ਭਾਰਤ ਸਰਕਾਰ ਦੁਆਰਾ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ‘ਮੇਕ ਇਨ ਇੰਡੀਆ’ ਵਰਗੇ ਯਤਨ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਦਾ ਅਸਰ ਹੁਣ ਭਾਰਤ ਸਮੇਤ ਪੂਰੀ ਦੁਨੀਆ ‘ਚ ਦਿਖਾਈ ਦੇ ਰਿਹਾ ਹੈ। ਮੇਡ ਇਨ ਇੰਡੀਆ ਉਤਪਾਦਾਂ ਨੇ ਹੌਲੀ-ਹੌਲੀ ਅਮਰੀਕੀ ਬਾਜ਼ਾਰ ਵਿੱਚ ਚੀਨ ਵਿੱਚ ਬਣੀਆਂ ਵਸਤਾਂ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਸਿਲਸਿਲੇ ‘ਚ ਮੰਗਲਵਾਰ ਨੂੰ ਪਹਿਲੀ ਵਾਰ ਭਾਰਤ ‘ਚ ਬਣੀ ਸਾਈਕਲ ਨੂੰ ਅਮਰੀਕਾ ਦੇ ਵਾਲਮਾਰਟ ਸਟੋਰ ‘ਚ ਲਾਂਚ ਕੀਤਾ ਗਿਆ। ਇਸ ਮੌਕੇ ਹਾਜ਼ਰ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਕੰਪਨੀ ਨੇ ਤਿਆਰ ਕੀਤਾ ਸਾਈਕਲ
ਸੰਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕਿਹਾ, ‘ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ! ਅਮਰੀਕਾ ਵਿੱਚ ਵਾਲਮਾਰਟ ਸਟੋਰਾਂ ਵਿੱਚ ਪਹਿਲੀ ਵਾਰ ਮੇਡ-ਇਨ-ਇੰਡੀਆ ਸਾਈਕਲਾਂ ਨੂੰ ਲਾਂਚ ਕਰਕੇ ਖੁਸ਼ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਈਕਲ ਭਾਰਤ ਦੇ ਲੁਧਿਆਣਾ ਸਥਿਤ ਹੀਰੋਸਾਈਕਲ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਾਲਮਾਰਟ ਨੇ ਐਲਾਨ ਕੀਤਾ ਸੀ ਕਿ ਭਾਰਤ ਵਿੱਚ ਬਣੀਆਂ ਸਾਈਕਲਾਂ ਪਹਿਲੀ ਵਾਰ ਅਮਰੀਕਾ ਵਿੱਚ ਉਸ ਦੇ ਕੁਝ ਸਟੋਰਾਂ ਤੱਕ ਪਹੁੰਚਣ ਜਾ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਮਸ਼ਹੂਰ Hero Ecotech Limited ਨੇ ਵਾਲਮਾਰਟ ਲਈ ‘ਕਰੂਜ਼ਰ ਸਟਾਈਲ’ ਬਾਈਕ ਤਿਆਰ ਕੀਤੀ ਹੈ।