ਐਟਮੋਰ: ਅਲਬਾਮਾ ਪ੍ਰਸ਼ਾਸਨ ਅਪਣੀ ਕਿਸਮ ਦੇ ਪਹਿਲੇ ਮਾਮਲੇ ’ਚ ਕਤਲ ਦੇ ਇਕ ਦੋਸ਼ੀ ਨੂੰ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਦੇ ਦਿਤੀ ਹੈ। ਇਸ ਦੇ ਨਾਲ ਹੀ ਅਮਰੀਕਾ ’ਚ ਮੌਤ ਦੀ ਸਜ਼ਾ ਨੂੰ ਲੈ ਕੇ ਬਹਿਸ ਫਿਰ ਤੋਂ ਸ਼ੁਰੂ ਹੋ ਗਈ ਹੈ। ਸੂਬੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵਾਂ ਤਰੀਕਾ ਮਨੁੱਖਤਾ ਅਨੁਸਾਰ ਹੈ ਪਰ ਆਲੋਚਕਾਂ ਨੇ ਇਸ ਨੂੰ ਬੇਰਹਿਮ ਅਤੇ ਪ੍ਰਯੋਗਾਤਮਕ ਕਿਹਾ ਹੈ।
ਅਧਿਕਾਰੀਆਂ ਨੇ ਦਸਿਆ ਕਿ 58 ਸਾਲ ਦੇ ਕੈਨੇਥ ਯੂਜੀਨ ਸਮਿਥ ਦੀ ਵੀਰਵਾਰ ਨੂੰ ਫੇਸ ਮਾਸਕ ਰਾਹੀਂ ਨਾਈਟ੍ਰੋਜਨ ਗੈਸ ਸਾਹ ਲੈਣ ਤੋਂ ਬਾਅਦ ਆਕਸੀਜਨ ਦੀ ਕਮੀ ਕਾਰਨ ਮੌਤ ਹੋ ਗਈ। ਸਮਿਥ ਨੂੰ ਅਲਬਾਮਾ ਜੇਲ੍ਹ ’ਚ ਰਾਤ 8:25 ਵਜੇ ਮ੍ਰਿਤਕ ਐਲਾਨ ਦਿਤਾ ਗਿਆ।
ਅਮਰੀਕਾ ’ਚ 1982 ਤੋਂ ਬਾਅਦ ਘਾਤਕ ਟੀਕਾ ਲਗਾ ਕੇ ਮੌਤ ਦੀ ਸਜ਼ਾ ਨੂੰ ਲਾਗੂ ਕੀਤਾ ਜਾਂਦਾ ਸੀ। ਨਾਈਟ੍ਰੋਜਨ ਸੁੰਘਾ ਕੇ ਜਾਨ ਲੈਣ ਨਾਲ ਮੌਤ ਦੀ ਸਜ਼ਾ ਦਾ ਇਹ ਪਹਿਲਾ ਮਾਮਲਾ ਹੈ। 1988 ’ਚ ਇਕ ਵਿਅਕਤੀ ਤੋਂ ਸੁਪਾਰੀ ਲੈ ਕੇ ਉਸ ਦੀ ਪਤਨੀ ਦਾ ਕਤਲ ਕਰਨ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਸਮਿਥ ਨੂੰ ਫਾਂਸੀ ਦੇਣ ਦੀ ਕੋਸ਼ਿਸ਼ 2022 ’ਚ ਵੀ ਕੀਤੀ ਗਈ ਸੀ ਪਰ ਉਸ ਸਮੇਂ ਤਕਨੀਕੀ ਖਰਾਬੀ ਕਾਰਨ ਇਸ ਨੂੰ ਰੋਕ ਦਿਤਾ ਗਿਆ ਸੀ।
ਸਜ਼ਾ ਦੇ ਨਵੇਂ ਤਰੀਕੇ ਵਿਰੁਧ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ, ਸਮਿਥ ਨੂੰ ਨਾਈਟ੍ਰੋਜਨ ਸੁੰਘਾ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਮਿਥ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਰਾਜ ਇਸ ਨੂੰ ਸਜ਼ਾ ਦੇ ਤਰੀਕੇ ਦੀ ਵਰਤੋਂ ਕਰਨ ਲਈ ਇਕ ਪਰਖ ਵਸਤੂ ਵਜੋਂ ਵਰਤ ਰਿਹਾ ਹੈ ਜੋ ਸੰਭਾਵਤ ਤੌਰ ’ਤੇ ਜ਼ਾਲਮ ਅਤੇ ਅਸਾਧਾਰਣ ਕਿਸਮ ਦੀ ਸਜ਼ਾ ’ਤੇ ਸੰਵਿਧਾਨਕ ਪਾਬੰਦੀਆਂ ਦੀ ਉਲੰਘਣਾ ਕਰਦਾ ਹੈ। ਅਮਰੀਕੀ ਸੁਪਰੀਮ ਕੋਰਟ ਨੇ ਵੀਰਵਾਰ ਰਾਤ ਨੂੰ ਸਮਿਥ ਦੀ ਅਪੀਲ ਖਾਰਜ ਕਰ ਦਿਤੀ ਸੀ।