ਬਠਿੰਡਾ, 6 ਫਰਵਰੀ, ਬਲਵਿੰਦਰ ਸਿੰਘ ਭੁੱਲਰ
ਸਰਕਾਰਾਂ ਪੰਜਾਬ ਵਿੱਚ ਬੱਚਿਆਂ ਨੂੰ ਵਿੱਦਿਆ ਦੇਣ ਲਈ ਵੱਡੇ ਵੱਡੇ ਵਾਅਦੇ ਤੇ ਦਾਅਵੇ ਕਰਦੀਆਂ ਰਹਿੰਦੀਆਂ ਹਨ, ਪਰ ਉਹ ਕਿੰਨੀਆਂ ਕੁ ਸਫ਼ਲ ਹਨ ਇਹ ਸਪਸ਼ਟ ਕਰਦਾ ਹੈ ਇਸ ਜਿਲੇ ਦੇ ਪਿੰਡ ਕੋਠੇ ਬੁਧ ਸਿੰਘ ਵਾਲਾ ਦਾ ਪ੍ਰਾਇਮਰੀ ਸਕੂਲ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਹਾਸਲ ਹੈ ਅਤੇ ਅਧੁਨਿਕ ਸਹੂਲਤਾਂ ਮੁਹੱਈਆਂ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਪਰ ਹੈਰਾਨੀ ਹੁੰਦੀ ਹੈ ਕਿ ਇਸ ਪੰਜ ਜਮਾਤਾਂ ਦੇ ਸਕੂਲ ਵਿੱਚ ਸਿਰਫ਼ ਇੱਕ ਹੀ ਬੱਚਾ ਭਿੰਦਰ ਸਿੰਘ ਹੈ ਅਤੇ ਉਸਨੂੰ ਪੜਾਉਣ ਲਈ ਸਿਰਫ਼ ਇੱਕ ਅਧਿਆਪਕਾ ਸਰਬਜੀਤ ਕੌਰ ਹੈ। ਇਹ ਪਿੰਡ ਭਾਵੇਂ 90 ਕੁ ਘਰਾਂ ਦਾ ਛੋਟਾ ਪਿੰਡ ਹੈ, ਪਰ ਅਬਾਦੀ ਸਾਢੇ ਚਾਰ ਸੌ ਦੇ ਕਰੀਬ ਹੈ। ਪਰ ਇੱਕ ਬੱਚਾ ਤੇ ਇੱਕ ਅਧਿਆਪਕਾ ਦੀ ਗਿਣਤੀ ਸਿੱਖਿਆ ਵਿਭਾਗ ਤੇ ਕਈ ਤਰਾਂ ਸੁਆਲ ਖੜੇ ਕਰਦੀ ਹੈ। ਸਕੂਲ ਨੂੰ ਸਰਕਾਰ ਦੀਆਂ ਨੀਤੀ ਤੇ ਹਦਾਇਤਾਂ ਅਨੁਸਾਰ ਹੀ ਚਲਾਉਣਾ ਪੈਂਦਾ ਹੈ, ਇਸ ਲਈ ਸਕੂਲ ਵਿੱਚ ਹਰ ਰੋਜ ਮਿਡ ਡੇ ਸਕੀਮ ਤਹਿਤ ਖਾਣਾ ਵੀ ਬਣਾਉਣਾ ਪੈਂਦਾ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਇਸ ਸਰਕਾਰੀ ਸਕੂਲ ਵਿੱਚ ਬੱਚੇ ਦਾਖ਼ਲ ਕਿਉਂ ਨਹੀਂ ਹੋ ਰਹੇ? ਇਹ ਪਿੰਡ ਕਈ ਵੱਖ ਵੱਖ ਢਾਣੀਆਂ ਤੇ ਆਧਾਰਤ ਹੈ ਅਤੇ ਪਿੰਡ ਵਿੱਚ ਸਾਰੇ ਘਰ ਜਿਮੀਦਾਰਾਂ ਦੇ ਹਨ। ਇਹ ਪਿੰਡ ਅਨੁਸੂਚਿਤ ਜਾਤੀਆਂ ਤੋਂ ਸੱਖਣਾ ਹੈ। ਜਿਮੀਦਾਰ ਪਰਿਵਾਰਾਂ ਦੇ ਬੱਚੇ ਵੱਖ ਵੱਖ ਪਬਲਿਕ ਸਕੂਲਾਂ ਵਿੱਚ ਪੜਦੇ ਹਨ, ਜਿਹਨਾਂ ਨੂੰ ਰੋਜਾਨਾ ਸਕੂਲ ਲਿਜਾਣ ਤੇ ਛੱਡਣ ਲਈ ਵੈਨਾਂ ਆਉਂਦੀਆਂ ਹਨ। ਪਿੰਡ ਦੀ ਸਰਪੰਚ ਸ੍ਰੀਮਤੀ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਸਕੂਲ ਵਿੱਚ ਬੱਚਿਆਂ ਦਾ ਦਾਖ਼ਲਾ ਕਰਾਉਣ ਲਈ ਕਾਫ਼ੀ ਯਤਨ ਕੀਤੇ ਸਨ, ਪਰ ਜਿਮੀਦਾਰ ਪਰਿਵਾਰ ਪਬਲਿਕ ਸਕੂਲਾਂ ਨੂੰ ਹੀ ਤਰਜੀਹ ਦਿੰਦੇ ਹਨ। ਜਿਹੜਾ ਇੱਕ ਬੱਚਾ ਇਸ ਸਕੂਲ ਵਿੱਚ ਪੜਦਾ ਹੈ, ਉਹ ਵੀ ਭਾਵੇਂ ਹੈ ਤਾਂ ਜਿਮੀਦਾਰ ਪਰਿਵਾਰ ਨਾਲ ਸਬੰਧਤ ਹੈ, ਪਰ ਪਰਿਵਾਰ ਦੀ ਮਾਲੀ ਹਾਲਤ ਬਹੁਤ ਚੰਗੀ ਨਾ ਹੋਣ ਸਦਕਾ ਉਹ ਪਬਲਿਕ ਸਕੂਲ ਦਾ ਖ਼ਰਚਾ ਬਰਦਾਸਤ ਨਹੀਂ ਕਰ ਸਕਦਾ। ਇਸ ਲਈ ਉਹ ਵੀ ਮਜਬੂਰੀ ਵੱਸ ਹੀ ਇੱਥੇ ਪੜਾਈ ਕਰ ਰਿਹਾ ਹੈ।
ਭਿੰਦਰ ਸਿੰਘ ਪੰਜਵੀਂ ਕਲਾਸ ਦਾ ਵਿਦਿਆਰਥੀ ਹੈ। ਅਗਲੇ ਸਾਲ ਉਸਨੂੰ ਵੀ ਛੇਵੀਂ ਦੀ ਪੜਾਈ ਲਈ ਕਿਸੇ ਹਾਈ ਸਕੂਲ ਵਿੱਚ ਜਾਣਾ ਪਵੇਗਾ ਤਾਂ ਇਹ ਸਰਕਾਰੀ ਸਮਾਰਟ ਸਕੂਲ ਵਿਦਿਆਰਥੀਆਂ ਪੱਖੋਂ ਖਾਲੀ ਹੋ ਜਾਵੇਗਾ। ਅਜਿਹੇ ਸਮੇਂ ਸਕੂਲ ਦੀ ਇਕਲੌਤੀ ਅਧਿਆਪਕਾ ਨੂੰ ਵੀ ਸਕੂਲ ਛੱਡ ਕੇ ਕਿਸੇ ਹੋਰ ਸਕੂਲ ਵਿੱਚ ਜਾਣਾ ਪਵੇਗਾ ਅਤੇ ਇਸ ਸਕੂਲ ਨੂੰ ਤਾਲਾ ਲੱਗ ਜਾਵੇਗਾ। ਅਧਿਆਪਕਾ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ, ਪਰ ਪਿੰਡ ਵਾਸੀ ਆਪਣੇ ਬੱਚਿਆਂ ਨੂੰ ਦਾਖ਼ਲ ਕਰਾਉਣ ਲਈ ਸਹਿਮਤ ਨਹੀਂ ਹੋ ਰਹੇ, ਇਹ ਚਿੰਤਾ ਦਾ ਵਿਸ਼ਾ ਹੈ।
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਤਾਂ ਕਰਦੇ ਹਨ, ਪਰ ਲੋਕਾਂ ਵਿੱਚ ਇਹ ਵਿਸਵਾਸ਼ ਹੀ ਪੈਦਾ ਨਹੀਂ ਕਰ ਸਕੇ ਕਿ ਸਰਕਾਰੀ ਸਕੂਲ ਕਿਸੇ ਪੱਖੋਂ ਘੱਟ ਨਹੀਂ ਹਨ।