ਪਾਕਿਸਤਾਨ ਦੇ ਪਹਿਲੇ ਸਿੱਖ ਨਿਊਜ਼ ਐਂਕਰ ਹਰਮੀਤ ਸਿੰਘ ਨੂੰ ਸਿੰਧ ਸੂਬਾ ਸਰਕਾਰ ਦੀ ਇਕ ਮੰਤਰੀ ਦੇ ਦਬਾਅ ਹੇਠ ਨੌਕਰੀ ਤੋਂ ਕੱਢ ਦਿਤਾ ਗਿਆ ਹੈ। ਹਰਮੀਤ ਸਿੰਘ 2018 ’ਚ ਇਕ ਕੌਮੀ ਟੀ.ਵੀ. ਨਿਊਜ਼ ਚੈਨਲ ’ਚ ਐਂਕਰ ਬਣਨ ਮਗਰੋਂ ਸੁਰਖ਼ੀਆਂ ’ਚ ਆ ਗਿਆ ਸੀ।
ਉਸ ਨੂੰ ਬਰਖ਼ਾਸਤ ਕਰਨ ਦਾ ਕਾਰਨ ਉਸ ਵੱਲੋਂ ਇਕ ਫ਼ਰਜ਼ੀ ਖ਼ਬਰ ਦੇਣਾ ਦਸਿਆ ਗਿਆ ਹੈ। ਦਰਅਸਲ ਹਰਮੀਤ ਸਿੰਘ ਨੇ ਪਾਕਿਸਤਾਨੀ ਸਿਆਸਤਦਾਨ ਅਤੇ ਸਿੰਘ ਸੂਬੇ ਦੀ ਗ਼ਰੀਬੀ ਹਟਾਉ ਅਤੇ ਸਮਾਜਕ ਸੁਰਖਿਆ ਬਾਰੇ ਮੰਤਰੀ ਸ਼ਜੀਆ ਮੱਰੀ ਵਿਰੁਧ ਇਕ ਛਾਪੇਮਾਰੀ ਬਾਰੇ ਟਵੀਟ ਕੀਤਾ ਸੀ। ਹਾਲਾਂਕਿ ਉਸ ਨੇ ਬਾਅਦ ’ਚ ਟਵੀਟ ਨੂੰ ਵਾਪਸ ਲੈਂਦਿਆਂ ਕਿਹਾ ਸੀ ਕਿ ਉਸ ਦੇ ਸੂਤਰ ਵਲੋਂ ਦਿਤੀ ਇਹ ਸੂਚਨਾ ਝੂਠੀ ਸੀ। ਉਸ ਨੇ ਇਸ ਲਈ ਮੰਤਰੀ ਤੋਂ ਲਿਖਤੀ ਮਾਫ਼ੀ ਵੀ ਮੰਗ ਲਈ ਸੀ।
ਹਾਲਾਂਕਿ ਪਾਕਿਸਤਾਨੀ ਲੀਡਰ ਦਾ ਗੁੱਸਾ ਇਸ ’ਤੇ ਵੀ ਸ਼ਾਂਤ ਨਹੀਂ ਹੋਇਆ ਅਤੇ ਉਸ ਨੇ ਕਥਿਤ ਤੌਰ ’ਤੇ ਟੀ.ਵੀ. ਚੈਨਲ ਦੇ ਮਾਲਕਾਂ ਨਾਲ ਸੰਪਰਕ ਕਰ ਕੇ ਹਰਮੀਤ ਸਿੰਘ ਨੂੰ ਨੌਕਰੀ ਤੋਂ ਹਟਵਾ ਦਿਤਾ। ਸ਼ਜੀਆ ਨੇ ਟੀ.ਵੀ. ਚੈਨਲ ਨੂੰ ਕਥਿਤ ‘ਧਮਕੀ ਦਿਤੀ ਕਿ ਜੇਕਰ ਹਰਮੀਤ ਸਿੰਘ ਨੂੰ ਹਟਾਇਆ ਨਾ ਗਿਆ ਤਾਂ ਉਸ ਦੇ ਇਸ਼ਤਿਹਾਰ ਰੋਕ ਦਿਤੇ ਜਾਣਗੇ।’
ਨੌਕਰੀ ਤੋਂ ਕੱਢੇ ਜਾਣ ਮਗਰੋਂ ਹਰਮੀਤ ਸਿੰਘ ਨੇ ‘ਐਕਸ’ ’ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਹੁਣ ਅਪਣਾ ਖ਼ੁਦ ਦਾ ਯੂ-ਟਿਊਬ ਚੈਨਲ ਸ਼ੁਰੂ ਕਰ ਕੇ ਉਸ ’ਤੇ ਖ਼ਬਰਾਂ ਨਸ਼ਰ ਕਰੇਗਾ। ਉਸ ਨੇ ਇਸ ਚੈਨਲ ਦਾ ਇਕ ਲਿੰਕ ਵੀ ਸਾਂਝਾ ਕਰਦਿਆਂ ਕਿਹਾ, ‘‘ਹੁਣ ਮੈਨੂੰ ਤੁਹਾਡੀ ਹਮਾਇਤ ਦੀ ਜ਼ਰੂਰਤ ਹੈ। ਇਸ ਮੁਸ਼ਕਲ ਸਮੇਂ ’ਚ ਮੇਰੇ ਚੈਨਲ ਨੂੰ ਸਬਸਕਰਾਈਬ ਕਰ ਕੇ ਮੇਰੀ ਮਦਦ ਕਰੋ।’’
ਹਰਮੀਤ ਸਿੰਘ ਨੂੰ ਭਾਰਤ ਤੋਂ ਵੀ ਹਮਾਇਤ ਹਾਸਲ ਹੋਈ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਮਨਜਿੰਦਰ ਸਿੰਘ ਸਿਰਸਾ ਕਿਹਾ, ‘‘ਹੋਰ ਚੈਨਲ ਵੀ ਇਹੀ ਖ਼ਬਰ ਚਲਾ ਰਹੇ ਸਨ ਪਰ ਸਿਰ਼ਫ ਹਰਮੀਤ ਸਿੰਘ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ।’’ ਉਨ੍ਹਾਂ ਹਰਮੀਤ ਸਿੰਘ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਸਖ਼ਤ ਨਿਖੇਧੀ ਕੀਤੀ।