ਹਾਂ ਬਈ! ਹਿੰਮਤ ਵਾਲਿਓ, ਸਭ ਨੂੰ ਗੁਰ-ਫ਼ਤਹਿ ਪ੍ਰਵਾਨ ਹੋਵੇ। ਅਸੀਂ ਭਾਈ ਰਾਜ਼ੀ-ਖੁਸ਼ੀ ਹਾਂ। ਵਾਹਿਗੁਰੂ ਤੁਹਾਨੂੰ ਵੀ ਹਰੇਕ ਥਾਂ ਇੱਲ-ਬਲਾਂਵਾਂ ਤੋਂ ਬਚਾਵੇ। ਅੱਗੇ ਸਮਾਚਾਰ ਇਹ ਹੈ ਕਿ ਚੱਲਦੇ ਸੰਸਾਰ ਚ ਹੇਠਾਂ-ਉੱਤੇ ਕਈ ਪ੍ਰਾਣੀ ਤੁਰ ਗਏ ਹਨ। ਪਿੰਡ ਵੱਡੇ ਹੋ ਗਏ ਹਨ ਅਤੇ ਆਬਾਦੀ ਵੀ ਵਧੀ ਹੈ। ਕੱਲ੍ਹ ਜ੍ਹਿੰਦੋ ਮਹਿਰੀ ਵੀ ਤੁਰ ਗਈ ਹੈ। ਊਂ ਤਾਂ ਪੱਕਿਆ ਪਾਣ ਸੀ ਪਰ ਉਹਦਾ ਜੀਵਣ ਪਿੰਡ ਦੇ ਇਤਿਹਾਸ ਦਾ ਲੰਮਾ ਕਾਂਡ ਹੈ। ਜੰਗੀਰ ਸਿੰਹੁ ਦੇ ਦੱਸਣ ਅਨੁਸਾਰ, “ਜਦੋਂ ਓਹ ਵਿਆਹੀ ਆਈ ਤਾਂ ਚੌਦਾਂ-ਪੰਦਰਾਂ ਸਾਲ ਦੀ ਸੀ।
ਪਹਿਲਾਂ ਉਹਦਾ ਸੌਹਰਾ ਦਾਰਾ ਖੂਹ ਤੋਂ ਸਵੇਰੇ ‘ਲਾਂ-ਬੋਕਾ
ਕਰਕੇ ਹੌਦੀਆਂ ਭਰਦਾ। ਫੇਰ ਝੋਟਾ ਜੋੜ ਕੇ, ਗੱਡੀ ਦੀ ਟੈਂਕੀ ਰਾਹੀਂ, ਘਰ-ਘਰ ਜਾ ਤੌੜੇ ਭਰਦਾ। ਸੌ ਕੁ ਘਰਾਂ ਦਾ ਕੰਮ ਨਿਬੇੜਦਿਆਂ, ਉਹਦੇ ਨੰਗੇ ਪੈਰ, ਪਾਥੀ ਬਣ ਜਾਂਦੇ। ਫੇਰ ਉਸਦੇ ਘਰ ਆਲੇ ਨੇ ਡਿੱਗੀ ਤੋਂ ਲਿਆ ਕੇ ਘਰਾਂ ਚ ਮਸ਼ਕਾਂ ਨਾਲ ਸੇਵਾ ਕੀਤੀ। ਪਸ਼ੂਆਂ ਦੇ ਲੜਨ ਤੋਂ ਉਹ ਗੱਡੀ ਉੱਤੇ ਨੇਜਾ ਰੱਖਦਾ। ਜਿੰਦੋ ਘਰਾਂ ਦੀ ਵਾਰੀ ਅਨੁਸਾਰ ਰੋਟੀਆਂ ਲਿਆਉਂਦੀ। ਖੇਤਾਂ
ਚੋਂ ਘਾਹ-ਪੱਠੇ ਲਿਆਉਂਦੀ। ਆਥਣੇ ਕੱਖ-ਕਾਣ ਕੱਠਾ ਕਰ, ਭੱਠੀ ਤਪਾਉਂਦੀ। ਲੋਕੀਂ, ਜੌਂ-ਛੋਲੇ, ਕਣਕ, ਮੱਕੀ, ਬਾਜਰਾ ਅਤੇ ਹੋਰ ਨਿੱਕ-ਸੁੱਕ ਭੁੰਨਾਉਂਦੇ। ਹਿੱਸਾ ਰੱਖ ਉਹ ਸਭ ਨੂੰ ਤੋਰਦੀ ਰਹਿੰਦੀ। ਭੱਠੀ ਅਤੇ ਘਰਾਂ
ਚ ਮੇਲ-ਜੋਲ ਕਰਕੇ, ਉਨ੍ਹਾਂ ਦਾ ਤੋਰਾ ਚੰਗਾ ਤੁਰਦਾ ਸੀ।” “ਪਰ ਤਾਇਆ, ਮੈਂ ਤਾਂ ਜਿਉਂ ਸੁਰਤ ਸੰਭਾਲੀ ਐ ਇੰਨ੍ਹਾਂ ਨੂੰ ਮੰਦੇ-ਹਾਲ ਵੇਖਿਆ”, ਜਵਾਨ ਫੂਸੇ ਨੇ ਵਿੱਚੋਂ ਟੋਕ ਕੇ ਪੁੱਛਿਆ। “ਮੰਦੇ ਹਾਲ ਤਾਂ ਇੰਨ੍ਹਾਂ ਦੇ ਛੋਹਰਾ, ਸਮੇਂ ਨੇ ਕਰਤੇ।
ਨਲਕੇ ਲੱਗਗੇ, ਫੇਰ ਵਾਟਰ-ਵਰਕਸ ਆ ਗਿਆ, ਘਰ-ਘਰ ਟੂਟੀਆਂ। ਮੁਫ਼ਤ ਵਾਂਗੂੰ ਪਾਣੀ। ਪੱਕੀਆਂ ਨਾਲੀਆਂ ਚ ਵਗ ਕੇ, ਛੱਪੜ-ਸੇਮ ਨਾਲੇ ਬਣਗੇ। ਜ੍ਹਿੰਦੋ ਕੇ ਸਾਰੇ ਜਵਾਕ ਅੱਧਪੜ
ਤੇ ਅਨਪੜ੍ਹ। ਹੱਟੀਆਂ-ਭੱਠੀਆਂ ਦੇ ਰੁੱਖ ਬਦਲਗੇ। ਆਮਦਨ ਖ਼ਤਮ। ਅੱਜ-ਹੋਰ, ਕੱਲ੍ਹ ਹੋਰ, ਮੋੜ ਤੇ ਖੜ੍ਹ ਕੇ, ਲੰਮੀ ਹੇਕ ਨਾਲ, ‘ਰਿੰਦਰਅ... ਮੁੜ-ਆ, ਨਹੀਂ, ਮੈਥੋਂ ਬੁਰਾ ਕੋਈ ਨੀ, ਦੀ ਧਮਕੀ ਦੇਣ ਵਾਲੀ ਜਿੰਦੋ, ਸੁੱਕਦੀ-ਸੁੱਕਦੀ, ਐਸ ਹਾਲ ਆ ਪਹੁੰਚੀ। ਨਵੀਂ ਪੀੜ੍ਹੀ ਨੂੰ ਇਸ ਕਸਬ ਨਾਲ ਕੋਈ ਹਮਦਰਦੀ ਨਹੀਂ ਰਹੀ, ਨਾ ਲਗਾਅ। ਆਏਂ ਈਂ, ਕਈ ਮਹਿਰੇ, ਮਿਸਤਰੀ, ਜੁਲਾਹੇ, ਛਾਪਣ ਵਾਲੇ, ਦਰਜੀ, ਲੁਹਾਰ, ਸਿਆਣੇ, ਪੰਡਤ ਅਤੇ ਮਾਂਦਰੀ ਸਮੇਂ ਦੇ ਵਹਿਣ ਵਿੱਚ, ਰਿਉੜੀਆਂ ਵੱਟ ਗਏ। ਇਹ ਸੀ ਭਾਈ ਜ੍ਹਿੰਦੋ ਦੀ ਕਹਾਣੀ, ਚੱਲੋ ਜਾ ਕੇ ਛਕੀਏ ਅੰਨ-ਪਾਣੀ", ਕਹਿ ਕੇ ਜੰਗੀਰ ਸਿੰਹੁ ਉੱਠ ਖੜਾ। ਹੋਰ, ਰੱਖੜੀ ਦੇ ਬਹਾਨੇ ਜਵਾਕਾਂ ਨੇ ਪੂਰੀ ਛੁੱਟੀ ਮਨਾਈ।
ਪਾਣੀ ਦੇ ਡੋਬਿਆਂ ਨੂੰ, ਪਿਆਰੇ ਪੰਜਾਬੀਆਂ ਨੇ ਪੂਰਾ ਪਿਆਰ ਵਿਖਾਇਆ ਹੈ। ਵੋਟਾਂ ਦੀ ਭਾਦੋਂ-ਭੜਾਸ ਜਾਰੀ ਹੈ। ਚੰਦੋ ਚੰਦਰੀ, ਗ੍ਰਾਮਾਂ ਵਾਲੇ ਕੰਪਿਊਟਰ ਕੰਡੇ ਉੱਤੇ ਚਿੱਟਾ ਵੇਚਦੀ ਫੜੀ ਗਈ ਹੈ। ਗਿੱਦੜਬਾਹੇ ਵੀ ਹਰੇ ਝੋਨੇ
ਚ, ਲਾਲ ਇੱਟਾਂ ਦੀਆਂ ਵੰਡੀਆਂ ਦਿਸਣ ਲੱਗੀਆਂ ਹਨ। ਹੋਛੀ ਮੱਤ ਵਾਲਾ, ਰੇੜੂ, ਰੁੜ ਗਿਆ ਹੈ। ਗੋਸ਼ਾ, ਰੋਸ਼ਾ ਤੇ ਮੋਸ਼ਾ ਸਾਰੇ ਕਾਇਮ ਹਨ। ‘ਵੇ ਮੂਰਿਆ! ਤੂੰ ਕੀ ਬੋਲਣੈਵਾਲੀ ਛਿੰਦੋ, ਹੁਣ ਮੋਨ-ਧਾਰ ਗਈ ਹੈ। ਰੱਖੜੀ ਉੱਤੇ ਕਈ ਮਾਸ਼ਟਰਾਂ ਨੂੰ ਭਾਂਡੇ ਵੀ ਮਾਂਜਣੇ ਪਏ। ਲਾਲੂ ਕਾ ਲੋਚੀ ਅਜੇ ਵੀ ਟਸਣੇ ਕਰਦੈ। ‘ਲਹੂ ਪੀਣ ਨੂੰ ਜੰਮਿਆਂ ਤੂੰ ਤਾਂ
ਅਜੇ ਵੀ ਵਾਕ ਬੋਲਣਾ ਜਾਰੀ ਹੈ। ਊਤਾ, ਹੜਜਾ, ਨਖ਼ਸਮਾਂ, ਤੇਰਾ ਸਿਰ ਸ਼ਬਦ ਵੀ ਵਰਤੀਂਦੇ ਹਨ। ਸੱਚ, ਤਿੰਨ ਸਾਲ ਲਗਾਤਾਰ ਚਿੱਠੀ ਛਪਣ ਦੀਆਂ ਵਧਾਈਆਂ। ਚੰਗਾ, ਮੌਸਮ ਸੁਹਾਵਣਾ ਹੋ ਰਿਹੈ। ਅੱਠ ਪੱਤੀਏ ਵਾਂਗੂੰ ਖਿੜਦੇ ਰਹੋ। ਬਾਕੀ ਅਗਲੇ ਐਤਵਾਰ। ਜ਼ਿੰਦਗੀ-ਜ਼ਿੰਦਾਬਾਦ।
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ,
ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061