(ਬਠਿੰਡਾ, 13 ਅਕਤੂਬਰ, ਬਲਵਿੰਦਰ ਸਿੰਘ ਭੁੱਲਰ) ਸ੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦ ਪਾਰਟੀ ਦੇ ਮੀਤ ਪ੍ਰਧਾਨ ਸ੍ਰ: ਜੀਤਮੁਹਿੰਦਰ ਸਿੰਘ ਸਿੱਧੂ ਸਾਬਕਾ ਐੱਮ ਐੱਲ ਏ ਨੇ ਸਦਾ ਲਈ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸ੍ਰ: ਸਿੱਧੂ ਚਾਰ ਵਾਰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਰਹੇ ਹਨ ਅਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਦੇ ਅਹੁਦੇ ਤੇ ਕੰਮ ਕਰ ਰਹੇ ਸਨ।
ਬਠਿੰਡਾ ਵਿਖੇ ਆਪਣੀ ਰਿਹਾਇਸ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰ: ਜੀਤਮੁਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਹਮੇਸ਼ਾਂ ਅਕਾਲੀ ਦਲ ਲਈ ਤਨਦੇਹੀ ਨਾਲ ਕੰਮ ਕੀਤਾ ਹੈ ਅਤੇ ਕਦੇ ਵੀ ਪਾਰਟੀ ਜਾਂ ਬਾਦਲ ਪਰਿਵਾਰ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਿਆ। ਪਰ ਮੈਨੂੰ ਬਿਨਾਂ ਕਿਸੇ ਕਾਰਨ ਦੇ ਪਾਰਟੀ ਵੱਲੋਂ ਨੋਟਿਸ ਭੇਜਣ ਦਾ ਪ੍ਰੈਸ ਨੋਟ ਰਿਲੀਜ ਕੀਤਾ ਗਿਆ। ਉਹਨਾਂ ਕਿਹਾ ਕਿ ਪ੍ਰੈਸ ਕਾਨਫਰੰਸ ਦੇ ਸਮੇਂ ਤੱਕ ਮੈਨੂੰ ਨੋਟਿਸ ਦੀ ਕਾਪੀ ਨਹੀਂ ਮਿਲੀ, ਜਿਸਦਾ ਮੈਂ ਜੁਆਬ ਦਿੰਦਾ, ਪਰ ਵੱਟਸਅੱਪ ਉਪਰ ਰਿਲੀਜ ਪ੍ਰੈਸ ਨੋਟ ਰਾਹੀਂ ਹੀ ਪਤਾ ਲੱਗਾ ਹੈ। ਉਹਨਾਂ ਕਿਹਾ ਕਿ ਅਜਿਹਾ ਇੱਕ ਸਾਜਿਸ ਤਹਿਤ ਹੋਇਆ ਹੈ, ਕਰੀਬ ਸੌ ਆਦਮੀਆਂ ਤੋਂ ਇਹ ਕਹਾਇਆ ਗਿਆ ਕਿ ਜੀਤਮੁਹਿੰਦਰ ਸਿੱਧੂ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਿਹਾ ਹੈ, ਪਰ ਕੀ ਕਾਰਵਾਈ ਕੀਤੀ ਇਸ ਦਾ ਨਾ ਕੋਈ ਜਿਕਰ ਹੈ ਅਤੇ ਨਾ ਹੀ ਜੁਆਬ ਮੰਗਿਆ ਗਿਆ।
ਸ੍ਰ: ਸਿੱਧੂ ਨੇ ਕਿਹਾ ਕਿ ਮੈਂ ਅਕਾਲੀ ਦਲ ਅਤੇ ਬਾਦਲ ਪਰਿਵਾਰ ਲਈ ਆਪਣਾ ਸਿਆਸੀ ਜੀਵਨ ਦਾਅ ਤੇ ਲਾ ਕੇ ਕੰਮ ਕੀਤਾ ਹੈ, ਪਰ ਕੋਈ ਕਦਰ ਨਹੀਂ ਪਾਈ ਗਈ। ਹੁਣ ਮੈਂ ਸ੍ਰੋਮਣੀ ਅਕਾਲੀ ਦਲ ਨੂੰ ਜਿੰਦਗੀ ਭਰ ਲਈ ਅਲਵਿਦਾ ਆਖ ਦਿੱਤਾ ਹੈ ਅਤੇ ਪਾਰਟੀ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫਾ ਦੇਣ ਦਾ ਐਲਾਨ ਕਰਦਾ ਹਾਂ। ਉਹਨਾਂ ਕਿਹਾ ਕਿ ਮੈਨੂੰ ਇਸਦੀ ਕੋਈ ਚਿੰਤਾ ਨਹੀਂ ਹੈ ਹੁਣ ਮੈਂ ਆਜ਼ਾਦ ਹੋ ਗਿਆ ਹਾਂ। ਅਗਲਾ ਫੈਸਲਾ ਹਲਕਾ ਤਲਵੰਡੀ ਸਾਬੋ, ਬਠਿੰਡਾ ਦਿਹਾਤੀ ਤੇ ਮੌੜ ਦੇ ਲੋਕਾਂ ਅਤੇ ਆਪਣੇ ਵਰਕਰਾਂ ਨਾਲ ਸਲਾਹ ਮਸਵਰਾ ਕਰਨ ਉਪਰੰਤ ਲਵਾਂਗਾ। ਉਹਨਾਂ ਕਿਹਾ ਕਿ ਮੈਂ ਹਲਕੇ ਦੇ ਲੋਕਾਂ ਦਾ ਅਹਿਸਾਨਮੰਦ ਹਾਂ ਜੋ ਮੇਰੇ ਨਾਲ ਖੜਦੇ ਹਨ ਅਤੇ ਉਹਨਾਂ ਨੂੰ ਛੱਡਾਂਗਾ ਨਹੀਂ।