ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੁਆਫ਼ੀ ਮੰਗੀ ਹੈ। ਸੁਖਬੀਰ ਬਾਦਲ ਨੇ ਕਿਹਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋ ਕੇ ਅਕਾਲੀ ਸਰਕਾਰ ਰਾਜ ਵੇਲੇ ਜੋ ਬੇਅਦਬੀਆਂ ਹੋਈਆਂ ਹਨ, ਉਸ ਨੂੰ ਲੈ ਕੇ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਅਦਾ ਕਰਦਾ ਹੈ ਕਿ ਬੇਅਦਬੀ ਦੇ ਮਾਮਲੇ ‘ਚ ਅਸਲੀ ਮੁਲਜ਼ਮਾਂ ਨੂੰ ਜੇਲ੍ਹਾਂ ‘ਚ ਡੱਕਾਂਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਜਿਹੜੇ ਵੀ ਲੋਕਾਂ ਨੇ ਇਸ ਮੁੱਦੇ ‘ਤੇ ਸਿਆਸਤ ਕੀਤੀ ਹੈ ਉਨ੍ਹਾਂ ਦੇ ਵੀ ਚਿਹਰੇ ਕੌਮ ਅੱਗੇ ਪੇਸ਼ ਕੀਤੇ ਜਾਣਗੇ। ਬਾਦਲ ਨੇ ਕਿਹਾ ਕਿ ਇਸ ਗੱਲ ਦਾ ਹਮੇਸ਼ਾ ਰੋਸ ਰਿਹਾ ਕਿ ਉਹ ਬੇਅਦਬੀ ਕਰਨ ਵਾਲੇ ਮੁਲਜ਼ਮਾਂ ਨੂੰ ਫੜ ਨਹੀਂ ਸਕੇ। ਵਿਰੋਧੀਆਂ ਨੇ ਸਿਆਸਤ ਕਰਕੇ ਇਹ ਕੇਸ ਸੀਬੀਆਈ ਨੂੰ ਸੌਂਪਣ ਲਈ ਮਜ਼ਬੂਰ ਕੀਤਾ ਅਤੇ ਹੁਣ ਤੱਕ ਵੀ ਕਿਸੇ ਸਰਕਾਰ ਨੇ ਬੇਅਦਬੀ ਦੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ।
ਸੁਖਬੀਰ ਬਾਦਲ ਨੇ ਕਿਹਾ ਜੇਕਰ ਸਾਡੇ ਰਾਜ ਦੌਰਾਨ ਜਾਣੇ-ਅਣਜਾਣੇ ‘ਚ ਕੋਈ ਵੀ ਗਲਤੀ ਹੋਈ ਹੈ ਤਾਂ ਮੈਂ ਮਰਹੂਮ ਪ੍ਰਕਾਸ਼ ਸਿੰਘ, ਸਮੁੱਚੀ ਅਕਾਲੀ ਦਲ ਪਾਰਟੀ ਅਤੇ ਅਕਾਲੀ ਵਰਕਰਾਂ ਦੀ ਤਰਫੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਸਾਡੇ ਸਿਰ ‘ਤੇ ਹੱਥ ਰੱਖਣ ਤਾਂ ਜੋ ਸਰਬੱਤ ਦੇ ਭਲੇ ਅਤੇ ਭਾਈਾਚਾਰੇ ਦੀ ਸਾਂਝ ਬਣੀ ਰਹੇ ਅਤੇ ਅਸੀਂ ਪੰਜਾਬ ਨੂੰ ਮੁੜ ਪਹਿਲਾਂ ਵਾਂਗ ਬਣਾ ਸਕੀਏ।