(ਬਠਿੰਡਾ, 15 ਅਗਸਤ, ਬੀ ਐੱਸ ਭੁੱਲਰ) ਖਾਲਿਸਤਾਨ ਦਾ ਨਾਂ ਵਰਤ ਕੇ ਸੁਰੱਖਿਆ ਹਾਸਲ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਭੁੱਲਰ ਸਭਾ ਅਤੇ ਇੰਤਜ਼ਾਮੀਆ ਕਮੇਟੀ ਮਾੜੀ ਸਿੱਖਾਂ ਨੇ ਭੁੱਲਰ ਭਾਈਚਾਰੇ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਹੈ। ਇਸ ਮਾਮਲੇ ਤੇ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਤੇ ਬਣਦੀ ਕਾਰਵਾਈ ਨਾ ਕਰਨ ਦੀ ਵੀ ਨਿਖੇਧੀ ਕੀਤੀ।
ਇੱਥੇ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਭਾ ਦੇ ਨੁਮਾਇੰਦਿਆਂ ਬਲਦੇਵ ਸਿੰਘ ਭੁੱਲਰ, ਨਾਇਬ ਸਿੰਘ ਜਿਉਂਦ, ਅੰਗਰੇਜ ਸਿੰਘ, ਸਾਧੂ ਸਿੰਘ ਮਾਨਸਾ, ਗੁਰਮੇਲ ਸਿੰਘ, ਸੀਰਾ ਸਿੰਘ ਨੇ ਦੋਸ਼ ਲਾਇਆ ਕਿ ਭੁੱਲਰ ਸਭਾ ਦੇ ਇੱਕ ਅਹੁਦੇਦਾਰ ਨੂੰ ਫੋਨ ਕਾਲ ਰਾਹੀਂ ਧਮਕੀਆਂ ਮਿਲ ਰਹੀਆਂ ਸਨ, ਜਿਸ ਸਬੰਧੀ ਜਿਲਾ ਪੁਲਿਸ ਨੂੰ ਦਰਖਾਸਤ ਦੇ ਕੇ ਸੂਚਿਤ ਕਰ ਦਿੱਤਾ ਸੀ, ਪਰ ਪੁਲਿਸ ਨੇ ਲੋੜੀਂਦੀ ਕਾਰਵਾਈ ਨਹੀਂ ਕੀਤੀ। ਇਸ ਉਪਰੰਤ ਬੂਟਾ ਸਿੰਘ ਵਾਸੀ ਸਿਧਾਨਾ ਨੇ ਖੁਦਕਸ਼ੀ ਕਰ ਲਈ, ਜਿਸਦਾ ਫੋਨ ਵਰਤਿਆ ਗਿਆ ਸੀ। ਇਸ ਮਾਮਲੇ ਵਿੱਚ ਬਿੰਦਰ ਸਿੰਘ ਵਾਸੀ ਖੇਮੂਆਣਾ ਦੀ ਸਮੂਲੀਅਤ ਵੀ ਸਾਹਮਣੇ ਆਈ ਸੀ, ਜਿਸਨੇ ਜਿਲਾ ਪੁਲਿਸ ਮੁਖੀ ਨੂੰ ਈਮੇਲ ਰਾਹੀਂ ਸਫ਼ਾਈ ਪੇਸ਼ ਕਰਨ ਦਾ ਯਤਨ ਕੀਤਾ ਸੀ। ਧਮਕੀਆਂ ਵਿੱਚ ਖਾਲਿਸਤਾਨ ਦਾ ਨਾਂ ਵਰਤਿਆ ਗਿਆ।
ਇਸ ਮਾਮਲੇ ਸਬੰਧੀ ਭੁੱਲਰ ਸਭਾ ਨੇ ਇੱਕ ਪੰਜ ਮੈਂਬਰੀ ਪੜਤਾਲੀਆ ਕਮੇਟੀ ਗਠਿਤ ਕੀਤੀ, ਜਿਸਨੇ ਸਮੁੱਚੇ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰਕੇ ਰਿਪੋਰਟ ਪੇਸ਼ ਕਰ ਦਿੱਤੀ। ਇਸ ਰਿਪੋਰਟ ਤੋਂ ਵੀ ਜਿਲਾ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਸਬੂਤ ਵੀ ਵਿਖਾਏ ਗਏ ਹਨ। ਭਾਈਚਾਰੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਜੇਕਰ ਪਹਿਲੀ ਸੂਚਨਾ ਤੇ ਸਮੇ ਸਿਰ ਕਾਰਵਾਈ ਹੋ ਜਾਂਦੀ ਤਾਂ ਬੂਟਾ ਸਿੰਘ ਦੀ ਖੁਦਕਸ਼ੀ ਟਾਲੀ ਜਾ ਸਕਦੀ ਸੀ। ਉਹਨਾਂ ਕਿਹਾ ਕਿ ਖਾਲਿਸਤਾਨ ਦਾ ਨਾਂ ਵਰਤਣ ਨਾਲ ਭਾਈਚਾਰੇ ਨੂੰ ਬਦਨਾਮ ਕੀਤਾ ਗਿਆ ਹੈ, ਪਰ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਜਲਦੀ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ, ਗ੍ਰਹਿ ਵਿਭਾਗ ਪੰਜਾਬ ਤੇ ਰਾਜ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਲੋੜ ਪਈ ਤਾਂ ਸੜਕਾਂ ਤੇ ਉੱਤਰਣ ਤੋਂ ਵੀ ਸੰਕੋਚ ਨਹੀਂ ਕੀਤਾ ਜਾਵੇਗਾ।