ਅੱਜ (23 ਸੰਤਬਰ) ਤੋਂ ਚੀਨ ਦੇ ਝਾਂਘਹੂ ਵਿੱਚ ਹੋਣ ਵਾਲੀਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ ਅਰੁਣਾਚਲ ਪ੍ਰਦੇਸ਼ ਦੇ ਤਿੰਨ ਭਾਰਤੀ ਖਿਡਾਰੀਆਂ ਨੂੰ ਐਂਟਰੀ ਨਾ ਦੇਣ ਦੇ ਚੀਨ ਦੇ ਕਦਮ ‘ਤੇ ਭਾਰਤ ਨੇ ਸਖ਼ਤ ਰੁਖ ਅਪਣਾਇਆ ਹੈ। ਦਿੱਲੀ ਸਥਿਤ ਚੀਨੀ ਦੂਤਘਰ ਤੇ ਬੀਜਿੰਗ ਸਥਿਤ ਭਾਰਤੀ ਦੂਤਾਵਾਸ ਰਾਹੀਂ ਤਿੱਖਾ ਰੋਸ ਪ੍ਰਗਟ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਭਾਰਤ ਦੇ ਕੇਂਦਰੀ ਯੁਵਕ ਭਲਾਈ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਏਸ਼ਿਆਈ ਖੇਡਾਂ ਵਿੱਚ ਸ਼ਾਮਲ ਹੋਣ ਲਈ ਚੀਨ ਦਾ ਦੌਰਾ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸ਼ੁੱਕਰਵਾਰ (22 ਸਤੰਬਰ) ਨੂੰ ਕਿਹਾ ਕਿ ਚੀਨ ਹਮੇਸ਼ਾ ਹੀ ਨਸਲੀ ਆਧਾਰ ‘ਤੇ ਭਾਰਤੀ ਨਾਗਰਿਕਾਂ ਨਾਲ ਵਿਤਕਰਾ ਕਰਦਾ ਰਿਹਾ ਹੈ।
ਏਸ਼ੀਅਨ ਖੇਡਾਂ ਦੀਆਂ ਭਾਵਨਾਵਾਂ ਦੀ ਉਲੰਘਣਾ
ਬਾਗਚੀ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਭਾਰਤੀ ਖਿਡਾਰੀਆਂ ਨੂੰ ਏਸ਼ਿਆਈ ਖੇਡਾਂ ਵਿੱਚ ਦਾਖ਼ਲ ਨਾ ਹੋਣ ਦੇਣ ਦੀ ਚੀਨੀ ਕਾਰਵਾਈ ਏਸ਼ਿਆਈ ਖੇਡਾਂ ਦੀ ਭਾਵਨਾ ਤੇ ਇਸ ਵਿੱਚ ਭਾਗ ਲੈਣ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ। ਇਸ ਵਿੱਚ ਸ਼ਾਮਲ ਮੈਂਬਰ ਦੇਸ਼ਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਖਿਡਾਰੀਆਂ ਵਿਚਾਲੇ ਮੁਕਾਬਲਾ ਯਕੀਨੀ ਬਣਾਉਣਾ ਹੋਵੇਗਾ।
ਇਸ ‘ਤੇ ਸਖ਼ਤ ਰੋਸ ਪ੍ਰਗਟ ਕਰਨ ਲਈ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਤੇ ਯੁਵਾ ਤੇ ਖੇਡ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ ਨੇ ਏਸ਼ਿਆਈ ਖੇਡਾਂ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਬਾਗਚੀ ਨੇ ਦੱਸਿਆ ਕਿ ਅਨੁਰਾਗ ਠਾਕੁਰ ਨੇ ਏਸ਼ਿਆਈ ਖੇਡਾਂ ਵਿੱਚ ਮਹਿਮਾਨ ਵਜੋਂ ਸ਼ਿਰਕਤ ਕਰਨੀ ਸੀ ਪਰ ਚੀਨ ਦੇ ਇਸ ਕਦਮ ਤੋਂ ਬਾਅਦ ਉਨ੍ਹਾਂ ਨੇ ਸਖ਼ਤ ਰੋਸ ਪ੍ਰਗਟ ਕਰਨ ਲਈ ਆਪਣਾ ਦੌਰਾ ਰੱਦ ਕਰ ਦਿੱਤਾ।
ਮਸਲਾ ਕੀ ਹੈ?
ਦਰਅਸਲ, ਚੀਨ ਨੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਲਈ ਅਰੁਣਾਚਲ ਦੇ ਤਿੰਨ ਵੁਸ਼ੂ ਖਿਡਾਰੀਆਂ ਨੂੰ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਾ ਕਾਰਨ ਇਹ ਹੈ ਕਿ ਚੀਨ ਅਰੁਣਾਚਲ ਨੂੰ ਆਪਣਾ ਹਿੱਸਾ ਮੰਨਦਾ ਰਿਹਾ ਹੈ ਤੇ ਆਪਣੇ ਨਾਗਰਿਕਾਂ ਨੂੰ ਭਾਰਤੀ ਕਹਿਣ ‘ਤੇ ਇਤਰਾਜ਼ ਕਰਦਾ ਰਿਹਾ ਹੈ। ਇਸ ਤੋਂ ਪਹਿਲਾਂ ਜੁਲਾਈ ‘ਚ ਵੀ ਚੀਨ ਨੇ ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੇ ਖਿਡਾਰੀਆਂ ਨੂੰ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ‘ਤੇ ਭਾਰਤ ਨੇ ਸਖਤ ਵਿਰੋਧ ਪ੍ਰਗਟਾਇਆ ਸੀ। ਇਹ ਦੂਜੀ ਵਾਰ ਹੈ ਜਦੋਂ ਚੀਨ ਨੇ ਲਗਾਤਾਰ ਅਜਿਹਾ ਕੀਤਾ ਹੈ।