀ ਡੈਮੋਕ੍ਰੇਟਿਕ ਪਾਰਟੀ ਦੀ ਸਹਿਯੋਗੀ ਸਮਰ ਲੀ ਇਥੇ ਪ੍ਰਤੀਨਿਧੀ ਹੈ।
ਭਵਿਨੀ ਪਟੇਲ ਨੇ 23 ਅਪ੍ਰੈਲ ਨੂੰ ਹੋਣ ਵਾਲੀਆਂ ਪ੍ਰਾਇਮਰੀ ਚੋਣਾਂ ਲਈ 3.10 ਲੱਖ ਡਾਲਰ ਤੋਂ ਵੱਧ ਇਕੱਠੇ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਇਸ ਵਿਚੋਂ ਸੂਬੇ ਦੇ ਅੰਦਰੋਂ 70 ਫ਼ੀ ਸਦੀ ਵਸੂਲੀ ਹੋਈ ਹੈ। ਭਾਵਨੀ ਪਟੇਲ ਨੂੰ ਕਰੀਬ 33 ਚੁਣੇ ਹੋਏ ਅਧਿਕਾਰੀਆਂ ਦਾ ਸਮਰਥਨ ਵੀ ਮਿਲਿਆ ਹੈ। ਇਨ੍ਹਾਂ ਵਿਚ ਛੋਟੇ ਸ਼ਹਿਰਾਂ ਦੇ ਮੇਅਰਾਂ ਸਮੇਤ ਕੌਂਸਲ ਮੈਂਬਰਾਂ ਦੇ ਨਾਂ ਵੀ ਸ਼ਾਮਲ ਹਨ। ਦੱਸ ਦੇਈਏ ਕਿ ਭਾਵਨੀ ਪਟੇਲ ਰਾਸ਼ਟਰਪਤੀ ਜੋਅ ਬਾਈਡਨ ਦੀ ਕੱਟੜ ਸਮਰਥਕ ਹੈ।