ਬਠਿੰਡਾ, 4 ਜਨਵਰੀ, ਬਲਵਿੰਦਰ ਸਿੰਘ ਭੁੱਲਰ
ਕਿਸੇ ਭਾਸ਼ਾ ਜਾਂ ਬੋਲੀ ਦੇ ਵਿਕਾਸ ਲਈ ਬਾਲ ਸਾਹਿਤ ਦਾ ਬਹੁਤ ਵੱਡਾ ਮਹੱਤਵ ਹੈ, ਜੇਕਰ ਬੱਚੇ ਅਜਿਹਾ ਸਾਹਿਤ ਪੜਣ ਦੇ ਨਾਲ ਨਾਲ ਰਚਨਾ ਵੀ ਕਰਨ ਲੱਗ ਜਾਣ ਤਾਂ ਭਾਸ਼ਾ ਹੋਰ ਅਮੀਰ ਹੋਣ ਵੱਲ ਕਦਮ ਵਧਾਉਂਦੀ ਹੈ। ਬੱਚੀ ਪੁਨੀਤ ਇਸ ਕਾਜ਼ ਲਈ ਮਿਹਨਤ ਨਾਲ ਬਾਲ ਸਾਹਿਤ ਦੀ ਰਚਨਾ ਕਰਕੇ ਚੰਗਾ ਯੋਗਦਾਨ ਪਾ ਰਹੀ ਹੈ।
ਉਹ ਮਾਂ ਬੋਲੀ ਪੰਜਾਬੀ ਦੇ ਨਾਲ ਨਾਲ ਹੋਰ ਭਾਸ਼ਾਵਾਂ ਵਿੱਚ ਵੀ ਕਵਿਤਾਵਾਂ ਲਿਖਦੀ ਹੈ। ਬੀਤੇ ਦਿਨੀਂ ਪੁਨੀਤ ਨੇ ਜਿਲੇ ਦੇ ਡਿਪਟੀ ਕਮਿਸਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੂੰ ਆਪਣੀਆਂ ਕਵਿਤਾਵਾਂ ਦੀਆਂ ‘ਜੇ ਮੈਂ ਚਿੜੀ ਬਣ ਜਾਵਾਂ’ ਪੰਜਾਬੀ ਅਤੇ ‘ਮੇਰੀ ਕਵਿਤਾਵਾਂ ਕਾ ਸ਼ਹਿਰ’ ਹਿੰਦੀ ਦੀਆਂ ਪੁਸਤਕਾਂ ਭੇਂਟ ਕੀਤੀਆਂ। ਸ੍ਰੀ ਪਰੇ ਨੇ ਪੁਨੀਤ ਦੀਆਂ ਰਚਨਾਵਾਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸਨੂੰ ਵਧਾਈ ਦਿੱਤੀ। ਇਸਤੋਂ ਇਲਾਵਾ ਪੁਨੀਤ ਨੇ ਅੰਗਰੇਜੀ ਕਵਿਤਾਵਾਂ ਦੀ ਇੱਕ ਪੁਸਤਕ ‘ਮੀ ਐਂਡ ਮਾਈ ਫਰੈਂਡਜ’ ਵੀ ਸਾਹਿਤ ਦੀ ਝੋਲੀ ਪਾਈ ਹੈ।
ਪੁਨੀਤ ਦੇ ਸਾਹਿਤ ਦੇ ਖੇਤਰ ਵਿੱਚ ਬਚਪਨ ਤੋਂ ਪੈਰ ਰੱਖਣ ਪਿੱਛੇ ਉਸਦੇ ਸਾਹਿਤਕ ਪਰਿਵਾਰ ਦਾ ਵੀ ਯੋਗਦਾਨ ਹੈ। ਉਸਦੇ ਪਿਤਾ ਸ੍ਰੀ ਦਿਲਜੀਤ ਸਿੰਘ ਬੰਗੀ ਦੀਆਂ ਵੀ ਕਵਿਤਾਵਾਂ ਦੀਆਂ ਦੋ ਪੁਸਤਕਾਂ ‘ਝਨਾਂ ਦੇ ਪਾਣੀਆਂ ਵੇ’ ਅਤੇ ‘ਵਾਟ ਲੰਮੇਰੀ’ ਛਪ ਚੁੱਕੀਆਂ ਹਨ ਅਤੇ ਪੁਨੀਤ ਦੀ ਦੂਜੀ ਭੈਣ ਦਾ ਵੀ ਇੱਕ ਸਫ਼ਰਨਾਮਾ ‘ਅੰਦਰੇਟੇ ਦੀਆਂ ਯਾਦਾਂ’ ਛਪ ਚੁੱਕਿਆ ਹੈ। ਸਾਹਿਤਕ ਕਾਰਜ ਵਿੱਚ ਰੁੱਝਿਆ ਪਰਿਵਾਰ ਜਿੱਥੇ ਵਧਾਈ ਦਾ ਪਾਤਰ ਹੈ, ਉੱਥੇ ਪੁਨੀਤ ਤੋਂ ਸਾਹਿਤ ਰਚਨਾ ਦੇ ਅਰੰਭੇ ਕਾਰਜ ਤੋਂ ਵੱਡੀਆਂ ਉਮੀਦਾਂ ਹਨ।