ਆਸਟ੍ਰੇਲੀਆ ਫੈਡਰਲ ਕੋਰਟ ਵਲੋਂ ਆਸਟ੍ਰੇਲੀਆ ਵਿੱਚ ਸਾਬਕਾ ਭਾਰਤੀ ਹਾਈ ਕਮਿਸ਼ਨਰ ਨੂੰ ਆਪਣੇ ਹੀ ਘਰੇਲੂ ਕਰਮਚਾਰੀ ਦੇ ਸੋਸ਼ਣ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਨਤੀਜੇ ਵਜੋਂ ਸਾਬਕਾ ਹਾਈ ਕਮਿਸ਼ਨਰ ਵਲੋਂ ਸਾਬਕਾ ਕਰਮਚਾਰੀ ਨੂੰ ਹਜਾਰਾਂ ਡਾਲਰ ਦੀਆਂ ਬਣਦੀਆਂ ਤਨਖਾਹਾਂ ਅਤੇ ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਹੋਏ ਹਨ। ਸੀਮਾ ਸ਼ੇਰਗਿਲ ਜੋ 2015 ਵਿੱਚ ਆਸਟ੍ਰੇਲੀਆ ਆਈ ਸੀ ਤੇ ਉਸਨੇ, ਉਸ ਸਮੇਂ ਦੇ ਇੰਡੀਅਨ ਹਾਈ ਕਮਿਸ਼ਨਰ ਨਵਦੀਪ ਸੁਰੀ ਸਿੰਘ ਘਰ ਇੱਕ ਸਾਲ ਕੰਮ ਕੀਤਾ ਸੀ।
ਨਵਦੀਪ ਸੁਰੀ, ਸੀਮਾ ਤੋਂ ਹਫਤੇ ਦੇ 7 ਦਿਨ, 17.5 ਘੰਟੇ ਤੱਕ ਕੰਮ ਕਰਵਾਉਂਦਾ ਸੀ ਤੇ ਉਸਨੂੰ ਦਿਹਾੜੀ ਦੇ ਸਿਰਫ $9.5 ਹੀ ਦਿੰਦਾ ਸੀ। ਉਸਤੋਂ ਘਰ ਦੀ ਸਫਾਈ ਦਾ ਕੰਮ ਕਰਵਾਇਆ ਜਾਂਦਾ ਸੀ, ਭੋਜਨ ਬਣਵਾਇਆ ਜਾਂਦਾ ਸੀ, ਬਗੀਚਾ ਸਾਫ ਕਰਵਾਇਆ ਜਾਂਦਾ ਸੀ ਤੇ ਇਨ੍ਹਾਂ ਹੀ ਨਹੀਂ ਸੀਮਾ ਨੂੰ ਘਰੋਂ ਬਾਹਰ ਸਿਰਫ ਸੁਰੀ ਦਾ ਕੁੱਤਾ ਘੁਮਾਉਣ ਹੀ ਲੈ ਜਾਣ ਦਿੱਤਾ ਜਾਂਦਾ ਸੀ। ਸੀਮਾ ਦਾ ਪਾਸਪੋਰਟ ਵੀ ਉਸਤੋਂ ਖੋਹ ਲਿਆ ਗਿਆ ਸੀ। ਸ਼ੁਰੂਆਤ ਵਿੱਚ ਤਾਂ ਸੀਮਾ ਨੂੰ $7.8 ਪ੍ਰਤੀ ਦਿਨ ਦੇ ਵੀ ਦਿੱਤੇ ਜਾਂਦੇ ਸੀ। ਇਸ ਤਰ੍ਹਾਂ ਸੀਮਾਂ ਨੂੰ 13 ਮਹੀਨਿਆਂ ਦੇ ਕੰਮ ਦੇ ਸਿਰਫ $3400 ਹੀ ਅਦਾ ਕੀਤੇ ਗਏ ਸਨ। ਸੁਰੀ ਆਪਣੀ ਪੇਸ਼ੀ ‘ਤੇ ਤਾਂ ਨਹੀਂ ਪੁੱਜਾ ਪਰ ਜੱਜ ਨੇ ਉਸਦੀ ਗੈਰਹਾਜਰੀ ਵਿੱਚ ਹੀ ਕੇਸ ਦੀ ਕਾਰਵਾਈ ਚਲਾਉਣ ਦੀ ਇਜਾਜਤ ਦਿੱਤੀ ਸੀ। ਸੁਰੀ ਨੂੰ ਅਦਾਲਤ ਨੇ $136,000 ਸਮੇਤ ਵਿਆਜ, 60 ਦਿਨਾਂ ਦੇ ਅੰਦਰ ਅਦਾ ਕਰਨ ਦੇ ਹੁਕਮ ਦਿੱਤੇ ਹਨ।