ਅਮਰੀਕਾ ਵਿਚ ਘੱਟ ਤੋਂ ਘੱਟ 10 ਭਾਰਤੀ-ਅਮਰੀਕੀਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈਆਂ ਸਥਾਨਕ ਅਤੇ ਰਾਜ ਪੱਧਰੀ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਹਨ। ਇਹ ਜਿੱਤ ਅਮਰੀਕੀ ਰਾਜਨੀਤੀ ਵਿੱਚ ਭਾਰਤੀ ਭਾਈਚਾਰੇ ਦੇ ਵਧ ਰਹੇ ਦਬਦਬੇ ਨੂੰ ਦਰਸਾਉਂਦੀ ਹੈ।
ਹੈਦਰਾਬਾਦ ਵਿੱਚ ਜਨਮੀ ਗ਼ਜ਼ਾਲਾ ਹਾਸ਼ਮੀ ਲਗਾਤਾਰ ਤੀਜੀ ਵਾਰ ਵਰਜੀਨੀਆ ਦੀ ਸੈਨੇਟ ਲਈ ਚੁਣੀ ਗਈ ਹੈ। ਉਹ ਵਰਜੀਨੀਆ ਦੀ ਸੈਨੇਟ ਵਿੱਚ ਸੀਟ ਰੱਖਣ ਵਾਲੀ ਪਹਿਲੀ ਭਾਰਤੀ-ਅਮਰੀਕੀ ਅਤੇ ਮੁਸਲਿਮ ਔਰਤ ਸੀ। ਇਸ ਦੇ ਨਾਲ ਹੀ ਸੁਹਾਸ ਸੁਬਰਾਮਨੀਅਮ ਵੀ ਵਰਜੀਨੀਆ ਦੀ ਸੈਨੇਟ ਲਈ ਮੁੜ ਚੁਣੇ ਗਏ ਹਨ। ਉਹ ਦੋ ਵਾਰ 2019 ਅਤੇ 2021 ਵਿੱਚ ਹਾਊਸ ਆਫ ਡੈਲੀਗੇਟਸ ਲਈ ਚੁਣਿਆ ਗਿਆ ਸੀ। ਹਿਊਸਟਨ ਵਿੱਚ ਜਨਮੇ ਸੁਬਰਾਮਨੀਅਮ ਪਿਛਲੇ ਓਬਾਮਾ ਪ੍ਰਸ਼ਾਸਨ ਦੌਰਾਨ ਵ੍ਹਾਈਟ ਹਾਊਸ ਵਿੱਚ ਤਕਨਾਲੋਜੀ ਨੀਤੀ ਸਲਾਹਕਾਰ ਸਨ। ਉਹ ਵਰਜੀਨੀਆ ਹਾਊਸ ਲਈ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਹਨ। ਬਿਜ਼ਨਸ ਮੈਗਨੇਟ ਕੰਨਨ ਸ਼੍ਰੀਨਿਵਾਸਨ ਭਾਰਤੀ-ਅਮਰੀਕੀਆਂ ਦੇ ਦਬਦਬੇ ਵਾਲੇ ਲਾਊਡਨ ਕਾਉਂਟੀ ਖੇਤਰ ਤੋਂ ਵਰਜੀਨੀਆ ਹਾਊਸ ਆਫ ਡੈਲੀਗੇਟਸ ਲਈ ਚੁਣੇ ਗਏ ਹਨ। ਸ੍ਰੀਨਿਵਾਸਨ 90 ਦੇ ਦਹਾਕੇ ਵਿੱਚ ਭਾਰਤ ਤੋਂ ਅਮਰੀਕਾ ਆਏ ਸਨ।