ਬਠਿੰਡਾ, 23 ਦਸੰਬਰ, ਬਲਵਿੰਦਰ ਸਿੰਘ ਭੁੱਲਰ
ਸਮਰੱਥ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁਰਜ ਗਿੱਲ ਵਿਖੇ ਦਿਆਰਥੀਆਂ ਦੇ ਰੂਬਰੂ ਹੋਏ। ਸਮਾਗਮ ਦੇ ਸੁਰੂ ਵਿੱਚ ਸਕੂਲ ਦੇ ਪਿ੍ਰੰ: ਅਮਰਿੰਦਰ ਸਿੰਘ ਨੇ ਉਹਨਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆ ਦੱਸਿਆ ਕਿ ਸ੍ਰੀ ਘਣੀਆਂ ਦੀ ਸ਼ਾਇਰੀ ਵਿੱਚ ਜਿੱਥੇ ਪੀੜਤ ਲੋਕਾਈ ਦਾ ਦਰਦ ਹੈ, ਉੱਥੇ ਇਸ ਪੀੜਾ ਲਈ ਜੁਮੇਵਾਰ ਧਿਰਾਂ ਦੇ ਖਿਲਾਫ ਰੋਹ ਵਿਦਰੋਹ ਵੀ ਵਿਖਾਈ ਦਿੰਦਾ ਹੈ।
ਇਸ ਉਪਰੰਤ ਸ੍ਰੀ ਸੁਰਿੰਦਰਪ੍ਰੀਤ ਘਣੀਆ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਉਸਦੀ ਸਿਰਜਣਾ ਦਾ ਆਧਾਰ ਉਹਨਾਂ ਵੱਲੋਂ ਤੀਜੀ ਜਮਾਤ ਵਿੱਚ ਪੜਦਿਆਂ ਮਿਲਟਰੀ ਵਿੱਚ ਸੇਵਾ ਕਰਦੇ ਆਪਣੇ ਚਾਚਾ ਕੈਪਟਨ ਪ੍ਰੀਤਮ ਸਿੰਘ ਲਹਿਰੀ ਨੂੰ ਲਿਖੀਆਂ ਚਿੱਠੀਆਂ ਹਨ। ਨੌਵੀਂ ਵਿੱਚ ਪੜਦਿਆਂ ਉਹਨਾਂ ਆਪਣਾ ਪਹਿਲਾ ਗੀਤ ਸ਼ਹੀਦ ਭਗਤ ਸਿੰਘ ਬਾਰੇ ਲਿਖਿਆ ਸੀ। ਉਹਨਾਂ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਦੱਸਿਆ ਕਿ ਕੋਈ ਰਚਨਾ ਕਿਹੜੇ ਕਿਹੜੇ ਪੜਾਅ ਤਹਿ ਕਰਕੇ ਕਾਗਜ ਤੇ ਉੱਤਰਦੀ ਹੈ ਤੇ ਪਾਠਕਾਂ ਅਤੇ ਸਰੋਤਿਆਂ ਤੱਕ ਪੁੱਜਦੀ ਹੁੰਦੀ ਹੈ।
ਆਪਣੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਉਹਨਾਂ ਦੱਸਿਆ ਕਿ ਦੋ ਮੌਲਿਕ ਗ਼ਜ਼ਲ ਸੰਗ੍ਰਹਿ ‘ਹਰਫਾਂ ਦੇ ਪੁਲ’ ਅਤੇ ‘ਟੂਮਾਂ’, ਇੱਕ ਸੰਪਾਦਿਤ ਪੁਸਤਕ ‘ਪੋ੍ਰ: ਰੁਪਿੰਦਰ ਮਾਨ: ਜੀਵਨ ਤੇ ਚੋਣਵੀਂ ਰਚਨਾ’ ਅਤੇ ਇੱਕ ਅਨੁਵਾਦਿਤ ਪੁਸਤਕ ‘ਫੁੱਲ ਅਤੇ ਸ਼ਾਹਿਦ ਦੀ ਮੱਖੀ’ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ। ਇਸਤੋਂ ਇਲਾਵਾ ਉਹ ਸਥਾਨਕ ਸਾਹਿਤ ਸੰਗਠਨਾਂ ਨਾਲ ਨਾਲ ਸਾਲ 2006 ਤੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵੱਖ ਵੱਖ ਅਹੁਦਿਆਂ ਤੇ ਕਾਰਜਸ਼ੀਲ ਹੋ ਕੇ ਪੰਜਾਬੀ ਮਾਂ ਬੋਲੀ, ਸੱਭਿਆਚਾਰ ਅਤੇ ਸਾਹਿਤ ਆਦਿ ਦੀ ਪ੍ਰਫੁੱਲਤਾ ਲਈ ਨਿਰੰਤਰ ਯਤਨ ਕਰਦੇ ਆ ਰਹੇ ਹਨ।
ਅਧਿਆਪਨ ਦੇ ਖੇਤਰ ਵਿੱਚੋਂ ਸੇਵਾਮੁਕਤ ਹੋਏ ਸ੍ਰੀ ਘਣੀਆਂ ਨੇ ਤਰਜਬੇ ਸਾਂਝੇ ਕਰਦਿਆਂ ਕਿਹਾ ਕਿ ਇੱਕ ਅਧਿਆਪਕ ਨੂੰ ਕਦੇ ਵੀ ਕਿਸੇ ਵਿਦਿਆਰਥੀ ਲਈ ਨਲਾਇਕ ਜਾਂ ਇਸ ਤਰਾਂ ਦੇ ਹੋਰ ਵਿਸ਼ੇਸ਼ਣ ਨਹੀਂ ਵਰਤਣੇ ਚਾਹੀਦੇ ਅਤੇ ਨਾ ਹੀ ਕੇਵਲ ਵੱਧ ਅੰਕ ਪ੍ਰਾਪਤ ਕਰਨ ਦੀ ਦੌੜ ਵਿੱਚ ਪਾਉਣਾ ਚਾਹੀਦਾ ਹੈ, ਬਲਕਿ ਵਿਦਿਆਰਥੀ ਨੂੰ ਗਿਆਨ ਪ੍ਰਾਪਤੀ ਲਈ ਜਗਿਆਸੂ ਬਿਰਤੀ ਦਾ ਬਣਾ ਕੇ ਜਿੰਦਗੀ ਦੇ ਰਾਹਾਂ ਤੇ ਆਪਦੇ ਰਾਹ ਖ਼ੁਦ ਤਲਾਸ਼ਣ ਵਾਲਾ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਮਨਦੀਪ ਕੌਰ, ਜੈਸਮੀਨ, ਅਮਨਦੀਪ ਕੌਰ ਤੇ ਜੋਗਿੰਦਰ ਕੌਰ ਨੇ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸਕੂਲ ਵੱਲੋਂ ਸ੍ਰੀ ਘਣੀਆਂ ਅਤੇ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਨੂੰ ਯਾਦਗਾਰੀ ਚਿੰਨ ਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸਟਾਫ਼ ਵਿੱਚੋਂ ਪਰਮਜੀਤ ਕੋਰ, ਮਮਤਾ ਰਾਣੀ, ਸੁਮਨਪ੍ਰੀਤ ਕੌਰ, ਗੀਤਾ ਰਾਣੀ, ਸਕੁੰਤਲਾ ਰਾਣੀ, ਬਲਜਿੰਦਰ ਸਿੰਘ, ਧਰਮਿੰਦਰ ਸਿੰਘ, ਬਲਦੇਵ ਸਿੰਘ ਹਰਪਿੰ੍ਰਸ ਸਿੰਘ ਵੀ ਹਾਜ਼ਰ ਸਨ। ਰੂਬਰੂ ਸਮਾਗਮ ਦਾ ਮੰਚ ਸੰਚਾਲਣ ਪੰਜਾਬੀ ਅਧਿਆਪਕਾ ਸ੍ਰੀਮਤੀ ਸਰਬਜੀਤ ਕੌਰ ਨੇ ਕਾਵਿਕ ਲਹਿਜ਼ੇ ਵਿੱਚ ਬਾਖੂਬੀ ਕੀਤਾ।