ਦਰਸ਼ਕ ਨਾਟਕ ਵੇਖਦੇ ਰੋਂਦੇ ਰਹੇ, ਸ਼ਾਬਾਸ਼ ਲੈਣ ਸਮੇਂ ਅਦਾਕਾਰਾ ਨੇ ਵੀ ਹੰਝੂ ਕੇਰੇ
ਬਠਿੰਡਾ, 29 ਦਸੰਬਰ, ਬਲਵਿੰਦਰ ਸਿੰਘ ਭੁੱਲਰ
ਔਰਤ ਸਿ੍ਰਸ਼ਟੀ ਦੀ ਸਭ ਤੋਂ ਉੱਤਮ ਰਚਨਾ ਹੈ ਅਤੇ ਜੱਗ ਜਣਨੀ ਵੀ ਹੈ, ਪਰੰਤੂ ਔਰਤ ਦਾ ਜੀਵਨ ਸੰਘਰਸ਼ਮਈ ਤੇ ਦੁੱਖਾਂ ਭਰਿਆ ਹੁੰਦਾ ਹੈ। ਫੇਰ ਵੀ ਉਹ ਖ਼ੁਦ ਦੁੱਖ ਸਹਾਰਦੀ ਹੈ ਅਤੇ ਦੂਜਿਆਂ ਦਾ ਭਵਿੱਖ ਰੌਸ਼ਨ ਬਣਾਉਣ ਲਈ ਦੀਵੇ ਜਗਾਉਂਦੀ ਹੈ। ਇਸ ਸੱਚਾਈ ਨੂੰ ਬੀਤੇ ਦਿਨੀਂ ਅਦਾਕਾਰ ਕਮਲਜੀਤ ਕੌਰ ਨੇ ਆਪਣੀ ਅਦਾਕਾਰੀ ਨਾਲ ਪੇਸ਼ ਕਰਦਿਆਂ ਦਰਸ਼ਕਾਂ ਨੂੰ ਭਾਵੁਕ ਕਰਕੇ ਅੱਖਾਂ ਚੋਂ ਹੰਝੂ ਕੇਰਨ ਲਾ ਦਿੱਤਾ, ਇੱਥੇ ਹੀ ਬੱਸ ਨਹੀਂ ਦਰਸ਼ਕਾਂ ਤੋਂ ਵਾਹ ਵਾਹ ਖੱਟਣ ਵੇਲੇ ਖ਼ੁਦ ਵੀ ਰੋਂਦਿਆਂ ਹੋਇਆਂ ਹੀ ਧੰਨਵਾਦ ਕੀਤਾ।
ਸਥਾਨਕ ਟੀਚਰਜ ਹੋਮ ਵਿਖੇ ਪੀਪਲਜ ਲਿਟਰੇਰੀ ਫੈਸਟੀਵਲ ਵਿਖੇ ਪੰਜਾਬੀ ਦੀ ਨਾਮਵਰ ਸ਼ਾਇਰਾ ਸੁਖਵਿੰਦਰ ਅੰਮਿ੍ਰਤ ਦੇ ਜੀਵਨ ਤੇ ਆਧਾਰ ਇੱਕ ਨਾਟਕ ਅਕਸ ਰੰਗਮੰਚ ਸਮਰਾਲਾ ਵੱਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਇਸ ਇੱਕ ਪਾਤਰੀ ਨਾਟਕ ਦੀ ਅਦਾਕਾਰਾ ਕਮਲਜੀਤ ਕੌਰ ਨੇ ਜੋ ਯਥਾਰਥ ਪੇਸ਼ ਕੀਤਾ, ਉਹ ਕੇਵਲ ਸੁਖਵਿੰਦਰ ਦੀ ਜਿੰਦਗੀ ਨਾਲ ਹੀ ਨਹੀਂ ਬਲਕਿ ਹਰ ਔਰਤ ਦੇ ਜੀਵਨੀ ਸੰਘਰਸ਼ ਤੇ ਤੱਥ ਦੀ ਸ਼ਾਹਦੀ ਭਰਦਾ ਸੀ। ਕੁੜੀ ਹੋਣ ਸਦਕਾ ਸਕੂਲ ਸਮੇਂ ਹੀ ਸਾਹਿਤ ਰਚਨ ਦੀ ਇੱਛਾ ਨੂੰ ਮਾਪਿਆਂ ਇਹ ਕਹਿ ਕੇ ਛੁਡਵਾ ਦਿੱਤਾ ਕਿ ਇਹ ਕੰਜਰਾਂ ਵਾਲੇ ਕੰਮ ਕਰਦੀ ਹੈ, ਉਸ ਦੀਆਂ ਰਚਨਾਵਾਂ ਮਾਂ ਨੇ ਚੁੱਲੇ ਦੀ ਅੱਗ ਵਿੱਚ ਸੁੱਟ ਕੇ ਫੂਕ ਦਿੱਤੀਆਂ। ਕਮਲਜੀਤ ਨੇ ਕਮਾਲ ਦੀ ਅਦਾਕਾਰੀ ਪੇਸ਼ ਕਰਦਿਆਂ ਬਚਪਨ, ਸਕੂਲੀ ਸਮੇਂ ਦੇ ਹਾਲਾਤਾਂ, ਮਾਪਿਆਂ ਦੇ ਘਰ ਹੰਢਾਏ ਦੁੱਖਾਂ, ਸਹੁਰਿਆਂ ਦੇ ਘਰ ਦੇ ਅੱਤਿਆਚਾਰ ਤੇ ਮਿਹਣੇ ਪੇਸ਼ ਕਰਦਿਆਂ ਦਰਸ਼ਕਾਂ ਨੂੰ ਅੱਖਾਂ ਚੋਂ ਵਾਰ ਵਾਰ ਅੱਖਾਂ ਚੋਂ ਹੰਝੂ ਕੇਰਨ ਲਈ ਮਜਬੂਰ ਕਰ ਦਿੱਤਾ। ਜੀਵਨ ਦਾ ਅੱਧ ਲੰਘਾਉਣ ਬਾਅਦ ਉਸਦੇ ਦਿਨ ਸੁਖਾਲੇ ਹੋਏ, ਪਾਤਰਾ ਨੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕੀਤਾ ਅਤੇ ਮੁੜ ਕਲਮ ਚੁੱਕ ਕੇ ਸਾਹਿਤ ਰਚਨ ਨੂੰ ਅਪਣਾਇਆ।
ਦਰਸ਼ਕ ਮਹਿਸੂਸ ਕਰ ਰਹੇ ਸਨ ਕਿ ਇਹ ਨਾਟਕ ਹਰ ਔਰਤ ਦੀ ਵਿਥਿਆ ਹੈ, ਯਥਾਰਥ ਹੈ ਅਤੇ ਸਦੀਆਂ ਤੋਂ ਸੰਘਰਸ਼ਮਈ ਜੀਵਨ ਹੰਢਾ ਰਹੀ ਔਰਤ ਦੀ ਗਾਥਾ ਹੈ। ਪੰਡਾਲ ਵਿੱਚ ਸ਼ਾਇਦ ਹੀ ਕੋਈ ਦਰਸ਼ਕ ਹੋਵੇਗਾ, ਜਿਸਨੇ ਨਾਟਕ ਵੇਖਦਿਆਂ ਹੰਝੂ ਨਾ ਸੁੱਟੇ ਹੋਣ। ਦਰਸ਼ਕਾਂ ਨੇ ਸਾਹ ਰੋਕ ਕੇ ਨਾਟਕ ਵੇਖਿਆ, ਅੰਤ ਹੋਣ ਤੇ ਦਰਸ਼ਕ ਲਗਾਤਾਰ ਤਾੜੀਆਂ ਮਾਰਦੇ ਰਹੇ। ਜਦ ਅਦਾਕਾਰਾ ਨੂੰ ਸਟੇਜ ਤੇ ਦਰਸ਼ਕਾਂ ਦੇ ਰੂਬਰੂ ਪੇਸ਼ ਕੀਤਾ ਤਾਂ ਦਰਸਕਾਂ ਨੇ ਖੜੇ ਹੋ ਕੇ ਕਮਲਜੀਤ ਦਾ ਸਨਮਾਨ ਕੀਤਾ ਅਤੇ ਫਿਰ ਉਸਨੂੰ ਮੋਹ ਭਰੇ ਸ਼ਬਦਾਂ ਤੇ ਮਾਇਆ ਨਾਲ ਇਨਾਮ ਦੇਣ ਲਈ ਇੳੋਂ ਲਾਈਨ ਬਣਾ ਲਈ, ਜਿਵੇਂ ਕਿਸੇ ਧਾਰਮਿਕ ਅਸਥਾਨ ਤੇ ਨਤਮਸਤਕ ਹੋਣ ਲਈ ਬਣਾਈ ਜਾਂਦੀ ਹੈ। ਦਰਸ਼ਕਾਂ ਦਾ ਮੋਹ ਪਿਆਰ ਵੇਖਦਿਆਂ ਅਦਾਕਾਰਾ ਕਮਲਜੀਤ ਵੀ ਸਟੇਜ ਤੇ ਅੱਗੇ ਹੋ ਕੇ ਬੈਠ ਗਈ ਤੇ ਭਾਵੁਕ ਹੁੰਦਿਆਂ ਹੰਝੂ ਕੇਰਨ ਲੱਗੀ। ਲੋਕ ਉਸਦੇ ਸਿਰ ਤੇ ਹੱਥ ਰੱਖ ਕੇ ਸਾਬਾਸ਼ ਦਿੰਦੇ ਹੋਏ ਇਨਾਮ ਦੇ ਰਹੇ ਸਨ ਤੇ ਉਹ ਰੋਂਦੀ ਹੋਈ ਭਰੇ ਗਲੇ ਨਾਲ ਧੰਨਵਾਦ ਕਹਿ ਰਹੀ ਸੀ। ਇਸ ਨਾਟਕ ਅਤੇ ਅਦਾਕਾਰੀ ਨੇ ਦਰਸ਼ਕਾਂ ਦੇ ਕਲੇਜੇ ਨੂੰ ਧੂਅ ਪਾ ਦਿੱਤੀ ਸੀ