ਨਵਾਂ ਸਾਲ ਚੜ੍ਹਦੇ ਹੀ ਦੁਨੀਆ ਭਰ ਦੇ ਪਾਸਪੋਰਟਾਂ ਦੀ ਨਵੀਂ ਰੈਂਕਿੰਗ ਜਾਰੀ ਹੋ ਗਈ ਹੈ। ਹਾਲ ਹੀ ਵਿਚ ਗਲੋਬਲ ਨਾਗਰਿਕਤਾ ਵਿੱਤੀ ਸਲਾਹਕਾਰ ਫਰਮ ਆਰਟਨ ਕੈਪੀਟਲ ਨੇ 2024 ਦੀ ਪਹਿਲੀ ਤਿਮਾਹੀ ਲਈ ਪਾਸਪੋਰਟ ਸੂਚਕਾਂਕ ਜਾਰੀ ਕੀਤਾ। ਇਸ ਸੂਚਕਾਂਕ ਵਿੱਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਪਾਸਪੋਰਟ ਨੂੰ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਮੰਨਦੇ ਹੋਏ ਪਹਿਲਾ ਸਥਾਨ ਦਿੱਤਾ ਗਿਆ ਹੈ। UAE ਪਾਸਪੋਰਟ ਦਾ ਗਤੀਸ਼ੀਲਤਾ ਸਕੋਰ 180 ਹੈ ਅਤੇ ਇਹ ਸਭ ਤੋਂ ਸ਼ਕਤੀਸ਼ਾਲੀ ਯਾਤਰਾ ਦਸਤਾਵੇਜ਼ ਬਣ ਗਿਆ ਹੈ।
ਸੰਯੁਕਤ ਅਰਬ ਅਮੀਰਾਤ ਦੇ ਪਾਸਪੋਰਟ ਧਾਰਕ 130 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਅਤੇ 50 ਦੇਸ਼ਾਂ ਵਿਚ ਵੀਜ਼ਾ ਆਨ ਅਰਾਈਵਲ ਦੇ ਨਾਲ ਯਾਤਰਾ ਕਰ ਸਕਦੇ ਹਨ। ਯੂ.ਏ.ਈ ਪਾਸਪੋਰਟ ਇੰਨਾ ਸ਼ਕਤੀਸ਼ਾਲੀ ਹੈ ਕਿ ਧਾਰਕ 123 ਦੇਸ਼ਾਂ ਵਿਚ ਵੀਜ਼ਾ ਮੁਕਤ ਦਾਖਲ ਹੋ ਸਕਦੇ ਹਨ। ਗਲਫ ਟੂਡੇ ਦੀ ਇਕ ਰਿਪੋਰਟ ਮੁਤਾਬਕ ਯੂ.ਏ.ਈ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੱਸਦੇ ਹੋਏ ਆਰਟਨ ਕੈਪੀਟਲ ਨੇ ਕਿਹਾ ਕਿ ਯੂ.ਏ.ਈ ਨੇ ਸਕਾਰਾਤਮਕ ਕੂਟਨੀਤੀ ਅਪਣਾਈ ਹੈ ਜਿਸ ਕਾਰਨ ਉਸ ਦਾ ਪਾਸਪੋਰਟ ਇੰਨਾ ਮਜ਼ਬੂਤ ਹੋਇਆ ਹੈ। ਇਸ ਸੂਚੀ ਵਿਚ ਦੂਜੇ ਸਥਾਨ ‘ਤੇ ਜਰਮਨੀ, ਸਪੇਨ, ਫਰਾਂਸ, ਇਟਲੀ ਅਤੇ ਨੀਦਰਲੈਂਡ ਸਮੇਤ ਕਈ ਦੇਸ਼ ਹਨ ਜਿਨ੍ਹਾਂ ਦਾ ਗਤੀਸ਼ੀਲਤਾ ਸਕੋਰ 178 ਹੈ। ਮਤਲਬ ਇਨ੍ਹਾਂ ਦੇਸ਼ਾਂ ਦੇ ਪਾਸਪੋਰਟ ਧਾਰਕ 178 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਤੀਜੇ ਸਥਾਨ ‘ਤੇ ਸਵੀਡਨ, ਫਿਨਲੈਂਡ, ਲਕਸਮਬਰਗ, ਆਸਟ੍ਰੀਆ ਅਤੇ ਸਵਿਟਜ਼ਰਲੈਂਡ ਹਨ, ਜਿਨ੍ਹਾਂ ਦਾ ਗਤੀਸ਼ੀਲਤਾ ਸਕੋਰ 177 ਹੈ।