ਸ਼ਹੀਦ ਰਾਸ਼ਟਰੀ ਨਾਇਕ ਦਾ ਮਾਣ ਕਰਨ ਲਈ ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ’ਚ ਇਕ ਹਾਈਵੇ ਦਾ ਨਾਂ ਭਾਰਤੀ ਮੂਲ ਦੇ 33 ਵਰ੍ਹਿਆਂ ਦੇ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੇ ਨਾਂ ’ਤੇ ਰਖਿਆ ਗਿਆ ਹੈ, ਜਿਨ੍ਹਾਂ ਦਾ 2018 ’ਚ ਇਕ ਨਾਜਾਇਜ਼ ਪ੍ਰਵਾਸੀ ਨੇ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ।
‘ਮੋਡੈਸਟੋ ਬੀ’ ਅਖ਼ਬਾਰ ਦੀ ਖ਼ਬਰ ਅਨੁਸਾਰ, ਨਿਊਮੈਨ ’ਚ ਹਾਈਵੇ 33 ਦਾ ਇਹ ਹਿੱਸਾ ਸਨਿਚਰਵਾਰ ਨੂੰ ਨਿਊਮੈਨ ਪੁਲਿਸ ਵਿਭਾਗ ਦੇ ਰੋਨਿਲ ਸਿੰਘ ਨੂੰ ਸਮਰਪਿਤ ਕੀਤਾ ਗਿਆ। ਹਾਈਵੇ 33 ਅਤੇ ਸਟੂਹਰ ਰੋਡ ’ਤੇ ‘ਕਾਰਪੋਰਲ ਰੋਨਿਲ ਸਿੰਘ ਮੈਮੋਰੀਅਲ ਹਾਈਵੇ’ ਦਾ ਐਲਾਨ ਕਰਨ ਵਾਲਾ ਸੰਕੇਤ ਚਿੰਨ੍ਹ ਲਗਿਆ ਹੋਇਆ ਹੈ।
ਫ਼ਿਜੀ ਵਾਸੀ ਰੋਨਿਲ ਸਿੰਘ ਜੁਲਾਈ 2011 ’ਚ ਫ਼ੋਰਸ ’ਚ ਸ਼ਾਮਲ ਹੋਏ ਸਨ। 26 ਦਸੰਬਰ, 2018 ਨੂੰ ਨਸ਼ੇ ਦੀ ਹਾਲਤ ’ਚ ਸ਼ੱਕ ਗੱਡੀ ਡਰਾਈਵਰ ਨੇ ਉਨ੍ਹਾਂ ਨੂੰ ਗੋਲੀ ਮਾਰ ਦਿਤੀ ਸੀ। ਤਿੰਨ ਦਿਨਾ ਦੀ ਤਲਾਸ਼ੀ ਤੋਂ ਬਾਅਦ ਉਸ ਦੇ ਕਾਤਲ ਪਾਊਲੋ ਵਿਰਜੇਨ ਮੇਂਡੋਜਾ ਨੂੰ ਕੇਰਨ ਕਾਊਂਟੀ ’ਚ ਇਕ ਰਿਸ਼ਤੇਦਾਰ ਦੇ ਘਰੋਂ ਫੜਿਆ ਗਿਆ ਉਸ ਨੂੰ ਨਵੰਬਰ 2020 ’ਚ ਰੋਨਿਲ ਸਿੰਘ ਦੇ ਕਤਲ ਲਈ ਮੁਲਜ਼ਮ ਠਹਿਰਾਇਆ ਗਿਆ ਅਤੇ ਪੈਰੋਲ ਦੀ ਸੰਭਾਵਨਾ ਤੋਂ ਬਗ਼ੈਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।