1947 ਵਿੱਚ ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਵਿੱਚ ਅੰਤਾਂ ਦੀ ਨਫਰਤ ਦੀ ਹਨੇਰੀ ਝੁੱਲੀ ਸੀ। ਸੰਸਾਰ ਵਿੱਚ ਦੋ ਦੇਸ਼ਾਂ ਦਰਮਿਆਨ ਐਨਾ ਵੱਡਾ ਅਬਾਦੀ ਦਾ ਤਬਾਦਲਾ ਇਤਿਹਾਸ ਵਿੱਚ ਅੱਜ ਤੱਕ ਨਹੀਂ ਹੋਇਆ। ਰਾਤੋ ਰਾਤ ਕੱਖਪਤੀ ਲੱਖਪਤੀ ਬਣ ਗਏ ਤੇ ਲੱਖਪਤੀ ਸੜਕਾਂ ‘ਤੇ ਰੁਲਣ ਲੱਗੇ। ਦੰਗਿਆਂ ਸਬੰਧੀ ਭਾਰਤ ਅਤੇ ਪਾਕਿਸਤਾਨ ਵਿੱਚ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਅਤੇ ਅਨੇਕਾਂ ਫਿਲਮਾਂ ਬਣੀਆਂ ਹਨ।ਉਸ ਇਨਸਾਨੀਅਤ ਤੋਂ ਗਿਰੇ ਹੋਏ ਕਤਲੇਆਮ ਲਈ ਦੋਵੇਂ ਦੇਸ਼ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਪਰ ਇਹ ਕੌੜਾ ਸੱਚ ਹੈ ਹੈ ਕਿਕਿਸੇ ਧਿਰ ਨੇਵੀ ਘੱਟ ਨਹੀਂ ਸੀ ਗੁਜ਼ਾਰੀ। ਦੋਵੇਂ ਪਾਸਿਆਂ ਤੋਂ ਗੱਡੀਆਂ ਲਾਸ਼ਾਂ ਦੀਆਂ ਭਰ ਭਰ ਕੇ ਭੇਜੀਆਂ ਗਈਆਂ ਸਨ ਤੇ ਔਰਤਾਂ ਦੀ ਰੱਜ ਕੇ ਬੇਪੱਤੀ ਕੀਤੀ ਗਈ ਸੀ।ਅੱਜਕਲ੍ਹ ਜਿਹੜਾ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿੱਚ ਪਿਆਰ ਵੇਖਣ ਨੂੰ ਮਿਲਦਾ ਹੈ, ਉਹ ਸਿਰਫ ਲਹਿੰਦੇ ਅਤੇ ਚੜ੍ਹਦੇ ਪੰਜਾਬੀਆਂਤੱਕ ਹੀ ਸੀਮਤ ਹੈ। ਭਾਰਤ ਤੇ ਪਾਕਿਸਤਾਨ ਦੇ ਬਾਕੀ ਸੂਬਿਆਂ ਵਿੱਚ ਇਸ ਦਾ ਕੋਈ ਬਹੁਤਾ ਅਸਰ ਨਹੀਂ ਹੈ। ਵੰਡ ਦੀ ਸਭ ਤੋਂ ਜਿਆਦਾ ਮਾਰ ਵੀ ਪੰਜਾਬ ਨੂੰ ਹੀ ਪਈ ਸੀ। ਰੱਬ ਦਾ ਸ਼ੁਕਰ ਹੈ ਕਿ ਉਹ ਲਾਲ ਹਨੇਰੀ ਆਈ ਤੇ ਚਲੀ ਗਈ। ਹੁਣ ਦੋਵਾਂ ਦੇਸ਼ਾਂ ਦੇ ਪੰਜਾਬੀ ਇੱਕ ਦੂਜੇ ਨੂੰ ਭਰਾਵਾਂ ਵਾਂਗ ਉੱਡ ਕੇਮਿਲਦੇ ਹਨ। ਤੁਸੀਂ ਲਾਹੌਰ ਜਾ ਕੇ ਕਿਸੇ ਵੀ ਦੁਕਾਨ ਤੋਂ ਚਾਹੇ 10000 ਦੀ ਵਸਤੂਮੁੱਲ ਲੈ ਲਉ, ਦੁਕਾਨਦਾਰ ਇੱਕ ਵਾਰ ਜਰੂਰ ਕਹੇਗਾ, “ਛੱਡੋ ਭਾਅ ਜੀ, ਰਹਿਣ ਦਿਉ ਪੈਸੇ।”
ਮੇਰਾ ਨਾਨਕਾ ਪਿੰਡ ਭਸੀਨ ਜਿਲ੍ਹਾ ਲਾਹੌਰ ਵਿੱਚ ਪੈਂਦਾਸੀ। ਸਿੱਖ ਬਹੁਗਿਣਤੀ ਵਾਲਾ ਇਹ ਵੱਡਾ ਪਿੰਡ ਬਾਰਡਰ ਤੋਂ ਸਿਰਫ 5-6 ਕਿ.ਮੀ. ਦੀ ਵਾਟ ‘ਤੇ ਸੀ। ਅਜ਼ਾਦੀ ਤੋਂ ਪਹਿਲਾਂ ਭਸੀਨੀਆਂ ਨੂੰ ਬਹੁਤ ਆਸਾਂ ਸਨ ਕਿ ਲਾਹੌਰ ਤਾਂ ਭਾਰਤ ਵਿੱਚ ਹੀ ਆਵੇਗਾ। ਕਦੀ ਖਬਰ ਆ ਜਾਣੀ ਕਿ ਗੁਰਦਾਸਪੁਰ ਪਾਕਿਸਤਾਨ ਨੂੰ ਦੇ ਕੇ ਭਾਰਤ ਨੇ ਲਾਹੌਰ ਲੈ ਲਿਆ ਹੈ, ਸਿੱਖਾਂ ਨੇ ਜੈਕਾਰੇ ਛੱਡ ਦੇਣੇ। ਫਿਰ ਖਬਰ ਆ ਜਾਣੀ ਕਿ ਕਸ਼ਮੀਰ ਨੂੰ ਕੋਈ ਰਸਤਾ ਨਹੀਂ ਬਚਦਾ, ਇਸ ਲਈ ਭਾਰਤ ਨੇ ਲਾਹੌਰ ਛੱਡ ਕੇ ਗੁਰਦਾਸਪੁਰ ਲੈ ਲਿਆ ਗਿਆ ਹੈ, ਮੁਸਲਮਾਨਾਂ ਨੇ ਨਾਅਰੇ ਬੁਲੰਦ ਕਰ ਦੇਣੇ। ਮੇਰੇ ਨਾਨਕਿਆਂ ਦੇ ਅਰਾਈਂ ਕਾਮਿਆਂ ਨੇ ਇਹ ਕਹਿ ਕੇ ਕਪਾਹ ਚੁਗਣੀ ਛੱਡ ਦਿੱਤੀਸੀ ਕਿ ਇਹ ਤਾਂ ਹੁਣ ਅਸੀਂਤੁਹਾਡੇ ਜਾਣ ਤੋਂ ਬਾਅਦਆਪੇ ਚੁਗ ਲਵਾਂਗੇ।ਜੱਕੋਤੱਕੀ ਵਿੱਚ ਲੋਕਾਂ ਨੇ ਪਿੰਡ ਨਾ ਛੱਡਿਆ ਕਿ ਸ਼ਾਇਦ ਭਾਰਤ ਨਾ ਹੀ ਜਾਣਾ ਪਵੇ। ਦੰਗਈਆਂ ਤੋਂ ਡਰਦੇ ਆਸਪਾਸ ਦੇ ਹਿੰਦੂਸਿੱਖ ਘੱਟਗਿਣਤੀ ਵਾਲੇ ਪਿੰਡਾਂ ਤੋਂ ਵੀ ਲੋਕ ਉੱਠ ਕੇ ਭਸੀਨ ਇਕੱਠੇ ਹੋਣੇ ਸ਼ੁਰੂ ਹੋ ਗਏ। ਉਹਨਾਂ ਦੇ ਖਾਣ ਪੀਣ ਲਈ ਬਲਦਾਂ ਵਾਲੇ ਖਰਾਸ ਜੋੜ ਕੇ ਪਿੰਡ ਦੇ ਗੁਰਦਵਾਰਿਆਂ ਵਿੱਚ ਖੁਲ੍ਹੇ ਲੰਗਰ ਲਾ ਦਿੱਤੇ ਗਏ। ਲੋਕਾਂ ਨੇ ਭਾਰੀ ਗਿਣਤੀ ਵਿੱਚ ਜਾਇਜ਼ਨਜਾਇਜ਼ ਅਸਲ੍ਹਾ ਜਮ੍ਹਾਂ ਕਰ ਲਿਆ। ਲੁਟੇਰਿਆਂ ਨੇ ਭਸੀਨ ‘ਤੇ ਕਈ ਹਮਲੇ ਕੀਤੇ ਪਰ ਉਲਟਾ ਆਪਣੇ ਬੰਦੇ ਮਰਵਾ ਕੇ ਹੀ ਵਾਪਸ ਗਏ।
ਪਿੰਡ ਵਿੱਚ ਹਿੰਦੂਸਿੱਖਅਬਾਦੀ ਲਗਾਤਾਰ ਵਧਦੀ ਜਾ ਰਹੀ ਸੀ। ਆਖਰ ਡਰਦੇ ਮਾਰੇ ਭਸੀਨ ਦੇ ਮੁਸਲਮਾਨਾਂ ਨੂੰ ਹੀ ਪਿੰਡ ਛੱਡ ਕੇ ਭੱਜਣਾ ਪਿਆ। ਉਹ ਲਾਹੌਰ ਜਾ ਕੇ ਅਫਸਰਾਂ ਅੱਗੇ ਪਿੱਟੇ ਕਿ ਪਿੰਡ ਛੱਡਣ ਦੀ ਬਜਾਏ ਹਿੰਦੂਸਿੱਖਾਂ ਨੇ ਭਸੀਨ ਵਿੱਚ ਹੀ ਨਵਾਂ ਹਿੰਦੁਸਤਾਨ ਕਾਇਮ ਕਰ ਲਿਆ ਹੈ। ਦੋ ਤਿੰਨ ਵਾਰ ਪੁਲਿਸ ਨੇ ਪਿੰਡ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇਕੁੱਟ ਮਾਰ ਕੇ ਉਸ ਨੂੰ ਭਜਾ ਦਿੱਤਾ। ਜਦੋਂ ਕੋਈ ਵਾਹ ਨਾ ਚੱਲੀ ਤਾਂ ਆਖਰ ਮਿਲਟਰੀ ਨੂੰ ਦਖਲ ਦੇਣਾ ਪਿਆ। ਮੇਜਰ ਸ਼ਮੀਮ ਖਾਨ ਰੰਧਾਵਾ ਪੰਜ ਟੈਂਕ ਤੇ 200 ਫੌਜੀ ਲੈ ਕੇ 30 ਅਗਸਤ ਨੂੰ ਸਵੇਰੇ ਹੀ ਪਿੰਡ ‘ਤੇ ਚੜ੍ਹ ਆਇਆ। ਉਸ ਨੂੰ ਸਖਤ ਹੁਕਮ ਸਨ ਕਿ ਜਾਂ ਤਾਂ ਪਿੰਡ ਖਾਲੀ ਕਰਵਾਇਆ ਜਾਵੇ, ਨਹੀਂ ਟੈਂਕ ਫੇਰ ਕੇ ਰੜਾ ਮੈਦਾਨ ਬਣਾ ਦਿੱਤਾ ਜਾਵੇ। ਜੋ ਵੀ ਵਿਰੋਧ ਕਰੇ, ਗੋਲੀ ਮਾਰ ਦਿੱਤੀ ਜਾਵੇ। ਸ਼ਮੀਮ ਖਾਨ ਮੁਹੱਲਾ ਲੂਣ ਮੰਡੀ, ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ਵਾਲੇ ਜਦੋਂ ਲਾਹੌਰ ਜਾਣ ਵਾਲੀ ਟਰੇਨ ਚੜ੍ਹਨ ਲਈ ਅੰਮ੍ਰਿਤਸਰ ਸਟੇਸ਼ਨ ਵੱਲ ਭੱਜ ਰਹੇ ਸਨ ਤਾਂ 10ਅਗਸਤ ਨੂੰ ਪੌੜੀਆਂ ਵਾਲੇ ਪੁੱਲ ਲਾਗੇ ਦੰਗਈਆਂ ਨੇ ਘੇਰ ਲਏ ਤੇ ਉਸ ਦਾ ਵੱਡਾ ਭਰਾ ਅਤੇ ਦਾਦਾ ਕਤਲ ਕਰ ਦਿੱਤੇ ਗਏ। ਬੜੀ ਮੁਸ਼ਕਿਲ ਨਾਲ ਉਸ ਦਾ ਬਾਕੀ ਪਰਿਵਾਰ ਬਚ ਕੇ ਲਾਹੌਰ ਪਹੁੰਚਿਆ ਸੀ। ਭਸੀਨ ਦੀ ਕਿਸਮਤ ਚੰਗੀ ਸੀ ਕਿ ਸ਼ਮੀਮ ਖਾਨ ਦੇ ਨਾਨਕੇ ਭਸੀਨਵਿੱਚਹੀ ਸਨ। ਉਸ ਵਹਿਸ਼ਤ ਭਰੇ ਸਮੇਂ ਵਿੱਚ ਵੀ ਉਸ ਨੇ ਆਪਣੇ ਦੁੱਖ ਨੂੰ ਫਰਜ਼ ‘ਤੇ ਭਾਰੂ ਨਾ ਪੈਣ ਦਿੱਤਾ ਤੇ ਨਾਨਕਿਆਂ ਦੇ ਪਿੰਡ ਦੀ ਲਾਜ ਰੱਖੀ। ਜਿਹੜੀਆਂ ਗਲੀਆਂ ਵਿੱਚ ਉਹ ਯਾਰਾਂ ਬੇਲੀਆਂ ਨਾਲ ਖੇਡ ਕੇ ਜਵਾਨ ਹੋਇਆ ਸੀ, ਉਹਨਾਂ ਨੂੰ ਬਰਬਾਦ ਕਰਨ ਦਾ ਉਸ ਦਾ ਹੀਆ ਨਾ ਪਿਆ।ਉਸ ਨੇ ਪਿੰਡ ਦੇ ਉੱਪਰ ਦੀ 10-15 ਗੋਲੇ ਟੈਂਕਾਂ ਦੀਆਂ ਤੋਪਾਂ ਦੇ ਲੰਘਾਏ ਅਤੇ ਰਾਈਫਲਾਂ ਨਾਲ ਹਵਾਈ ਫਾਇਰਿੰਗ ਕੀਤੀ। ਉਸ ਨੇ ਆਪਣਾ ਤੇ ਆਪਣੇ ਨਾਨੇ ਰਹਿਮਤ ਅਲੀ ਢਿੱਲੋਂ ਦਾ ਨਾਮ ਦੱਸ ਕੇ ਸਪੀਕਰ ‘ਤੇ ਅਨਾਊਂਸਮੈਂਟ ਕੀਤੀ ਕਿ ਜੇ ਪਿੰਡ 24 ਘੰਟਿਆਂ ਵਿੱਚ ਖਾਲੀ ਨਾ ਹੋਇਆਤਾਂ ਫਿਰ ਮਜ਼ਬੂਰੀ ਵੱਸਸਿੱਧੀ ਫਾਇਰਿੰਗ ਕਰਨੀ ਪਵੇਗੀ। ਲੋਕਾਂ ਨੇ ਰੱਬ ਅਤੇ ਸ਼ਮੀਮ ਖਾਨ ਰੰਧਾਵੇ ਦਾ ਲੱਖ ਲੱਖ ਸ਼ੁਕਰ ਮਨਾਇਆ ਤੇ ਰਾਤੋ ਰਾਤ ਪਿੰਡ ਖਾਲੀ ਹੋ ਗਿਆ।
ਉਸ ਵੇਲੇ ਮਾਹੌਲ ਐਨਾ ਮਾੜਾ ਸੀ ਕਿ ਗੁਆਂਢੀਆਂ ਨੇ ਗੁਆਂਢੀ ਮਾਰ ਛੱਡੇ ਸਨ। ਹੌਲੀ ਹੌਲੀ ਸਮਾਂ ਬੀਤਣ ‘ਤੇ ਉਹ ਹੀ ਲੋਕ ਸਕੇ ਭਰਾਵਾਂ ਤੋਂ ਵੱਧ ਪਿਆਰ ਨਾਲ ਮਿਲਣ ਗਿਲਣ ਲੱਗ ਪਏ। ਭਸੀਨ ਦੇ ਕਸ਼ਮੀਰੀ ਮੁਸਲਮਾਨ ਸੱਤ ਭਰਾ ਸਨ। ਉਹਨਾਂ ਦੀ ਮੇਰੇ ਮਾਮੇ ਸੁੱਖਾ ਸਿੰਘ ਨਾਲ ਲੜਾਈ ਚੱਲਦੀ ਰਹਿੰਦੀ ਸੀ ਤੇ ਕਈ ਵਾਰ ਆਪਸ ਵਿੱਚ ਗੋਲੀਉ ਗੋਲੀ ਹੋਏ ਸਨ। ਉਹਨਾਂ ਨੇ ਸ਼ਰੇਆਮ ਐਲਾਨ ਕੀਤਾ ਹੋਇਆ ਸੀ ਕਿ ਅਸੀਂ ਸੁੱਖੇ ਨੂੰ ਜਿੰਦਾ ਨਹੀਂ ਜਾਣ ਦੇਣਾ।ਪਰ ਉਹ ਕਾਫਲੇ ਨਾਲ ਬਚ ਕੇ ਨਿਕਲ ਗਿਆ। ਜਦੋਂ ਕਈ ਸਾਲਾਂ ਬਾਅਦ ਬਾਰਡਰ ‘ਤੇਬਲੈਕ ਸ਼ੁਰੂ ਹੋਈ ਤਾਂ ਕੁਝ ਜਰੂਰਤ ਵੱਸ ਤੇ ਕੁਝ ਪਿੰਡ ਦੇ ਪਿਆਰ ਕਾਰਨ, ਉਹਨਾਂ ਵਿੱਚ ਭਰਾਵਾਂ ਤੋਂ ਵੀ ਵੱਧ ਪਿਆਰ ਪੈ ਗਿਆ। ਦੋਵਾਂ ਧਿਰਾਂ ਨੇ ਰੱਜ ਕੇ ਹੱਥ ਰੰਗੇ। ਜੋ 1947 ਵਿੱਚ ਇੱਕ ਦੂਸਰੇ ਦੇ ਜਾਨੀ ਦੁਸ਼ਮਣ ਸਨ, ਉਹ ਮਰਨ ਤੱਕ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਰਹੇ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062