ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਹੁਣ ਅਕਾਲੀ ਦਲ ‘ਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਸਵਾਲ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਖਿਤਾਬ ਨੂੰ ਲੈ ਕੇ ਉੱਠਣ ਲੱਗੇ ਹਨ। ਇੰਗਲੈਂਡ ਦੀ ਸੰਗਤ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਬੇਨਤੀ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਫਕਰ-ਏ-ਕੌਮ ਖਿਤਾਬ ਵਾਪਸ ਲਿਆ ਜਾਵੇ।
ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ – ਕੌਮੀ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਤੇ ਅੰਨ੍ਹਾ ਤਸ਼ੱਦਦ ਕਰਨ ਵਾਲੇ ਤੇ ਉਹਨਾਂ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਵਾਲੇ ਪਾਪੀ ਬੁੱਚੜਾਂ ਨੂੰ ਬਣਦੀ ਸਜ਼ਾ ਨਾ ਦੇਣ ਕਾਰਨ ਅਤੇ ਵਾਰ ਵਾਰ ਸੱਤਾ ਵਿੱਚ ਹੁੰਦਿਆਂ ਹੋਇਆਂ ਵੀ ਜਥੇਦਾਰ ਜੀ ਦੇ ਕੇਸ ਦੀ ਰਿਪੋਰਟ ਨੂੰ ਹੁਣ ਤੱਕ ਦਬਾ ਕੇ ਰੱਖਣ ਦਾ ਬੱਜਰ ਗੁਨਾਹ ਕੀਤਾ ਗਿਆ। ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਪਿਛਲੇ ਸਮੇਂ ਵਿੱਚ ਫਕਰ-ਏ-ਕੌਮ ਦਾ ਖਿਤਾਬ ਦਿੱਤਾ ਗਿਆ ਸੀ, ਇੰਗਲੈਂਡ ਦੀ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਖਿਤਾਬ ਫਕਰ-ਏ-ਕੌਮ ਵਾਪਸ ਲਿਆ ਜਾਵੇ।