ਕੈਨੇਡਾ ਤੇ ਭਾਰਤ ਵਿਚਾਲੇ ਤਲਖੀ ਵਧਦੀ ਜਾ ਰਹੀ ਹੈ। ਭਾਰਤ ਨੇ ਵੱਡੀ ਕਾਰਵਾਈ ਕਰਦੇ ਹੋਏ ਕੈਨੇਡਾ ਦੇ ਨਾਗਰਿਕਾਂ ਦੇ ਵੀਜ਼ੇ ‘ਤੇ ਰੋਕ ਲਗਾ ਦਿਤੀ ਹੈ। ਭਾਰਤ ਨੇ ਵੀਜ਼ਾ ਸੇਵਾਵਾਂ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਹੈ। ਹੁਣ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਕੈਨੇਡਾ ਵਿਚ ਵੀਜ਼ਾ ਕੇਦਰਾਂ ਨੂੰ ਸੰਚਾਲਨ ਕਰਨ ਵਾਲੇ ਬੀ.ਐੱਲ.ਐੱਸ. ਇੰਟਰਨੈਸ਼ਨਲ ਨੇ ਆਪਣੀ ਵੈਬਸਾਈਟ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਨੋਟਿਸ ਵਿਚ ਲਿਖਿਆ ਗਿਆ ਹੈ ਕਿ ਭਾਰਤੀ ਮਿਸ਼ਨ ਵੱਲੋਂ ਮਹੱਤਵਪੂਰਨ ਸੂਚਨਾ-ਆਪਰੇਸ਼ਨਲ ਕਾਰਨਾਂ ਕਰਕੇ ਭਾਰਤ ਦੀਆਂ ਵੀਜ਼ਾ ਸੇਵਾਵਾਂ 21 ਸਤੰਬਰ.2023 ਤੋਂ ਅਗਲੀ ਸੂਚਨਾ ਤੱਕ ਬੰਦ ਰਹਿਣਗੀਆਂ। ਭਾਰਤ ਦੇ ਇਕ ਸੀਨੀਅਰ ਡਿਪਲੋਮੈਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਕੋਰੋਨਾ ਕਾਲ ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਕਿਸੇ ਵੀ ਦੇਸ਼ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਐਡਵਾਇਜ਼ਰੀ ਜਾਰੀ ਕੀਤੀ ਸੀ ਕਿ ਕੈਨੇਡਾ ਜਾਣ ਵਾਲੇ ਲੋਕ ਸਾਵਧਾਨੀ ਵਰਤਣ।
ਦੱਸ ਦੇਈਏ ਕਿ ਪਿਛਲੇ ਤਿੰਨ ਦਿਨਾਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਭਾਰਤ ਨੇ ਕੈਨੇਡਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਜਦੋਂ ਕੈਨੇਡਾ ਨੇ ਸੋਮਵਾਰ ਨੂੰ ਸਿੱਖ ਆਗੂ ਹਰਦੀਪ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਉਂਦਿਆਂ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਦੇਸ਼ ਨਿਕਾਲਾ ਦੇਣ ਦੇ ਹੁਕਮ ਦਿੱਤੇ ਸਨ ਤਾਂ ਭਾਰਤ ਨੇ ਵੀ ਤੁਰੰਤ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਪੰਜ ਦੇ ਅੰਦਰ ਕੈਨੇਡਾ ਵਾਪਸ ਭੇਜਣ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ ਮੋਦੀ ਸਰਕਾਰ ਨੇ ਕੈਨੇਡਾ ‘ਚ ਰਹਿ ਰਹੇ ਜਾਂ ਜਾਣ ਬਾਰੇ ਸੋਚ ਰਹੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ।