ਜੇਲ੍ਹ ’ਚ ਬੰਦ ਕਾਰਕੁਨ ਨਰਗਿਸ ਮੁਹੰਮਦੀ ਨੂੰ ਈਰਾਨ ’ਚ ਔਰਤਾਂ ’ਤੇ ਹੁੰਦੇ ਜ਼ੁਲਮਾਂ ਵਿਰੁਧ ਸੰਘਰਸ਼ ਲਈ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਨਾਰਵੇ ਨੋਬੇਲ ਕਮੇਟੀ ਦੇ ਚੇਅਰ ਬੇਰਿਟ ਰੀਸ-ਐਂਡਰਸਨ ਨੇ ਸ਼ੁਕਰਵਾਰ ਨੂੰ ਓਸਲੋ ’ਚ ਇਨਾਮ ਦਾ ਐਲਾਨ ਕੀਤਾ। ਰੀਸ-ਐਂਡਰਸਨ ਨੇ ਕਿਹਾ, ‘‘ਸਭ ਤੋਂ ਪਹਿਲਾਂ ਇਹ ਪੁਰਸਕਾਰ ਇਰਾਨ ’ਚ ਸਮੁੱਚੇ ਅੰਦੋਲਨ ਬਹੁਤ ਅਹਿਮ ਕੰਮ ਅਤੇ ਇਸ ਦੀ ਨਿਰਵਿਵਾਦ ਨੇਤਾ ਨਰਗਿਸ ਮੁਹੰਮਦੀ ਨੂੰ ਮਾਨਤਾ ਦੇਣ ਲਈ ਹੈ।’’
ਉਨ੍ਹਾਂ ਕਿਹਾ, ‘‘ਪੁਰਸਕਾਰ ਦੇ ਅਸਰ ਬਾਰੇ ਫੈਸਲਾ ਕਰਨਾ ਨੋਬੇਲ ਕਮੇਟੀ ਦਾ ਕੰਮ ਨਹੀਂ ਹੈ। ਸਾਨੂੰ ਉਮੀਦ ਹੈ ਕਿ ਇਹ ਇਸ ਅੰਦੋਲਨ ਨੂੰ ਭਾਵੇਂ ਕਿਸੇ ਵੀ ਰੂਪ ’ਚ ਹੋਵੇ, ਜਾਰੀ ਰੱਖਣ ਲਈ ਉਤਸ਼ਾਹਿਤ ਕਰੇਗਾ।’’
ਮੁਹੰਮਦੀ ਨੇ 2019 ’ਚ ਹਿੰਸਕ ਪ੍ਰਦਰਸ਼ਨਾਂ ਦੇ ਪੀੜਤਾਂ ਦੀ ਯਾਦ ’ਚ ਇੱਕ ਸਮਾਗਮ ’ਚ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਪਿਛਲੇ ਸਾਲ ਨਵੰਬਰ ਮਹੀਨੇ ’ਚ ਗ੍ਰਿਫਤਾਰ ਕਰ ਲਿਆ ਸੀ। ਰੀਸ-ਐਂਡਰਸਨ ਨੇ ਕਿਹਾ ਕਿ ਮੁਹੰਮਦੀ ਨੂੰ 13 ਵਾਰ ਜੇਲ ਹੋਈ ਅਤੇ ਪੰਜ ਵਾਰ ਦੋਸ਼ੀ ਠਹਿਰਾਇਆ ਗਿਆ, ਉਸ ਨੂੰ ਕੁਲ 31 ਸਾਲ ਦੀ ਸਜ਼ਾ ਸੁਣਾਈ ਗਈ।
ਮੁਹੰਮਦੀ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ 19ਵੀਂ ਔਰਤ ਹੈ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਦੂਜੀ ਈਰਾਨੀ ਔਰਤ ਹੈ। ਮੁਹੰਮਦੀ ਤੋਂ ਪਹਿਲਾਂ ਸ਼ਿਰੀਨ ਇਬਾਦੀ ਨੂੰ 2003 ’ਚ ਨੋਬੇਲ ਸ਼ਾਂਤੀ ਪੁਰਸਕਾਰ ਦਿਤਾ ਗਿਆ ਸੀ।