ਭਾਰਤ ਸਰਕਾਰ ਨੇ ਪਾਸਪੋਰਟ ਸਰਵਿਸ ਦੇਣ ਦਾ ਦਾਅਵਾ ਕਰਨ ਵਾਲੀਆਂ ਫ਼ਰਜ਼ੀ ਵੈੱਬਸਾਈਟਾਂ ਤੇ ਐਪਸ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਇਹ ਵੈੱਬਸਾਈਟਸ ਤੇ ਐਪ ਨਾ ਸਿਰਫ ਲੋਕਾਂ ਦਾ ਡਾਟਾ ਇਕੱਠਾ ਕਰ ਰਹੀਆਂ ਹਨ ਸਗੋਂ ਆਨਲਾਈਨ ਫ਼ਾਰਮ ਭਰਨ ਅਤੇ ਹੋਰ ਸੇਵਾਵਾਂ ਲਈ ਮੋਟੀ ਰਕਮ ਵੀ ਵਸੂਲ ਰਹੀਆਂ ਹਨ। ਸਰਕਾਰ ਨੇ ਸਲਾਹ ਦਿੱਤੀ ਹੈ ਕਿ ਲੋਕ ਪਾਸਪੋਰਟ ਸਬੰਧੀ ਸੇਵਾਵਾਂ ਲਈ ਸਿਰਫ਼ ਅਧਿਕਾਰਤ ਵੈੱਬਸਾਈਟ ਤੇ ਮੋਬਾਈਲ ਐਪ ਦੀ ਹੀ ਵਰਤੋਂ ਕਰਨ।
ਪਾਸਪੋਰਟ ਸੇਵਾਵਾਂ ਨੂੰ ਅਪਲਾਈ ਕਰਨ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ www.passportindia.gov.in ਹੈ। ਇਹ ਵੈੱਬਸਾਈਟ ਖੋਲ੍ਹਣ ‘ਤੇ ਇਕ ਚੇਤਾਵਨੀ ਸਾਹਮਣੇ ਆਉਂਦੀ ਹੈ ਜਿਸ ਵਿਚ ਲਿਖਿਆ ਹੈ, “ਮੰਤਰਾਲੇ ਦੇ ਧਿਆਨ ‘ਚ ਆਇਆ ਹੈ ਕਿ ਕਈ ਫਰਜ਼ੀ ਵੈੱਬਸਾਈਟਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਬਿਨੈਕਾਰਾਂ ਤੋਂ ਡਾਟਾ ਇਕੱਠਾ ਕਰ ਰਹੀਆਂ ਹਨ ਅਤੇ ਆਨਲਾਈਨ ਅਰਜ਼ੀ ਫਾਰਮ ਭਰਨ ਅਤੇ ਪਾਸਪੋਰਟ ਅਤੇ ਸਬੰਧਤ ਸੇਵਾਵਾਂ ਲਈ ਮੁਲਾਕਾਤ ਦਾ ਸਮਾਂ ਨਿਰਧਾਰਤ ਕਰਨ ਲਈ ਵਾਧੂ ਖਰਚੇ ਵੀ ਵਸੂਲ ਰਹੀਆਂ ਹਨ। ਇਸ ਲਈ ਭਾਰਤੀ ਪਾਸਪੋਰਟ ਅਤੇ ਸਬੰਧਤ ਸੇਵਾਵਾਂ ਲਈ ਅਪਲਾਈ ਕਰਨ ਵਾਲੇ ਸਾਰੇ ਨਾਗਰਿਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਧੋਖਾਧੜੀ ਵਾਲੀਆਂ ਵੈਬਸਾਈਟਾਂ ‘ਤੇ ਨਾ ਜਾਣ ਜਾਂ ਪਾਸਪੋਰਟ ਸੇਵਾਵਾਂ ਨਾਲ ਸਬੰਧਤ ਭੁਗਤਾਨ ਨਾ ਕਰਨ।”