ਬ੍ਰਿਟੇਨ ਦੀ ਇਕ ਅਦਾਲਤ ਨੇ ਹਸਪਤਾਲ ’ਚ 7 ਨਵਜੰਮੇ ਬੱਚਿਆਂ ਦੇ ਕਤਲ ਦੇ ਮਾਮਲੇ ’ਚ ਨਰਸ ਲੂਸੀ ਲੇਟਬੀ ਨੂੰ ਉਮਰਕੈਦ ਦੀ ਸਜ਼ਾ ਦਿੱਤੀ ਹੈ। ਲੂਸੀ ’ਤੇ ਹਸਪਤਾਲ ’ਚ ਕੰਮ ਕਰਨ ਦੌਰਾਨ 6 ਹੋਰ ਨਵਜੰਮੇ ਬੱਚਿਆਂ ਦੇ ਕਤਲ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਹੈ। ਇਸ ਗੰਭੀਰ ਅਪਰਾਧ ਦੇ ਸਿੱਟੇ ਵਜੋਂ ਨਰਸ ਲੂਸੀ ਨੂੰ ਹੁਣ ਆਪਣੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿਚ ਕੱਟਣੀ ਪਵੇਗੀ।
33 ਸਾਲਾ ਨਰਸ ਲੂਸੀ ਲੇਟਬੀ ਨੂੰ ਉੱਤਰੀ ਇੰਗਲੈਂਡ ਦੇ ਚੈਸਟਰ ਹਸਪਤਾਲ ਦੀ ਨਵਜਾਤ ਯੂਨਿਟ ’ਚ 5 ਬੱਚਿਆਂ ਅਤੇ ਦੋ ਬੱਚੀਆਂ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਲੂਸੀ ਹਸਪਤਾਲ ’ਚ 2015-16 ਦਰਮਿਆਨ ਕੰਮ ਕਰ ਰਹੀ ਸੀ। ਉਹ ਬੱਚਿਆਂ ਨੂੰ ਇੰਸੁਲਿਨ ਜਾਂ ਏਅਰ ਇੰਜੈਕਸ਼ਨ ਲਗਾਉਂਦੀ ਸੀ ਜਾਂ ਉਨ੍ਹਾਂ ਨੂੰ ਜ਼ਬਰਦਸਤੀ ਦੁੱਧ ਪਿਲਾਉਂਦੀ ਸੀ। 10 ਮਹੀਨਿਆਂ ਦੀ ਸੁਣਵਾਈ ਤੋਂ ਬਾਅਦ ਨਰਸ ਨੂੰ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਮਾਨਚੈਸਟਰ ਕਰਾਊਨ ਕੋਰਟ ਦੇ ਜੱਜ ਜਸਟਿਸ ਗੌਸ ਨੇ ਲੂਸੀ ਨੂੰ ਸਖ਼ਤ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਨਰਸ ਨੇ ਸਾਰਾ ਕੁਝ ਜਾਣਦੇ ਹੋਏ ਚਲਾਕੀ ਦੇ ਨਾਲ ਵਿਸ਼ਵਾਸ ਦੀ ਘੋਰ ਉਲੰਘਣਾ ਕੀਤੀ ਸੀ। ਮਾਮਲੇ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ ਲੂਸੀ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋਈ ਸੀ। ਜੱਜ ਜਸਟਿਸ ਗੌਸ ਨੇ ਉਸ ਦੀ ਗ਼ੈਰ-ਮੌਜੂਦਗੀ ਵਿਚ ਹੀ ਸਜ਼ਾ ਦਾ ਐਲਾਨ ਕੀਤਾ।
ਭਾਰਤ ਮੂਲ ਦੇ ਡਾਕਟਰ ਨੇ ਪ੍ਰਗਟਾਇਆ ਸੀ ਸ਼ੱਕ
ਬ੍ਰਿਟੇਨ ਦੇ ਭਾਰਤੀ ਮੂਲ ਦੇ ਡਾਕਟਰ ਰਵੀ ਜੈਰਾਮ ਨੇ ਨਰਸ ਲੂਸੀ ਨੂੰ ਫੜਵਾਉਣ ’ਚ ਵੱਡੀ ਭੂਮਿਕਾ ਨਿਭਾਈ। ਉਹ ਉਨ੍ਹਾਂ ਸ਼ੁਰੂਆਤੀ ਲੋਕਾਂ ’ਚੋਂ ਸਨ, ਜਿਨ੍ਹਾਂ ਨੇ ਬੱਚਿਆਂ ਦੀ ਮੌਤ ’ਤੇ ਸ਼ੱਕ ਜ਼ਾਹਿਰ ਕੀਤਾ ਤੇ ਅਧਿਕਾਰੀਆਂ ਨੂੰ ਇਸ ਦੀ ਖ਼ਬਰ ਦਿੱਤੀ। ਜਦੋਂ ਪੁਲਸ ਨੂੰ ਇਨ੍ਹਾਂ ਘਟਨਾਵਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਇਸ ਦੀ ਜਾਂਚ ਕੀਤੀ। ਜਾਂਚ ’ਚ ਪੁਲਸ ਨੂੰ ਨਰਸ ਲੂਸੀ ’ਤੇ ਸ਼ੱਕ ਹੋਇਆ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਹਿਰਾਸਤ ’ਚ ਲਿਆ ਗਿਆ। ਡਾਕਟਰ ਰਵੀ ਜੈਰਾਮ ਅਨੁਸਾਰ ਮਾਰੇ ਗਏ ਕਈ ਬੱਚੇ ਅੱਜ ਸਕੂਲ ਜਾ ਰਹੇ ਹੁੰਦੇ।
ਬ੍ਰਿਟੇਨ ਦੇ ਪੀ. ਐੱਮ. ਰਿਸ਼ੀ ਸੁਨਕ ਨੇ ਬੱਚਿਆਂ ਦੀ ਮੌਤ ਦੀ ਨਿੰਦਾ ਕੀਤੀ ਅਤੇ ਨਰਸ ਨੂੰ ਡਰਪੋਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਕਾਇਰਤਾਪੂਰਨ ਗੱਲ ਹੈ ਕਿ ਅਜਿਹੇ ਘਿਨੌਣੇ ਅਪਰਾਧ ਕਰਨ ਵਾਲੇ ਲੋਕ ਪੀੜਤਾਂ ਦਾ ਪ੍ਰਤੱਖ ਤੌਰ ’ਤੇ ਸਾਹਮਣਾ ਨਹੀਂ ਕਰਦੇ ਹਨ। ਸੁਨਕ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਮਾਮਲਿਆਂ ’ਚ ਕਾਨੂੰਨ ਵਿਚ ਬਦਲਾਅ ਕਰਨ ’ਤੇ ਵਿਚਾਰ ਕਰ ਰਹੀ ਹੈ।