ਏਸ਼ਿਆਈ ਖੇਡਾਂ 2023 ਹਾਂਗਝੂ ਵਿੱਚ ਭਾਰਤ ਨੇ ਨਵਾਂ ਰਿਕਾਰਡ ਸਥਾਪਤ ਕਰਕੇ 28 ਸੋਨੇ , 38 ਚਾਂਦੀ ਅਤੇ 41 ਕਾਂਸੀ ਦੇ ਕੁਲ107 ਤਗ਼ਮੇ ਜਿੱਤ ਕੇ ਚੌਥਾ ਸਥਾਨ ਪ੍ਰਾਪਤ ਕਰ ਕੇ ਅਗਲੇ ਸਾਲ ਪੈਰਿਸ ‘ਚ ਹੋਣ ਵਾਲੀਆਂ ਉਲਿੰਪਿਕ ਖੇਡਾਂ ਲਈ ਵੀ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਲਈ ਰਾਹ ਖੋਲ੍ਹ ਦਿੱਤੇ ਹਨ । ਪੰਜਾਬ ਨੇ ਇਨ੍ਹਾਂ ਖੇਡਾਂ ਵਿੱਚ ਪਿਛਲੇ 72 ਸਾਲਾਂ ਦੇ ਰਿਕਾਰਡ ਨੂੰ ਤੋੜਦਿਆਂ 8 ਸੋਨ , 6 ਚਾਂਦੀ ,ਅਤੇ 5 ਕਾਂਸੀ ਦੇ ਤਗ਼ਮੇ ਜਿੱਤ ਕੇ ਨਵੀਂ ਸ਼ੁਰੂਆਤ ਕਰਕੇ ਪੰਜਾਬ ‘ਚ ਖੇਡਾਂ ਦੇ ਭਵਿੱਖ ਨੂੰ ਨੋਜਵਾਨਾਂ ਲਈ ਸ਼ਾਨਦਾਰ ਰਾਹ ਬਣਾਉਣ ਦਾ ਸ਼ੁਭ ਸੰਕੇਤ ਦਿੱਤਾ ਹੈ ।ਨਿਸ਼ਾਨੇਬਾਜ਼ੀ ਵਿੱਚ ਭਾਰਤ ਨੇ 22 ਤਗ਼ਮੇ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ । ਪੰਜਾਬ ਦੀ ਸਿਫ਼ਤ ਕੌਰ ਸਮਰਾ ਨੇ ਨਿਸ਼ਾਨੇਬਾਜ਼ੀ ਵਿੱਚ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤ ਕੇ ਕੁੜੀਆਂ ਨੂੰ ਉੱਜਲੇ ਭਵਿੱਖ ਲਈ ਖੇਡਾਂ ‘ਚ ਵੀ ਆਪਣੀਆਂ ਮਨ ਪਸੰਦ ਦੀਆਂ ਖੇਡਾਂ ਵਿੱਚ ਭਾਗ ਲੈਣ ਦਾ ਸੰਦੇਸ਼ ਤਾਂ ਦਿੱਤਾ ਹੈ । ਹੋਰ ਖੇਡਾਂ ‘ਚ ਵੀ ਕੁੜੀਆਂ ਤਗ਼ਮੇ ਲੈ ਕੇ ਅੱਗੇ ਆਈਆਂ ਹਨ ।ਭਾਰਤੀ ਕੁੜੀਆਂ ‘ਚ ਪੰਜਾਬ ਸੂਬੇ ਦੀਆਂ ਕੁੜੀਆਂ ਨੇ ਹੁਣ ਸਾਰੀਆਂ ਖੇਡਾਂ ਵਿੱਚ ਆਪਣੀ ਥਾਂ ਬਿਹਤਰ ਬਣਾਉਣੀ ਸ਼ੁਰੂ ਕਰ ਦਿੱਤੀ ਹੈ । ਇਸ ਤੋਂ ਪਹਿਲਾਂ ਪੰਜਾਬ ਆਪਣੇ ਗੁਆਂਢੀ ਰਾਜਾਂ ਤੋਂ ਖੇਡਾਂ ਵਿੱਚ ਪਛੜਿਆ ਹੋਇਆ ਸੀ ਜੋ ਹੁਣ ਚੰਗੇ ਪ੍ਰਦਰਸ਼ਨ ਸਦਕਾ ਆਸ ਹੈ ਕਿ ਭਵਿੱਖ ਵਿੱਚ ਦੇਸ਼ ਅੰਦਰ ਆਪਣਾ ਨਾਮ ਹੋਰ ਉੱਚਾ ਕਰੇਗਾ ।
ਖੇਡ ਮੈਦਾਨ ਵਿੱਚੋਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਦਾ ਪਤਾ ਲੱਗਦਾ ਹੈ ਜਿਨ੍ਹਾਂ ’ਚੋਂ ਅਨੁਸ਼ਾਸ਼ਨ ਅਤੇ ਸਹਿਣਸ਼ੀਲਤਾ ਪ੍ਰਮੁੱਖ ਹਨ। ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਵਿੱਚ ਵੱਖੋ-ਵੱਖਰੇ ਸੂਬਿਆਂ ਦੇ ਖਿਡਾਰੀ ਹੋਣ ਦੇ ਬਾਵਜੂਦ ਉਹ ਪੂਰੇ ਤਾਲਮੇਲ ਨਾਲ ਖੇਡਦੇ ਹਨ।ਉਹ ਆਪਸ ਵਿੱਚ ਭੈਣ ਭਰਾਵਾਂ ਵਾਂਗ ਰਹਿੰਦੇ ਹਨ।ਇਸ ਤਰ੍ਹਾਂ ਦੇਸ਼ ਦੀ ਰਾਸ਼ਟਰੀ ਏਕਤਾ ਵਿੱਚ ਮਜਬੂਤੀ ਆਉਂਦੀ ਹੈ।ਇਹ ਇਨ੍ਹਾਂ ਮੈਚਾਂ ‘ਚ ਭਾਰਤੀ ਹਾਕੀ ਟੀਮਾਂ ਨੇ ਕਰਕੇ ਵੀ ਦਿਖਾਇਆ ਹੈ।ਓਡੀਸਾ ਸਰਕਾਰ ਨੇ 1918 ਵਿਚ ਪਹਿਲ ਕਦਮੀ ਕਰਕੇ ਹਾਕੀ ਇੰਡੀਆ ਨੂੰ ਪੰਜ ਸਾਲ ਲਈ ਸਪਾਂਸਰਸ਼ਿਪ ਕਰਕੇ ਜ਼ਮੀਨੀ ਪੱਧਰ ਤੋਂ ਮੁੜ ਹਾਕੀ ਨੂੰ ਉੱਚਾ ਚੁੱਕਣ ਦਾ ਉਪਰਾਲਾ ਕੀਤਾ ਜਿਸ ਦਾ ਸਿੱਟਾ ਸਾਡੇ ਸਾਹਮਣੇ ਹੈ ।ਇਸੇ ਕਰਕੇ ਸੂਬਾ ਸਰਕਾਰ ਨੇ 2033 ਤੱਕ ਇਹ ਸਪਾਂਸਰਸ਼ਿਪ ਵਧਾ ਦਿੱਤੀ ਹੈ ।ਇਸੇ ਤਰ੍ਹਾਂ ਹੀ ਦੂਜੀਆਂ ਖੇਡਾਂ ਨੂੰ ਸੂਬਿਆਂ ਵਲੋਂ ਸਪਾਂਸਰਸ਼ਿਪ ਦੇ ਕੇ ਹੋਰ ਬੁਲੰਦੀਆਂ ਵੱਲ ਜਾਣ ਲਈ ਰਾਹ ਪੱਧਰਾ ਕਰਨਾ ਚਾਹੀਦਾ ਹੈ ।
ਅੱਜ ਕੱਲ ਪੜ੍ਹਾਈ ਦੇ ਨਾਲ ਖੇਡਾਂ ਨੂੰ ਜੋੜ ਕੇ ਪੜ੍ਹਾਇਆ ਜਾਣ ਲੱਗਾ ਹੈ ।ਬੱਚੇ ਦੀ ਮੁਢਲੀ ਪ੍ਰਬਿਰਤੀ ਆਮ ਤੌਰ ਤੇ ਖੇਡਣ ਨਾਲ ਜੁੜੀ ਹੁੰਦੀ ਹੈ। ਸ਼ੁਰੂ ਤੋਂ ਹੀ ਬੱਚੇ ਲਈ ਸਭ ਤੋਂ ਪਹਿਲਾਂ ਉਸ ਦਾ ਮਨ ਪਰਚਾਉਣ ਲਈ ਖਿਡਾਉਣਿਆਂ ਦਾ ਸਹਾਰਾ ਲਿਆ ਜਾਂਦਾ ਸੀ,ਇਹ ਹੁਣ ਵੀ ਲਿਆ ਜਾਂਦਾ ਹੈ ,ਜਿਸ ਨੂੰ ਹੁਣ ‘ਪਲੇ ਸਕੂਲ’ ਨੇ ਪੜ੍ਹਾਉਣ ਲਈ ਵਰਤਨਾ ਸ਼ੁਰੂ ਕਰ ਦਿੱਤਾ ਹੈ ।ਇਹ ਖੇਡਾਂ ਦਿਮਾਗੀ ਵਿਕਾਸ ਦੇ ਨਾਲ ਸਰੀਰਕ ਵਿਕਾਸ ਲਈ ਵੀ ਜਰੂਰੀ ਹਨ।ਜ਼ਿੰਦਗੀ ਵਿੱਚ ਖੇਡਾਂ ਨਾਲ ਮਨ ਦੀ ਖੁਸ਼ੀ ਦਾ ਅਨੋਖਾ ਅਹਿਸਾਸ ਹੁੰਦਾ ਹੈ।ਇਸੇ ਲਈ ਗੁਰੂ ਸਾਹਿਬਾਨ ਨੇ ਆਖਿਆ ਹੈ ,“ਨਚਣੁ ਕੁਦਣੁ ਮਨ ਕਾ ਚਾਉ”।ਸੋ ਖੇਡਾਂ ਖੇਡਣਾ ਜ਼ਿੰਦਗੀ ਦਾ ਅਹਿਮ ਅੰਗ ਹੈ।ਸਰੀਰਕ ਤੰਦਰੁਸਤੀ ਬਾਰੇ ਕਿਸੇ ਨੇ ਠੀਕ ਹੀ ਕਿਹਾ ਹੈ ਕਿ,“ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ ਹੁੰਦਾ ਹੈ”।ਇਸ ਲਈ ਦੇਸ਼ ਦੇ ਬੱਚਿਆਂ ਦੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਪਵੇਗਾ ਤਾਂ ਹੀ ਉਨ੍ਹਾਂ ਦੇ ਦਿਮਾਗ ਤੰਦਰੁਸਤ ਹੋਣਗੇ।ਅੱਜ ਦੀ ਇਸ ਪਨੀਰੀ ਨੇ ਕੱਲ੍ਹ ਦੇ ਨੇਤਾ ਬਣਨਾ ਹੈ ਅਤੇ ਦੇਸ਼ ਨੂੰ ਉੱਚੀਆਂ ਬੁਲੰਦੀਆਂ ਤੇ ਲਿਜਾਣਾ ਹੈ। ਇਹ ਸਭ ਤਾਂ ਹੀ ਹੋ ਸਕਦਾ ਹੈ ਜੇ ਦੇਸ਼ ਦਾ ਦਿਮਾਗ ਭਾਵ ਸਾਡੇ ਦੇਸ਼ ਦੇ ਨੇਤਾਵਾਂ ਦਾ ਦਿਮਾਗ ਤੰਦਰੁਸਤ ਹੋਵੇਗਾ ਤਾਂ ਹੀ ਸਹੀ ਫੈਸਲੇ ਹੋਣ ਦੀ ਸੰਭਾਵਨਾ ਹੈ ।
ਆਮ ਬੱਚਿਆਂ ਅੰਦਰ ਖੇਡਾਂ ਪ੍ਰਤੀ ਰੁਚੀ ਘਟਦੀ ਜਾ ਰਹੀ ਹੈ।ਟੈਲੀਵੀਜ਼ਨ ਅਤੇ ਕੇਬਲ ਟੀ.ਵੀ.,ਮੋਬਾਇਲ ਆਦਿ ਨੇ ਬੱਚਿਆਂ ਦੇ ਖੇਡ ਸਮੇਂ ਨੂੰ ਨਿਗਲਣਾ ਸ਼ੁਰੂ ਕੀਤਾ ਹੋਇਆ ਹੈ।ਪਰ ਫਿਰ ਵੀ ਹੁਣ ਮਾਪੇ ਬੱਚਿਆਂ ਪ੍ਰਤੀ ਸੁਚੇਤ ਹੋ ਰਹੇ ਹਨ , ਉਨ੍ਹਾਂ ਨੂੰ ਖੇਡ ਜਗਤ ਵਿੱਚ ਵਿੱਚ ਵੀ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਦਿਖਾਈ ਦੇਣ ਲੱਗਾ ਹੈ ।ਏਸ਼ੀਆ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਅੱਠ-ਅੱਠ ਲੱਖ ਪਹਿਲਾਂ ਹੀ ਦੇਣੇ ਵੀ ਵਧੀਆ ਸ਼ੁਰੂਆਤ ਹੈ ਜਿਸ ਦੇ ਨਤੀਜੇ ਸਾਰਥਕ ਨਿਕਲੇ ਹਨ ਅਤੇ ਅੱਗੇ ਤੋਂ ਵੀ ਨਿਕਲਣਗੇ । ਸਰਕਾਰ ਵਲੋਂ ਕਰੋੜਾਂ ਦੇ ਇਨਾਮ ਅਤੇ ਸਰਕਾਰੀ ਨੌਕਰੀਆਂ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣ ਲੱਗੇ ਹਨ ਜੋ ਦੇਸ਼ ਦਾ ਵਿਸ਼ੇਸ਼ ਤੌਰ ਤੇ ਪੰਜਾਬ ਰਾਜ ਦਾ ਨਾਮ ਦੁਨੀਆਂ ਅੰਦਰ ਰੋਸ਼ਨ ਕਰਦੇ ਹਨ ।ਸੂਬਾ ਸਰਕਾਰ ਨੇ ਸੂਬੇ ਅੰਦਰ ‘ਖੇਡਾਂ ਵਤਨ ਪੰਜਾਬ ਦੀਆਂ’ਅਧੀਨ ਬਲਾਕ ਪੱਧਰ ਤੋਂ ਲੈ ਕੇ ਸਟੇਟ ਪੱਧਰ ਤੱਕ ਖੇਡਾਂ ਕਰਵਾਉਣ ਦਾ ਵਧੀਆ ਕਦਮ ਪੁੱਟਿਆ ਹੈ । ਜਿਸ ਦਾ ਉਦੇਸ਼ ਹਰੇਕ ਪੰਜਾਬੀ ਨੂੰ ਖੇਡਾਂ ਨਾਲ ਜੋੜਨਾ ਹੈ । ਜਿਸ ਨਾਲ ਖਿਡਾਰੀਆਂ ਦੀ ਕਾਰਗੁਜ਼ਾਰੀ ‘ਚ ਨਿਖਾਰ ਆਵੇਗਾ ।
ਖੇਡਾਂ ਦੇਸ਼ ਦੀ ਨੌਜਵਾਨੀ ਦੀ ਊਰਜਾ ਨੂੰ ਚੰਗੇ ਪਾਸੇ ਲਾਉਣ ਲਈ ਇੱਕ ਅਹਿਮ ਸਾਧਨ ਹਨ।ਬਹੁਤ ਸਾਰੇ ਅੰਤਰ-ਰਾਸਟਰੀ ਖਿਡਾਰੀਆਂ ਨੇ ਸਾਡੇ ਦੇਸ਼ ਦਾ ਨਾਂ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ।ਪਿਛੇ ਹੀ ਹਾਕੀ ਟੀਮ ਨੇ ਏਸ਼ੀਆ ਚੈਂਪੀਅਨ ਵਿੱਚ ਕਾਂਸ਼ੀ ਦਾ ਤਗ਼ਮਾ ਜਿੱਤ ਕੇ ਖੇਡਾਂ ਵਿੱਚ ਨਵੀਂ ਥਾਂ ਬਣਾਈ ਸੀ।ਇਸ ਟੀਮ ਵਿੱਚ ਬਹੁਤਾਤ ਖਿਡਾਰੀ ਪੰਜਾਬ ਦੇ ਸਨ ,ਇਸ ਲਈ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਕੇ ਹੋਰ ਵੀ ਵਧੀਆ ਪ੍ਰਾਪਤੀਆਂ ਦੀਆਂ ਸੰਭਾਵਨਾਵਾਂ ਹਨ ਜੋ ਉਨ੍ਹਾਂ ਹਾਂਗਝੂ ਏਸ਼ੀਆ ਗੇਮਜ਼ ਵਿਖੇ ਕਰ ਦਿਖਾਇਆ ਹੈ ।ਜਲੰਧਰ ਵਿਖੇ ਸੁਰਜੀਤ ਹਾਕੀ ਅਕੈਡਮੀ ਨੇ ਹਾਕੀ ਦੀ ਪਨੀਰੀ ਤਿਆਰ ਕਰਨ ਲਈ ਅਹਿਮ ਰੋਲ ਨਿਭਾਇਆ ਹੈ ਜਿਸ ਸਦਕਾ ਹਾਕੀ ਦੇ ਖਿਡਾਰੀ ਅਕੈਡਮੀ ਵਲੋਂ ਭਾਰਤੀ ਹਾਕੀ ਟੀਮ ਨੂੰ ਦੇਣ ਦਾ ਮਾਣ ਪ੍ਰਾਪਤ ਹੋਇਆ ਹੈ , ਜੋ ਪੰਜਾਬ ਸਰਕਾਰ ਨੁੰ ਇਸ ਅਕੈਡਮੀ ਦੀ ਹਰ ਮਦਦ ਕਰਕੇ ਭਵਿੱਖ ‘ਚ ਖੇਡਾਂ ਲਈ ਸ਼ੁਭ ਸ਼ੁਰੂਆਤ ਕਰਨੀ ਚਾਹੀਦੀ ਹੈ।ਭਾਰਤੀ ਹਾਕੀ ਟੀਮ (ਮਰਦ) ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ (2023) ਮਲੇਸੀਆ ਨੂੰ 4-3 ਗੋਲਾਂ ਨਾਲ ਹਰਾ ਕੇ ਪ੍ਰਾਪਤ ਕਰਕੇ ਦੇਸ਼ ਦਾ ਨਾਮ ਉੱਚਾ ਕੀਤਾ ਹੈ ।ਹੁਣੇ ਏਸ਼ੀਅਨ ਖੇਡਾਂ 2023 ਵਿੱਚ ਮਰਦਾਂ ਨੇ ਸੋਨੇ ਅਤੇ ਲੜਕੀਆਂ ਦੀ ਹਾਕੀ ਟੀਮ ਨੇ ਕਾਂਸ਼ੀ ਦੇ ਤਗ਼ਮੇ ਹਾਸ਼ਲ ਕਰਕੇ ਦੇਸ਼ ਦਾ ਨਾਂ ਉੱਚਾ ਕੀਤਾ ਹੈ । ਦੇਸ਼ ਲਈ ਹਾਕੀ ਦਾ ਭਵਿੱਖ ਵਧੇਰੇ ਚਮਕਦਾ ਲੱਗਦਾ ਹੈ । ਇਸ ਖੇਡ ਨੂੰ ਪ੍ਰਫੁਲਤ ਹੋਣ ਲਈ ਪੰਜਾਬ ਅੰਦਰ ਹਾਕੀ ਦੇ ਨਵੇਂ ਖਿਡਾਰੀ ਪੈਦਾ ਕਰਨ ਲਈ ਕਈ ਖੇਡ ਅਕਾਡਮੀਆਂ ਸਰਗਰਮ ਹਨ । ਕਈ ਸਕੂਲਾਂ ਵਿੱਚ ਵੀ ਹਾਕੀ ਨੂੰ ਪ੍ਰਮੋਟ ਕਰਨ ਲਈ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ । ਨਾਭਾ ਸ਼ਹਿਰ ਦੇ ਨੇੜਲੇ ਪਿੰਡ ਸ.ਹ.ਸ. ਥੂਹੀ ਵਿਖੇ ਡੀ.ਪੀ.ਈ. ਹਰਿੰਦਰ ਸਿੰਘ ਗਰੇਵਾਲ ਰਾਸਟਰਪਤੀ ਐਵਾਰਡ ਪ੍ਰਾਪਤ ਅਧਿਆਪਕ ਵਲੋਂ ਬੱਚਿਆਂ ਨੂੰ ਖੇਡਾਂ ਲਈ ਮਿਸਾਲੀ ਕੋਚਿੰਗ ਦੇ ਕੇ ਰਾਸਟਰੀ ਪੱਧਰ ਤੇ ਇਨਾਮ , ਸਨਮਾਨ ਬੱਚਿਆਂ ਨੂੰ ਪ੍ਰਾਪਤ ਕਰਾ ਚੁੱਕੇ ਹਨ । ਹੋਰਾਂ ਅਧਿਆਂਪਕਾਂ ਲਈ ਉਹ ਪ੍ਰੇਰਨਾ-ਸ੍ਰੋਤ ਬਣੇ ਹੋਏ ਦਿਲੋਂ ਕੰਮ ਕਰ ਰਹੇ ਹਨ ।
ਪੰਜਾਬਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਕਰਕੇ ਹੇਠਲੇ ਪੱਧਰ ਤੇ ਹਰੇਕ ਨੂੰ ਨੂੰ ਉਸਾਰੂ ਰਵਈਆ ਰੱਖ ਕੇ ਹੋਰ ਵਧੀਆ ਪ੍ਰਾਪਤੀਆਂ ਕਰਨ ‘ਚ ਮੋਹਰੀ ਹੋਣ ਲਈ ਹੋਰ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ ਅਤੇ ਖਿਡਾਰੀਆਂ ਨੂੰ ਹੋਰ ਵਧੇਰੇ ਸਹੂਲਤਾਂ ਦੇ ਕੇ ਮੁਕਾਬਲੇ ਦੇ ਖਿਡਾਰੀ ਬਣਾਉਣੇ ਪੈਣਗੇ,ਜਿਸ ਨਾਲ ਪੰਜਾਬ ਦੇ ਨੋਜਵਾਨ ਨਸ਼ਿਆਂ ਨੂੰ ਤਿਲਾਂਜਲੀ ਦੇ ਕੇ ਵਧੀਆ ਜ਼ਿੰਦਗੀ ਜਿਊਣ ਦੇ ਸੁਪਨੇ ਲੈਣੇ ਸ਼ੁਰੂ ਕਰਨਗੇ , ਇਨ੍ਹਾਂ ਖੇਡਾਂ ‘ਚ ਲੜਕੀਆਂ ਦੇ ਬੇਹਤਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਹੁਣ ਵਧੇਰੇ ਲੜਕੀਆਂ ਦੇ ਖੇਡਾਂ ਵੱਲ ਰੁਝਾਣ ਵੱਧਣ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ।
ਬੱਚਿਆਂ ਨੂੰ ਖੇਡਾਂ ਵੱਲ ਰੁਚਿਤ ਕਰਨ ਲਈ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਖੇਡ ਮੁਕਾਬਲਿਆ ਵਿੱਚ ਭਾਗ ਲੈਣ ਲਈ ਪੇ੍ਰਰਿਤ ਕਰਨਾ ਚਾਹੀਦਾ ਹੈ।ਬੱਚਾ ਕੱਚੀ ਕਲੀ ਵਾਂਗ ਹੁੰਦਾ ਹੈ,ਉਸ ਨੁੰ ਜਿਧਰ ਮਰਜ਼ੀ ਮੋੜ ਲਵੋ।ਖੇਡਾਂ ਵਿੱਚ ਰਾਸਟਰੀ, ਅੰਤਰਰਾਸਟਰੀ ਪੱਧਰ ਦੀਆਂ ਪ੍ਰਾਪਤੀਆਂ ਵਾਲੇ ਖਿਡਾਰੀਆਂ ਦੀਆਂ ਜੀਵਨੀਆਂ ਵੱਧ ਤੋਂ ਵੱਧ ਸਿਲੇਬਸ ਵਿੱਚ ਸਾਮਲ ਕਰਕੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਲਾਹੇਵੰਦ ਹੋ ਸਕਦੀਆਂ ਹਨ।ਖੇਡ ਵਿਭਾਗ ਨੂੰ ਵੀ ਬੱਚਿਆ ਲਈ ਖੇਡ ਸਹੂਲਤਾਂ ਪ੍ਰਦਾਨ ਕਰਨ ਵਿੱਚ ਖੁੱਲ੍ਹਦਿਲੀ ਦਿਖਾਉਣੀ ਚਾਹੀਦੀ ਹੈ।ਭਾਵੇਂ ਸਕੂਲਾਂ ਵਿੱਚ ਸਰੀਰਕ ਸਿੱਖਿਆ ਦਾ ਵਿਸ਼ਾ ਲਾਜ਼ਮੀ ਤੌਰ’ਤੇ ਸ਼ੁਰੂ ਹੋ ਚੱੁਕਾ ਹੈ।ਪਰ ਬਹੁਤੇ ਸਕੂਲਾਂ ਵਿੱਚ ਬੱਚੇ ਇਸ ਵਿਸ਼ੇ ਦੀ ਥਿਊਰੀ ਨੂੰ ਪੜ੍ਹਨ ਤੱਕ ਸੀਮਤ ਰਹਿੰਦੇ ਹਨ,ਪੈ੍ਰਕਟੀਕਲ ਅੰਕ ਜੋ ਅੱਧ ਤੋਂ ਵੱਧ ਹੁੰਦੇ ਹਨ, ਲਈ ਖੇਡਾਂ ਖਿਡਾਈਆਂ ਹੀ ਨਹੀਂ ਜਾਂਦੀਆਂ,ਸਗੋਂ ਐਵੇਂ ਹੀ ਪ੍ਰੈਕਟੀਕਲ ਦੇ ਅੰਕ ਖਾਨਾ-ਪੂਰਤੀ ਕਰਕੇ ਲਗਾ ਦਿੱਤੇ ਜਾਂਦੇ ਹਨ।ਮੈਟ੍ਰਿਕ ਦੀ ਪ੍ਰੀਖਿਆ ਵਿੱਚ ਬੋਰਡ ਵਲੋਂ ਪੇਪਰ ਤਾਂ ਸਰੀਰਕ ਸਿੱਖਿਆ ਦਾ ਲਿਆ ਜਾਂਦਾ ਹੈ,ਪਰ ਕੁੱਲ ਅੰਕਾਂ ਵਿੱਚ ਇਸ ਵਿਸ਼ੇ ਦੇ ਅੰਕਾਂ ਨੂੰ ਜੌੜਿਆ ਨਹੀਂ ਜਾਂਦਾ,ਜੋ ਕਿ ਖਿਡਾਰੀ ਵਿਦਿਆਰਥੀਆਂ ਲਈ ਬੇਇਨਸਾਫੀ ਹੈ।ਸੋ ਇਸ ਵਿਸ਼ੇ ਦੇ ਅੰਕਾਂ ਨੂੰ ਕੁੱਲ ਅੰਕਾਂ ਵਿੱਚ ਜੌੜ ਕੇ ਵਿਚਾਰਨ ਨਾਲ ਬੱਚਿਆ ਦੀ ਖੇਡਾਂ ਪ੍ਰਤੀ ਰੁਚੀ ਜ਼ਰੂਰ ਵਧੇਗੀ।ਸਕੂਲਾਂ ‘ਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਪੀ.ਟੀ.ਆਈ. ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ ਪਰ ਬਹੁਤ ਸਾਰੇ ਸਕੂਲਾਂ ਵਿੱਚ ਖਾਲੀ ਪੋਸਟਾਂ ਦੇ ਬਾਵਜੂਦ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਜਦੋਂ ਕਿ ਸਿਲੈਕਸ਼ਨ ਲਿਸਟ ਬਣਾਈ ਜਾ ਚੁੱਕੀ ਹੈ , ਹੁਕਮ ਦੇਣ ‘ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਕੇ ਹੋਰ ਦੇਰੀ ਨਹੀਂ ਕਰਨੀ ਚਾਹੀਦੀ ਤਾਂ ਜੋ ਬੱਚਿਆਂ ਦਾ ਭਵਿੱਖ ਉਜਲਾ ਹੋ ਸਕੇ ।
ਮੇਜਰ ਸਿੰਘ ਨਾਭਾ
ਮੋ: 9463553962