ਅੱਜ ਤੋਂ ਸ਼ੁਰੂ ਹੋ ਰਹੇ ਮਸ਼ਹੂਰ ਅਮਰੀਕੀ ਟੀ.ਵੀ. ਸ਼ੋਅ ‘ਬਿੱਗ ਬ੍ਰਦਰ’ ਦੇ 25ਵੇਂ ਸੀਜ਼ਨ ’ਚ ਪਹਿਲੀ ਵਾਰੀ ਇਕ ਸਿੱਖ ਸ਼ਿਰਕਤ ਕਰੇਗਾ। ਸ਼ੋਅ ’ਚ 16 ਵਿਅਕਤੀ ਹਿੱਸਾ ਲੈ ਰਹੇ ਹਨ ਅਤੇ ਉਹ 750,000 ਡਾਲਰ ਦੀ ਰਕਮ ਨੂੰ ਜਿੱਤਣ ਲਈ ਮੁਕਾਬਲਾ ਕਰਨਗੇ। ਇਨ੍ਹਾਂ 16 ਜਣਿਆਂ ’ਚ ਅਮਰੀਕੀ ਟਰੱਕ ਡਰਾਈਵਰ ਜੱਗ ਬੈਂਸ ਤੋਂ ਇਲਾਵਾ ਕਈ ਕਲਾਕਾਰ ਸ਼ਾਮਲ ਹਨ।
ਇਹ ਅਮਰੀਕੀ ਰਿਐਲਿਟੀ ਸ਼ੋਅ ਇਸੇ ਨਾਂ ਦੇ ਅਸਲ ਡੱਚ ਰਿਐਲਿਟੀ ਸ਼ੋਅ ’ਤੇ ਆਧਾਰਿਤ ਹੈ, ਜਿਸ ਨੂੰ ਨਿਰਮਾਤਾ ਜੌਨ ਡੀ ਮੋਲ ਵਲੋਂ 1997 ’ਚ ਬਣਾਇਆ ਗਿਆ ਸੀ। ਲੜੀ ਦਾ ਨਾਮ ਜਾਰਜ ਓਰਵੇਲ ਦੇ 1949 ਦੇ ਨਾਵਲ ‘ਨਾਈਨਟੀਨ ਏਟੀ-ਫੋਰ’ ਵਿਚ ਇਕ ਪਾਤਰ ਤੋਂ ਪ੍ਰੇਰਿਤ ਹੈ। ਅਮਰੀਕੀ ਸ਼ੋਅ 5 ਜੁਲਾਈ, 2000 ਨੂੰ ਸੀ.ਬੀ.ਐਸ. ’ਤੇ ਸ਼ੁਰੂ ਕੀਤਾ ਗਿਆ ਸੀ। ਇਸ ਸੀਜ਼ਨ ਦੇ ਹੋਰ ਮਹਿਮਾਨਾਂ ਵਿਚ 60 ਤੋਂ ਵੱਧ ਉਮਰ ਦੀ ਪਹਿਲੀ ਮਹਿਲਾ ਹਾਊਸ ਗੈਸਟ, ਪਹਿਲੀ ਆਸਟ੍ਰੇਲੀਅਨ ਹਾਊਸ ਗੈਸਟ ਅਤੇ ਐਪਲਾਚੀਆ ਤੋਂ ਪਹਿਲੀ ਹਾਊਸ ਗੈਸਟ ਵੀ ਸ਼ਾਮਲ ਹਨ। ਭਾਰਤੀ ਟੀ.ਵੀ. ਸ਼ੋਅ ‘ਬਿੱਗ ਬੌਸ’ ਵੀ ਇਸੇ ਸ਼ੋਅ ’ਤੇ ਅਧਾਰਤ ਹੈ।
ਜੱਗ ਬੈਂਸ ‘ਬਿੱਗ ਬ੍ਰਦਰ’ ’ਚ ਸ਼ਾਮਲ ਹੋਣ ਵਾਲਾ ਪਹਿਲਾ ਸਿੱਖ ਹੋਵੇਗਾ। ਅਪਣੀ ਇੰਸਟਾਗ੍ਰਾਮ ਆਈ.ਡੀ. ’ਤੇ ਇਸ ਪੋਸਟ ਰਾਹੀਂ ਇਸ ਬਾਰੇ ਸੂਚਨਾ ਸਾਂਝੀ ਕਰਦਿਆਂ ਜੱਗ ਬੈਂਸ ਨੇ ਲਿਖਿਆ ਹੈ, ‘‘ਬਿੱਗ ਬ੍ਰਦਰ ਦੇ ਹਾਊਸ ’ਚ ਸ਼ਾਮਲ ਹੋਣ ਦੀ ਖ਼ੁਸ਼ੀ ਪ੍ਰਗਟ ਕਰਨ ਲਈ ਮੇਰੇ ਕੋਲ ਸ਼ਬਦਾਂ ਦੀ ਕਮੀ ਪੈ ਗਈ ਹੈ। ਮੈਂ ਬਚਪਨ ’ਚ ਇਹ ਸ਼ੋਅ ਬਹੁਤ ਵੇਖਦਾ ਹੁੰਦਾ ਸੀ ਅਤੇ ਹੁਣ ਇਸ ਸ਼ੋਅ ਦਾ ਹਿੱਸਾ ਬਣਨਾ ਸੁਪਨਾ ਸਾਕਾਰ ਹੋਣ ਵਰਗਾ ਹੈ।’’
ਉਸ ਨੇ ਕਿਹਾ ਕਿ ‘ਬਿੱਗ ਬ੍ਰਦਰ’ ’ਚ ਸਿੱਖਾਂ ਦੀ ਨੁਮਾਇੰਦਗੀ ਕਰਨ ਅਤੇ ਦੁਨੀਆ ਨਾਲ ਅਪਣੀ ਕਹਾਣੀ ਸਾਂਝੀ ਕਰਨ ਦੇ ਇਸ ਮੌਕੇ ਲਈ ਤਹਿ ਦਿਲੋਂ ਧੰਨਵਾਦੀ ਹੈ। ਉਸ ਨੇ ਅਪਣੇ ਪ੍ਰਵਾਰ ਅਤੇ ਮਿੱਤਰਾਂ ਦੇ ਸਹਿਯੋਗ ਦਾ ਧਨਵਾਦ ਕਰਦਿਆਂ ਕਿਹਾ ਕਿ ਇਹ ਮਾਅਰਕਾ ਉਹ ਉਨ੍ਹਾਂ ਦੇ ਸਹਿਯੋਗ ਤੋਂ ਬਗ਼ੈਰ ਹਾਸਲ ਨਹੀਂ ਕਰ ਸਕਦਾ ਸੀ।