ਜਗਦੀਪ ਸਿੰਘ ਦਿਉ ਮਲੇਸ਼ੀਆ ’ਚ ਸਥਿਤ ਪੇਨਾਂਗ ਟਾਪੂ ਦੇ ਉਪ ਮੁੱਖ ਮੰਤਰੀ ਬਣ ਗਏ ਹਨ। ਉਹ ਪੇਨਾਂਗ ਦੇ ਦਾਤੁਕ ਕੇਰਾਮਤ ਤੋਂ ਵਿਧਾਇਕ ਹਨ ਅਤੇ ਪੂਰੇ ਮਲੇਸ਼ੀਆ ’ਚ ਕਿਸੇ ਸੂਬੇ ਦੇ ਪਹਿਲੇ ਸਿੱਖ ਉਪ ਮੁੱਖ ਮੰਤਰੀ ਹੋਣਗੇ। ਅੱਜ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਇਸ ਅਹੁਦੇ ਨੂੰ ਪ੍ਰਾਪਤ ਕਰ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਹੇ ਹਨ ਅਤੇ ਇਸ ਅਹੁਦੇ ’ਤੇ ਰਹਿ ਕੇ ਹਰ ਕਿਸੇ ਦੀ ਸੇਵਾ ਕਰਨਗੇ।
ਪ੍ਰੋ. ਦਾਤੁਕ ਮੁਹੰਮਦ ਅਬਦੁਲ ਹਮੀਦ ਦੇ ਉਪ ਮੁੱਖ ਮੰਤਰੀ-1 ਬਣਨ ਤੋਂ ਬਾਅਦ ਜਗਦੀਪ ਸਿੰਘ ਦਿਉ ਨੂੰ ਅੱਜ ਉਪ ਮੁੱਖ ਮੰਤਰੀ-2 ਬਣਾਇਆ ਗਿਆ। ਇਸ ਤੋਂ ਪਹਿਲਾਂ ਉਹ ਸਥਾਨਕ ਸਰਕਾਰ ਦੇ ਹਾਊਸਿੰਗ ਸਟੇਟ ਮੰਤਰੀ ਸਨ। ਅੱਜ ਪੇਨਾਂਗ ਸਰਕਾਰ ’ਚ ਸੱਤ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ।
ਦਾਤੁਕ ਕੇਰਾਮਤ ਤੋਂ ਚਾਰ ਵਾਰੀ ਵਿਧਾਇਕ ਚੁਣੇ ਗਏ ਜਗਦੀਪ ਸਿੰਘ ਦਿਉ ਮਲੇਸ਼ੀਆ ਦੀ ਦੀ ਪ੍ਰਮੱਖ ਸ਼ਖ਼ਸੀਅਤ ਸਵ. ਉੱਤਮ ਕਿਰਪਾਲ ਸਿੰਘ ਦੇ ਸਭ ਤੋਂ ਵੱਡੇ ਪੁੱਤਰ ਹਨ। ਜਗਦੀਪ ਸਿੰਘ ਦਿਉ ਦੇ ਦੋ ਭਰਾ, ਗੋਬਿੰਦ ਸਿੰਘ ਦਿਉ ਅਤੇ ਰਾਮਕ੍ਰਿਪਾਲ ਸਿੰਘ ਵੀ ਮਲੇਸ਼ੀਆ ਦੀ ਸਰਕਾਰ ’ਚ ਅਹਿਮ ਅਹੁਦਿਆਂ ’ਤੇ ਹਨ। ਗੋਬਿੰਦ ਸਿੰਘ ਸਾਬਕਾ ਸੰਚਾਰ ਅਤੇ ਮਲਟੀਮੀਡੀਆ ਮੰਤਰੀ ਹਨ ਜਦਕਿ ਰਾਮਕ੍ਰਿਪਾਲ ਸਿੰਘ ਇਸ ਵੇਲੇ ਪ੍ਰਧਾਨ ਮੰਤਰੀ ਦੇ ਵਿਭਾਗ ’ਚ ਉਪ ਮੰਤਰੀ ਹਨ।