ਅਪਣੀ ਮਿਹਨਤ ਨਾਲ ਪੂਰੀ ਦੁਨੀਆਂ ਵਿਚ ਪਹਿਚਾਣ ਬਣਾ ਚੁਕੇ ਪੰਜਾਬੀ ਜਿਥੇ ਵੱਡੇ ਵੱਡੇ ਮੁਕਾਮ ਸਰ ਕਰ ਚੁਕੇ ਹਨ। ਉਥੇ ਹੀ ਅਪਣੇ ਹੱਕਾਂ ਲਈ ਲੜਾਈ ਲੜਨ ਲਈ ਵੀ ਜਾਣੇ ਜਾਂਦੇ ਹਨ। ਫੇਰ ਭਾਵੇਂ ਇਹ ਪ੍ਰਦੇਸ਼ ਹੀ ਕਿਉਂ ਨਾ ਹੋਵੇ।
ਕਰੇਮੋਨਾ ਜ਼ਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪਰੋਸੁੱਸ ਮੀਟ ਦੀ ਫ਼ੈਕਟਰੀ ਵਿਚੋਂ ਕੰਮ ਤੋਂ ਕੱਢੇ ਗਏ 60 ਪੰਜਾਬੀ ਵਰਕਰ ਜੋ ਕਿ 16 ਅਕਤੂਬਰ ਤੋਂ ਲਗਾਤਾਰ ਵਰਦੇ ਮੀਂਹ ਅਤੇ ਠੰਢ ਵਿਚ ਧਰਨੇ ’ਤੇ ਬੈਠੇ ਹੋਏ ਹਨ ਅਤੇ ਅਪਣੇ ਹੱਕਾਂ ਲਈ ਵੱਡੀ ਲੜਾਈ ਲੜ ਰਹੇ ਹਨ ਤਾਕਿ ਉਨ੍ਹਾਂ ਦਾ ਕੰਮ ਉਨ੍ਹਾਂ ਨੂੰ ਵਾਪਸ ਮਿਲ ਸਕੇ। ਇਹ ਸਾਰੇ ਪੰਜਾਬੀ ਲੰਬੇ ਸਮੇਂ ਤੋਂ ਉਸ ਫ਼ੈਕਟਰੀ ਨਾਲ ਜੁੜੇ ਹੋਏ ਹਨ ਪਰ ਪਿਛਲੇ ਸਮੇਂ ਵਿਚ ਇਨ੍ਹਾਂ ਨੂੰ ਕੰਮ ਤੋਂ ਕੱਢ ਦਿਤਾ ਗਿਆ ਸੀ। ਇਨ੍ਹਾਂ ਵਰਕਰਾਂ ਨੇ ਵਰਕਰ ਯੂਨੀਅਨ ਯੂ ਐਸ ਬੀ ਨਾਲ ਮਿਲ ਕੇ ਇਟਲੀ ਦੇ ਸ਼ਹਿਰ ਕਰੇਮੋਨਾ ਵਿਖੇ ਰੋਸ ਮਾਰਚ ਕਢਿਆ ਜਿਸ ਵਿਚ ਪੰਜਾਬੀ ਭਰਾਵਾਂ ਤੋਂ ਇਲਾਵਾ ਮਜ਼ਦੂਰ ਯੂਨੀਅਨ ਦੇ ਇਟਲੀ ਦੇ ਹੋਰਨਾਂ ਹਿੱਸਿਆਂ ਤੋਂ ਪੁੱਜੇ ਵਰਕਰਾਂ ਨੇ ਹਿੱਸਾ ਲਿਆ।