ਮੈਲਬੋਰਨ : ਵਿਕਟੋਰੀਆ ਦੀਆਂ 4 ਵੱਖੋ-ਵੱਖ ਯੂਨੀਵਰਸਿਟੀਆਂ ਦੇ 5 ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਲੋਂ ਖੁਦਕੁਸ਼ੀ ਦੇ ਮਾਮਲੇ ਵਿੱਚ ਬਹੁਤ ਹੀ ਹੈਰਾਨੀਜਣਕ ਤੱਥ ਸਾਹਮਣੇ ਆਏ ਹਨ। ਪੁੱਛਗਿੱਛ ਰਾਂਹੀ ਹਾਸਿਲ ਹੋਏ ਆਂਕੜੇ ਦੱਸਦੇ ਹਨ ਕਿ ਇਨ੍ਹਾਂ 19 ਤੋਂ 35 ਸਾਲ ਦੇ ਵਿਦਿਆਰਥੀਆਂ ਵਿੱਚੋਂ ਕਿਸੇ ਨੇ ਵੀ ਆਪਣੇ ਤਣਾਅ ਨੂੰ ਖਤਮ ਕਰਨ ਲਈ ਮੈਂਟਲ ਹੈਲਥ ਸੇਵਾਵਾਂ ਜਾਂ ਆਪਣੇ ਪਰਿਵਾਰਾਂ ਦੀ ਮੱਦਦ ਹਾਸਿਲ ਕਰਨ ਦੀ ਕੋਸ਼ਿਸ਼ ਬਿਲਕੁਲ ਵੀ ਨਹੀਂ ਕੀਤੀ। ਇਹ ਵਿਦਿਆਰਥੀ ਵੱਖੋ-ਵੱਖ ਮੁਲਕਾਂ ਨਾਲ ਸਬੰਧਤ ਸਨ ਤੇ ਇਹ ਘਟਨਾਵਾਂ 2020 ਵਿੱਚ ਵਾਪਰੀਆਂ ਸਨ। ਹੁਣ ਯੂਨੀਵਰਸਿਟੀਆਂ ਇਸ ਵਿਸ਼ੇ ‘ਤੇ ਕੰਮ ਕਰ ਰਹੀਆਂ ਹਨ ਕਿ ਅਜਿਹੀ ਤਣਾਅ ਭਰੀ ਸਥਿਤੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਕਿਵੇਂ ਮੱਦਦ ਲਈ ਉਤਸ਼ਾਹਿਤ ਕੀਤਾ ਜਾਏ ਤਾਂ ਜੋ ਅਜਿਹੇ ਗੰਭੀਰ ਅਤੇ ਮਾੜੇ ਨਤੀਜੇ ਸਾਹਮਣੇ ਨਾ ਆਉਣ।