(ਬਠਿੰਡਾ, 7 ਸਤੰਬਰ, ਬਲਵਿੰਦਰ ਸਿੰਘ ਭੁੱਲਰ)
ਪੰਜਾਬੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਣ, ਉਹ ਮਾਂ ਬੋਲੀ ਦੇ ਵਿਕਾਸ ਤੇ ਪ੍ਰਸਾਰ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰਦੇ ਹਨ। ਏਸ਼ੀਅਨ ਲਿਟਰੇਰੀ ਅਤੇ ਕਲਚਰਲ ਫੋਰਮ ਯੂ ਕੇ ਦੇ ਨਿਰਦੇਸ਼ਕ ਸ੍ਰੀ ਅਜ਼ੀਮ ਸੇਖ਼ਰ, ਜੋ ਬਠਿੰਡਾ ਜਿਲੇ ਦੇ ਕਸਬਾ ਨਥਾਨਾ ਦੇ ਜੰਮਪਲ ਹਨ, ਨੇ ਦੱਸਿਆ ਕਿ ਇਸ ਦੀ ਲੜੀ ਵਜੋਂ ਹੀ ਸਾਊਥਾਲ ਦੇ ਮਹਿਫ਼ਿਲ ਹੋਟਲ ਵਿਖੇ ‘ਸ਼ਬਦ ਤੋਂ ਸੁਰ ਤੱਕ’ ਨਾਮ ਦੀ ਸੰਗੀਤਕ ਸ਼ਾਮ ਦਾ ਪ੍ਰਬੰਧ ਕੀਤਾ
ਗਿਆ, ਜਿਸ ਵਿੱਚ ਪੰਜਾਬੀਆਂ ਦੀ ਭਰਵੀਂ ਹਾਜ਼ਰੀ ਸੀ। ਇਸ ਸਮਾਗਮ ਵਿੱਚ ਗ਼ਜ਼ਲ ਗਾਇਕੀ ਵਿੱਚ ਤੇਜੀ ਨਾਲ ਉੱਭਰ ਰਹੇ ਡਾ: ਸੁਨੀਲ ਸਜਲ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦੇ ਹੋਏ ਸਰੋਤਿਆਂ ਨੂੰ ਮੰਤਰ ਮੁਗਧ ਕਰ ਕੇ ਰੱਖਿਆ। ਇਸ ਸਮਾਗਮ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਸ੍ਰੀ ਵੀਰੇਂਦਰ ਸ਼ਰਮਾ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਹਸਤੀ ਅਨੀਤਾ ਦੇਵਗਨ ਹਾਜਰ ਹੋਏ।
ਸ੍ਰੀ ਸ਼ੇਖ਼ਰ ਨੇ ਦੱਸਿਆ ਕਿ ਫੋਰਮ ਦਾ ਅਗਲਾ ਸਮਾਗਮ 15 ਅਕਤੂਬਰ ਨੂੰ ਬਰਮਿੰਘਮ ਵਿਖੇ ਸਿਹਤ ਸਬੰਧੀ ਸੈਮੀਨਾਰ ਦੇ ਰੂਪ ਵਿੱਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉੱਥੇ ਵਸਦੇ ਪੰਜਾਬੀ ਫੋਰਮ ਨਾਲ ਜੁੜ ਰਹੇ ਹਨ ਅਤੇ ਆਉਣ ਵਾਲੇ ਸਮੇਂ ’ਚ ਪੰਜਾਬੀ ਪ੍ਰਤੀ ਪਿਅਰਤਾ ਦੇ ਵਾਧੇ ਲਈ ਅਜਿਹੇ ਸਮਾਗਮ ਕੀਤੇ ਜਾਣਗੇ। ਇਸ ਮੌਕੇ ਸੰਗੀਤਕਾਰਾਂ ਰੋਬਿਨ ਨੇ ਬਾਂਸੁਰੀ, ਸਿਧਾਰਥ ਸਿੰਘ ਨੇ ਗਿਟਾਰ, ਕ੍ਰਿਸ਼ਨ ਮੋਹਨ ਨੇ ਤਬਲੇ ਅਤੇ ਆਮੇਰ ਖੋਖਰ ਨੇ ਕੀ ਬੋਰਡ ਉਪਰ ਕਮਾਲ ਦੀ ਕਲਾ ਵਿਖਾਈ, ਜਿਸਨੂੰ ਦਰਸਕਾਂ ਨੇ ਖੂਬ ਸਲਾਹਿਆ। ਫੋਰਮ ਦੇ ਨਿਰਦੇਸ਼ਕਾਂ ਸ੍ਰੀ ਸੇਖ਼ਰ, ਰਾਜਿੰਦਰਜੀਤ ਤੇ ਆਬੀਰ ਬੁੱਟਰ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।