ਅਜੋਕੇ ਸਮੇਂ ਵਿਚ ਜਿੱਥੇ ਰਾਜਨੀਤਕ ਪਾਰਟੀਆਂ ਦੇ ਆਗੂ ਧਰਮ ਨਿਰਪੱਖਤਾ ਦੀਆਂ ਟਾਹਰਾਂ ਮਾਰਦੇ ਹਨ।ਆਉ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਧਰਮ ਨਿਰਪੱਖ ਸਨ,ਸ਼ਹੀਦੀ ਪੰਦਰਵਾੜੇ ਦੇ ਵਿੱਚ ਵਾਪਰੀਆਂ ਵਿਲੱਖਣ ਮਿਸਾਲਾਂ ਦੀ ਗੱਲ ਕਰੀਏ। ਜਦੋ ਦੁਨੀਆ ਦੇ ਇਤਿਹਾਸ ਵਿੱਚ “ਮਨੁੱਖੀ ਅਧਿਕਾਰਾਂ” ਦੇ ਸ਼ਬਦ ਦੀ ਉਤਪਤੀ ਵੀ ਨਹੀ ਹੋਈ ਸੀ,ਉਸ ਸਮੇਂ ਵਿੱਚ ਬਾਲਕ ਗੋਬਿੰਦ ਰਾਏ ਨੇ 9 ਸਾਲ ਦੀ ਉਮਰ ਵਿੱਚ ਧਰਮ ਦੀਆਂ ਹੱਦਾਂ ਤੋਂ ਉਪਰ ਉੱਠ ਕੇ ਤਿਲਕ-ਜੰਜੂ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਲਈ ਤੋਰਿਆ।
ਸੰਨ 1704 ਈਸਵੀ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਤੋ ਬੁਖਲਾਹਟ ਵਿੱਚ ਆ ਕੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਕਈ ਮਹੀਨੇ ਘੇਰਾ ਪਾਈ ਰੱਖਿਆ ਤੇ ਅਸਫਲਤਾ ਨੂੰ ਦੇਖਦੇ ਹੋਏ ਅੰਤ ਵਿੱਚ ਕੁਰਾਨ ਤੇ ਗਾਂ ਦੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਨੂੰ ਕਿਲਾ ਖਾਲੀ ਕਰਨ ਦਾ ਵਾਸਤਾ ਪਾਇਆ। ਘਟ ਘਟ ਕੇ ਅੰਤਰ ਕੀ ਜਾਨਤ।। ਭਲੇ ਬੁਰੇ ਕੀ ਪੀਰ ਪਛਾਨਤ।। ਦੇ ਮਹਾਂਵਾਕ ਅਨੁਸਾਰ ਭਾਵੇ ਕਿ ਗੁਰੂ ਸਾਹਿਬ ਨੂੰ ਉਹਨਾਂ ਦੇ ਮਨਸੂਬਿਆਂ ਦਾ ਪਹਿਲਾਂ ਤੋ ਪਤਾ ਸੀ ਪਰ ਫਿਰ ਵੀ ਦੂਸਰੇ ਧਰਮਾਂ ਦੇ ਧਾਰਮਿਕ ਚਿੰਨ੍ਹਾਂ ਤੇ ਗ੍ਰੰਥਾਂ ਦਾ ਸਤਿਕਾਰ ਕਰਦੇ ਹੋਏ ਦਸ਼ਮੇਸ਼ ਪਿਤਾ ਜੀ ਨੇ ਕਿਲ੍ਹਾ ਛੱਡਣ ਦਾ ਫੈਸਲਾ ਕੀਤਾ ਤੇ ਕਿਲਾ ਛੱਡਣ ਉਪਰੰਤ ਉਹਨਾਂ ਫੌਜਾਂ ਨੇ ਆਪਣੀਆਂ ਕਸਮਾਂ ਤੋੜ ਕੇ ਸਿੰਘਾਂ ਤੇ ਹਮਲਾ ਕਰ ਦਿੱਤਾ। ਜਿਸ ਦੇ ਵਿੱਚ ਕਈ ਸਿੰਘ ਸ਼ਹੀਦ ਤੇ ਜਖਮੀ ਹੋਏ।
ਸਰਸਾ ਨਦੀ ਪਾਰ ਕਰਨ ਉਪਰੰਤ ਦਸ਼ਮੇਸ਼ ਪਿਤਾ ਜੀ ਜਦੋ ਨਿਹੰਗ ਖਾਨ ਦੀ ਹਵੇਲੀ ਵਿੱਚ ਗੰਭੀਰ ਰੂਪ ਵਿੱਚ ਜਖਮੀ ਹਾਲਾਤ ਵਿੱਚ ਭਾਈ ਬਚਿੱਤਰ ਸਿੰਘ ਜੀ ਨਾਲ ਪਹੁੰਚੇ ਤਾਂ ਗੁਰੂ ਸਾਹਿਬ ਨਿਹੰਗ ਖਾਨ ਦੇ ਪਰਿਵਾਰ ਨੂੰ ਬਚਿੱਤਰ ਸਿੰਘ ਹੁਣਾਂ ਦੀ ਸੇਵਾ-ਸੰਭਾਲ ਦੀ ਜਿੰਮੇਵਾਰੀ ਦੇ ਕੇ ਆਪ ਚਮਕੌਰ ਦੀ ਗੜ੍ਹੀ ਵਲ ਚਾਲੇ ਪਾ ਦਿੱਤੇ।ਪਿਛੋ ਮੁਗਲ ਫੌਜੀ ਗੁਰੂ ਸਾਹਿਬ ਨੂੰ ਲੱਭਦੇ ਹੋਏ ਨਿਹੰਗ ਖਾਨ ਦੀ ਹਵੇਲੀ ਵਿੱਚ ਤਲਾਸ਼ੀ ਲੈਣ ਆਏ।ਜਿਸ ਕਮਰੇ ਵਿੱਚ ਬੀਬੀ ਮੁਮਤਾਜ(ਨਿਹੰਗ ਖਾਨ ਦੀ ਬੇਟੀ) ਭਾਈ ਬਚਿੱਤਰ ਸਿੰਘ ਜੀ ਨੂੰ ਮਹਲਮ ਪੱਟੀ ਕਰ ਰਹੀ ਸੀ,ਜਦੋ ਸਿਪਾਹੀ ਉਸ ਕਮਰੇ ਦੀ ਤਲਾਸ਼ੀ ਲੈਣ ਲੱਗੇ ਤਾਂ ਨਿਹੰਗ ਖਾਨ ਜੀ ਨੇ ਕਿਹਾ ਕਿ ਉਸ ਕਮਰੇ ਵਿੱਚ ਉਹਨਾਂ ਦੇ ਧੀ-ਜਵਾਈ ਹਨ ਤੇ ਉਹਨਾਂ ਦੇ ਜਵਾਈ ਦੀ ਤਬੀਅਤ ਖਰਾਬ ਹੈ ਤੇ ਆਰਾਮ ਕਰ ਰਹੇ ਹਨ।
ਸਿਪਾਹੀ ਇਹ ਗਲ ਸੁਣ ਕੇ ਵਾਪਿਸ ਮੁੜ ਗਏ ਤੇ ਉਹਨਾਂ ਦੇ ਜਾਣ ਤੋਂ ਬਾਅਦ ਭਾਈ ਬਚਿੱਤਰ ਸਿੰਘ ਜੀ ਨੇ ਅੰਤਿਮ ਸਵਾਸ ਲਏ। ਭਾਈ ਸਾਹਿਬ ਦੀ ਸੇਵਾ ਤੋ ਲੈ ਕੇ ਸਸਕਾਰ ਕਰਨ ਤਕ ਦੀ ਸੇਵਾ ਨਿਹੰਗ ਖਾਨ ਹੁਣਾਂ ਦੇ ਪਰਿਵਾਰ ਨੇ ਨਿਭਾਈ। ਉਸ ਤੋ ਉਪਰੰਤ ਬੀਬੀ ਮੁਮਤਾਜ ਨੇ ਆਪਣੇ ਅੱਬਾ ਦੇ ਕਹੇ ਬੋਲ ਪੁਗਾਉਦੇ ਹੋਏ ਸਾਰੀ ਜਿੰਦਗੀ ਨਿਕਾਹ ਨਹੀ ਕਰਵਾਇਆ ਤੇ ਕਰੀਬ 125 ਸਾਲ ਦੀ ਉਮਰ ਤਕ ਭਾਈ ਬਚਿੱਤਰ ਸਿੰਘ ਜੀ ਪਤਨੀ ਦੇ ਰੂਪ ਵਿੱਚ ਭਗਤੀ ਹੀ ਕੀਤੀ। ਉਸ ਤੋ ਉਪਰੰਤ ਚਮਕੌਰ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦੇ ਸਾਹਿਬਾਨ ਤੇ ਸਿੰਘ ਸ਼ਹੀਦ ਹੋਏ ਤਾਂ ਗੁਰੂ ਸਾਹਿਬ ਨੇ “ਖਾਲਸਾ ਪੰਥ” ਦਾ ਹੁਕਮ ਮੰਨ ਕੇ ਹਕੂਮਤ ਨੂੰ ਲਲਕਾਰ ਕੇ ਤਾੜੀ ਮਾਰ ਕੇ ਜੰਡ ਸਾਹਿਬ,ਝਾੜ ਸਾਹਿਬ ਤੋ ਹੁੰਦੇ ਹੋਏ ਮਾਛੀਵਾੜੇ ਪਹੁੰਚੇ।ਜਿਥੋ ਗੁਰਦੇਵ ਨੂੰ ਗਨੀ ਖਾਂ ਜੀ ਤੇ ਨਬੀ ਖਾਂ ਜੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਲਿਜਾ ਕੇ ਸੇਵਾ ਕੀਤੀ। ਉਸ ਤੋ ਬਾਅਦ ਉਹਨਾਂ ਨੇ ਗੁਰੂ ਸਾਹਿਬ ਨੂੰ “ਉੱਚ ਦਾ ਪੀਰ” ਬਣਾ ਕੇ ਪਲੰਘ ਤੇ ਬਿਠਾ ਕੇ ਮੰਜੀ ਸਾਹਿਬ ਆਲਮਗੀਰ ਤੱਕ ਸੁਰੱਖਿਅਤ ਪਹੁੰਚਿਆ। ਗੁਰੂ ਸਾਹਿਬ ਨੇ ਉਹਨਾਂ ਦੇ ਹੱਥ ਖਾਲਸਾ ਪੰਥ ਲਈ ਹੁਕਮਨਾਮਾ ਭੇਜਿਆ,ਜਿਸ ਵਿੱਚ ਗਨੀ ਖਾਨ ਜੀ ਤੇ ਨਬੀ ਖਾਨ ਜੀ ਨੂੰ ਆਪਣੇ ਫਰਜੰਦ ਹੋਣ ਦੀ ਮਾਣ ਬਖ਼ਸ਼ਿਆ। ਉਹਨਾਂ ਦੀ ਬੇਟੀ ਆਪਣੇ- ਆਪ ਨੂੰ ਗੁਰੂ ਸਾਹਿਬ ਦੀ ਪੋਤੀ ਅਖਵਾ ਕੇ ਵਡਭਾਗਾ ਮਹਿਸੂਸ ਕਰਦੀ ਹੈ। ਮਹਿਸੂਸ ਕਰੋ ਗਨੀ ਖਾਂ ਜੀ ਤੇ ਨਬੀ ਖਾਂ ਜੀ ਦੇ ਜੁਅਰਤ ਤੇ ਜਜਬੇ ਨੂੰ,ਜਦੋ ਕਿ ਇਕ ਪਾਸੇ ਹਕੂਮਤ ਗੁਰੂ ਸਾਹਿਬ ਜੀ ਨੂੰ ਲੱਭਦੀ ਫਿਰਦੀ ਹੈ। ਉਹਨਾਂ ਨੇ ਕਿੰਨਾ ਵੱਡਾ ਦਲੇਰਾਨਾ ਤੇ ਜੋਖਿਮ ਭਰਿਆ ਕਦਮ ਚੁੱਕਿਆ।
ਆਉ!ਹੁਣ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵੱਲ ਪੰਛੀ ਝਾਤ ਮਾਰਦੇ ਹੋਏ ਮਨੁੱਖਤਾ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਦੀ ਗੱਲ ਕਰੀਏ। ਜਦੋ ਵਜੀਦਾ,ਕਾਜੀ ਤੇ ਸੁੱਚਾ ਨੰਦ ਵਰਗੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦੀਆਂ ਕੋਝੀਆਂ ਚਾਲਾਂ ਚੱਲਣ ਦੀਆਂ ਵਿਉਂਤਾਂ ਬਣਾ ਰਹੇ ਸਨ ਤਾਂ “ਨਵਾਬ ਸ਼ੇਰ ਮੁਹੰਮਦ ਖਾਨ ਜੀ” ਨੂੰ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਵਜੀਦੇ ਨੇ ਸਾਹਿਬਜ਼ਾਦਿਆਂ ਨੂੰ ਖਤਮ ਕਰਨ ਲਈ ਕਿਹਾ ਤਾਂ ਸ਼ੇਰ ਮੁਹੰਮਦ ਖਾਨ ਜੀ ਨੇ ਕਿਹਾ ਕਿ ਪਿਉ ਦੀ ਦੁਸ਼ਮਣੀ ਦੀ ਸਜਾ ਬੱਚਿਆਂ ਨੂੰ ਦੇਣੀ ਕੁਰਾਨ ਦੇ ਉਲਟ ਹੈ।ਮੈ ਆਪਣੇ ਭਰਾ ਦੀ ਮੌਤ ਦਾ ਬਦਲਾ ਮੈਦਾਨ-ਏ-ਜੰਗ ਵਿੱਚ ਹੀ ਲਵਾਂਗਾ। ਇਹੋ ਜਿਹੇ ਪਾਪ ਦੀ ਆਗਿਆ ਸਾਡਾ ਮਜ਼ਹਬ ਕਦੀ ਨਹੀ ਦਿੰਦਾ,”ਹਾਅ ਦਾ ਨਾਹਰਾ” ਮਾਰ ਕੇ ਖਾਨ ਸਾਹਿਬ ਭਰੀ ਕਚਿਹਰੀ ਵਿੱਚੋ ਗ਼ੁੱਸੇ ਨਾਲ ਉਠ ਕੇ ਆ ਗਏ। ਸਦਕੇ ਜਾਈਏ ਇਹੋ ਜਿਹੇ ਇਨਸਾਫ ਪਸੰਦ ਨਵਾਬ ਦੇ,ਜਿਹਨਾਂ ਨੂੰ ਯਾਦ ਕਰਕੇ ਸਿੱਖ ਅੱਜ ਵੀ ਸਿਰ ਝੁਕਾਉਂਦੇ ਹਨ ਤੇ ਮਲੇਰਕੋਟਲਾ ਵਿੱਚ ਉਹਨਾਂ ਦੀਆਂ ਰਹਿਮਤਾਂ ਨਾਲ ਸਿੱਖ-ਮੁਸਲਮਾਨ ਅੱਜ ਵੀ ਘਿਉ ਖਿਚੜੀ ਹੋ ਕੇ ਰਹਿੰਦੇ ਹਨ। ਆਉ! ਹੁਣ ਇਸ ਤੋ ਅੱਗੇ ਗੱਲ ਕਰਦੇ ਹਾਂ “ਮੋਤੀ ਰਾਮ ਮਹਿਰਾ ਜੀ” ਦੀ ਜਿਹਨਾਂ ਨੇ ਜਾਨ ਤਲੀ ਤੇ ਰੱਖ ਕੇ ਸਾਹਿਬਜ਼ਾਦੇ ਸਾਹਿਬਾਨ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ।
ਇਸ ਸੇਵਾ ਬਦਲੇ ਸਮੇਂ ਦੀ ਹਕੂਮਤ ਨੇ ਅਤਿਆਚਾਰ ਦੀਆਂ ਹੱਦਾਂ ਪਾਰ ਕਰਦੇ ਹੋਏ ਉਹਨਾਂ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ। ਮੈ ਵਾਰੀ ਜਾਵਾਂ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਤੋ। ਅੰਤ ਵਿੱਚ ਗਲ ਕਰਦੇ ਹਾਂ “ਦੀਵਾਨ ਟੋਡਰ ਮੱਲ ਜੀ” ਦੀ,ਜਿਨ੍ਹਾਂ ਨੇ ਆਪਣੀ ਸਾਰੀ ਜਮਾ-ਪੂੰਜੀ ਵੇਚ ਕੇ ਸਾਹਿਬਜ਼ਾਦੇ ਸਾਹਿਬਾਨ ਤੇ ਮਾਤਾ ਜੀ ਦੇ ਸਸਕਾਰ ਲਈ ਦੁਨੀਆ ਭਰ ਵਿੱਚ ਸਭ ਤੋ ਕੀਮਤੀ ਜਮੀਨ ਖਰੀਦੀ ਅਤੇ ਫਿਰ ਆਪਣੇ ਪਰਿਵਾਰ ਸਮੇਤ ਸਸਕਾਰ ਦੀ ਸੇਵਾ ਕੀਤੀ,ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ।ਮਹਿਸੂਸ ਕਰੋ ਉਹਨਾਂ ਨੇ ਬਿਖੜੇ ਸਮੇਂ ਵਿੱਚ ਫਤਹਿਗੜ੍ਹ ਸਾਹਿਬ ਤੋ ਜੋਤੀ ਸਰੂਪ ਦਾ ਪੈਂਡਾ ਕਿਵੇ ਤਹਿ ਕੀਤਾ ਹੋਵੇਗਾ? ਮੈ ਉਪਰੋਕਤ ਸਾਰੇ ਮਰਦ ਦਲੇਰਾਂ ਤੇ ਚਰਨਾਂ ਵਿੱਚ ਨਤਮਸਤਕ ਹੁੰਦੀ ਹਾਂ,ਜਿਹਨਾਂ ਨੇ ਧਰਮ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਕੇ ਗੁਰੂ ਸਾਹਿਬ ਜੀ ਦੇ ਪਰਿਵਾਰ ਤੇ ਸਿੰਘਾਂ ਦੀ ਸੇਵਾ ਕੀਤੀ। ਆਉ ਅਸੀ ਵੀ ਉਪਰੋਕਤ ਵਿਲੱਖਣ ਮਿਸਾਲਾਂ ਤੋ ਕੁੱਝ ਸੇਧ ਲੈਂਦੇ ਹੋਏ “ਸਰਬੱਤ ਦੇ ਭਲੇ” ਲਈ ਕਾਰਜ ਕਰਨ ਦਾ ਪ੍ਰਣ ਕਰੀਏ ਤਾਂ ਹੀ ਸਾਡੇ ਸ਼ਹੀਦੀ ਦਿਹਾੜੇ ਮਨਾਏ ਸਫਲ ਹੋਣਗੇ।
ਸਰਬੱਤ ਦਾ ਭਲਾ ਲੋਚਦੀ, ਮਨਦੀਪ ਕੌਰ ਪੰਨੂ