2024 ‘ਚ ਹੋਣ ਵਾਲੀਆਂ ਸਿੱਖ ਖੇਡਾਂ ਦਾ ਪੋਸਟਰ ਐਡੀਲੇਡ ਦੇ ਜੈਪਸ ਕਰਾਸ ਹਾਕੀ ਮੈਦਾਨ ਵਿਚ ਇਕ ਭਰਵੇਂ ਇਕੱਠ ਵਿਚ ਜਾਰੀ ਕੀਤਾ ਗਿਆ। ਜਿਸ ਦੌਰਾਨ ਸਾਊਥ ਆਸਟ੍ਰੇਲੀਆ ਦੀ ਸਿੱਖ ਖੇਡਾਂ ਦੀ ਪ੍ਰਬੰਧਕੀ ਟੀਮ ਦੀ ਜਾਨ ਪਹਿਚਾਣ ਤੋਂ ਇਲਾਵਾ ਖੇਡਾਂ ਨੂੰ ਆਰਥਿਕ ਮਦਦ ਅਤੇ ਇਸ਼ਤਿਹਾਰ ਆਦਿ ਦੇਣ ਲਈ ਵੱਖੋ-ਵੱਖ ਪੈਕੇਜ ਆਏ ਪਤਵੰਤਿਆਂ ਨਾਲ ਸਾਂਝੇ ਕੀਤੇ ਗਏ।
ਇਸ ਮੌਕੇ ਤੇ ਬੋਲਦਿਆਂ ਇਹਨਾਂ ਖੇਡਾਂ ਦੇ ਪ੍ਰਧਾਨ ਬਲਵੰਤ ਸਿੰਘ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਇਹ ਸਾਊਥ ਆਸਟ੍ਰੇਲੀਆ ਵੱਸਦੇ ਹਰ ਸਿੱਖ ਅਤੇ ਪੰਜਾਬੀ ਦੀਆਂ ਖੇਡਾਂ ਹਨ । ਸੋ ਆਓ ਰਲ ਮਿਲ ਕੇ ਇਹਨਾਂ ਨੂੰ ਕਾਮਯਾਬ ਕਰਨ ਦੀ ਕੋਸ਼ਸ਼ ਕਰੀਏ। ਇਸ ਮੌਕੇ ਉੱਤੇ ਸਾਊਥ ਆਸਟ੍ਰੇਲੀਆ ਦੀ ਸਾਰੀ ਪ੍ਰਬੰਧਕੀ ਟੀਮ ਸੁਖਵਿੰਦਰ ਸਿੰਘ ਬੱਲ, ਮਹਾਂਬੀਰ ਸਿੰਘ ਗਰੇਵਾਲ, ਪਰਮਿੰਦਰ ਸਿੰਘ, ਹਰਜਿੰਦਰ ਸਿੰਘ ਲਸਾੜਾ, ਰਾਜਵੰਤ ਸਿੰਘ, ਹੈਰੀ ਸੈਣੀ, ਈਸ਼ਾ ਨਾਗਰਾ ਅਤੇ ਜੈਸਮੀਨ ਕੌਰ ਨੇ ਵੀ ਆਪਣੀ ਜਾਨ ਪਛਾਣ ਤੋਂ ਬਾਅਦ ਆਏ ਲੋਕਾਂ ਨੂੰ ਸੰਬੋਧਨ ਕੀਤਾ।
ਇੱਥੇ ਜ਼ਿਕਰਯੋਗ ਹੈ ਕਿ ਇਹ ਖੇਡਾਂ 29,30 ਅਤੇ 31 ਮਾਰਚ 2024 ਨੂੰ ਈਸਟਰ ਦੇ ਮੌਕੇ ਉੱਤੇ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਵਿਖੇ ਕਰਵਾਈਆਂ ਜਾਣਗੀਆਂ।