ਆਸਟ੍ਰੇਲੀਆ ਜਾਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਦੀ ਸਰਕਾਰ ਪ੍ਰਵਾਸੀਆਂ ਲਈ ਨਵੇਂ ਨਿਯਮ ਬਣਾਉਣ ਜਾ ਰਹੀ ਹੈ। ਇਸ ਦੇ ਤਹਿਤ ਆਸਟ੍ਰੇਲੀਆ ਜਾਣ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦੀ ਜਾਂਚ ਸ਼ਾਮਲ ਹੋਵੇਗੀ। ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਸੋਮਵਾਰ (11 ਦਸੰਬਰ) ਨੂੰ ਕਿਹਾ ਕਿ ਇਹਨਾਂ ਨਿਯਮਾਂ ਦਾ ਭਾਰਤੀ ਵਿਦਿਆਰਥੀਆਂ ਜਾਂ ਪੇਸ਼ੇਵਰਾਂ ‘ਤੇ ਕੋਈ ਮਾੜਾ ਪ੍ਰਭਾਵ ਪੈਣ ਦੀ ਉਮੀਦ ਨਹੀਂ ਹੈ।
ਇਸ ਮਾਮਲੇ ਨਾਲ ਸਬੰਧਤ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਇਹ ਸੁਧਾਰ ਭਾਰਤੀ ਵਿਦਿਆਰਥੀਆਂ ਲਈ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਸਥਾਈ ਤੌਰ ‘ਤੇ ਆਸਟ੍ਰੇਲੀਆ ਵਿੱਚ ਰਹਿਣ, ਅਧਿਐਨ ਕਰਨ ਅਤੇ ਕੰਮ ਕਰਨ ਦੇ ਮੌਕਿਆਂ ਨੂੰ ਨਹੀਂ ਬਦਲਣਗੇ ਕਿਉਂਕਿ ਇਹ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤੇ (ਈ.ਟੀ.ਸੀ.ਏ.) ਦੇ ਤਹਿਤ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਸੁਧਾਰਾਂ ਨਾਲ ਹੁਨਰਮੰਦ ਕਾਮਿਆਂ ਲਈ ਵੀ ਨਵਾਂ ਰਾਹ ਖੁੱਲ੍ਹਣ ਦੀ ਉਮੀਦ ਹੈ। ਇਸ ਦਾ ਲਾਭ ਭਾਰਤੀ ਨਾਗਰਿਕਾਂ ਨੂੰ ਮਿਲੇਗਾ।
ਹਿੰਦੁਸਤਾਨ ਟਾਈਮਜ਼ ਮੁਤਾਬਕ ਆਸਟ੍ਰੇਲੀਆ ਸਰਕਾਰ ਨੇ ਸੋਮਵਾਰ ਨੂੰ ਮਾਈਗ੍ਰੇਸ਼ਨ ਰਣਨੀਤੀ ਜਾਰੀ ਕੀਤੀ। ਇਸ ਰਾਹੀਂ ਮੌਜੂਦਾ ਪ੍ਰਣਾਲੀ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਗਏ ਹਨ, ਤਾਂ ਜੋ ਦੇਸ਼ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਸੁਧਾਰਾਂ ਦਾ ਉਦੇਸ਼ ਹੁਨਰ ਪ੍ਰਵਾਸ ਅਤੇ ਪ੍ਰਤਿਭਾਸ਼ਾਲੀ ਲੋਕਾਂ ਦਾ ਪ੍ਰਬੰਧਨ ਕਰਨਾ ਹੈ। ਸਰਕਾਰ ਨੇ ਕਿਹਾ ਕਿ ਨਵੀਂ ਮਾਈਗ੍ਰੇਸ਼ਨ ਨੀਤੀ ਮਾਈਗ੍ਰੇਸ਼ਨ ਨੂੰ ਪੂਰਵ-ਮਹਾਮਾਰੀ ਦੇ ਪੱਧਰਾਂ ‘ਤੇ ਵਾਪਸ ਲਿਆਉਣ ਅਤੇ ਸਹੀ ਹੁਨਰ ਨੂੰ ਸਹੀ ਜਗ੍ਹਾ ‘ਤੇ ਲਿਆਉਣ ਵਿਚ ਮਦਦ ਕਰੇਗੀ। ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਸੁਧਾਰਾਂ ਦਾ ਉਦੇਸ਼ ਪ੍ਰਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨਾ ਹੈ ਅਤੇ ਇਸ ਤਹਿਤ ਅਰਜ਼ੀਆਂ ਦੀ ਹੋਰ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ।