ਔਰਤਾਂ ਦੀ ਸੁਰੱਖਿਆ ਅਤੇ ਵਧ ਰਹੀ ਔਰਤਾਂ ਵਿਰੁੱਧ ਹਿੰਸਾ

ਦੁਨੀਆਂ ਭਰ ਵਿੱਚ ਔਰਤਾਂ ਨੂੰ ਦਿੱਤੇ ਹੱਕਾਂ ‘ਚ ਲਗਭਗ ਸਮਾਨਤਾ ਹੈ। ਬਹੁਗਿਣਤੀ ਦੇਸ਼ਾਂ ਵਿੱਚ ਔਰਤਾਂ ਨੂੰ ਗੁਲਾਮੀ ਅਤੇ ਹਿੰਸਾ ਮੁਕਤੀ, ਸਿੱਖਿਆ, ਮਰਦਾਂ ਬਰੋਬਰ ਤਨਖ਼ਾਹ, ਮਾਲਕੀ ਦੇ ਹੱਕ, ਆਜ਼ਾਦੀ ਨਾਲ ਖਿਆਲ ਪ੍ਰਗਟ ਕਰਨ ਅਤੇ ਵੋਟ ਜਿਹੇ ਹੱਕ ਪ੍ਰਾਪਤ ਹਨ। ਭਾਰਤ ਵਿੱਚ ਵੀ ਔਰਤ ਨੂੰ ਸੰਵਿਧਾਨ ਦੀ ਧਾਰਾ 14 ਅਧੀਨ ਬਰਾਬਰੀ, ਧਾਰਾ 15(1) ਅਧੀਨ ਵਿਤਕਰੇ ਵਿਰੁੱਧ, ਧਾਰਾ 16 ਅਧੀਨ ਬਰਾਬਰ ਦੇ ਮੌਕੇ ਅਤੇ ਆਰਟੀਕਲ 39 (ਡੀ) ਅਤੇ ਧਾਰਾ 42 ਅਧੀਨ ਮਰਦਾਂ ਬਰਾਬਰ ਤਨਖ਼ਾਹ ਜਿਹੇ ਅਧਿਕਾਰ ਹਨ।

ਐਡੇ ਵੱਡੇ ਅਧਿਕਾਰ ਸੰਵਿਧਾਨ ਵਿੱਚ ਲਿਖੇ ਹੋਣ ਦੇ ਬਾਵਜੂਦ ਵੀ ਭਾਰਤ ਦੀਆਂ ਲਗਭਗ 70 ਫੀਸਦੀ ਔਰਤਾਂ, ਬੀਬੀਆਂ, ਘਰੇਲੂ ਹਿੰਸਾ ਦੀ ਮਾਰ ਹੇਠ ਹਨ ਜਾਂ ਸ਼ਿਕਾਰ ਹਨ। ਜਿਸ ਨਾਲ ਉਹ ਡਿਪਰੇਸ਼ਨ(ਮਾਨਸਿਕ ਤਣਾਅ) ਅਤੇ ਆਤਮ ਹਤਿਆ ਵੱਲ ਵਧਦੀਆਂ ਹਨ। ਇਹ ਸਿੱਧੇ ਤੌਰ ਤੇ ਔਰਤਾਂ ਦਾ ਕਤਲ ਨਹੀਂ, ਪਰ ਸਵੈ-ਕਤਲ ਦਾ ਇੱਕ ਵੱਡਾ ਕਾਰਨ ਹੈ।

ਇਹੋ ਗੱਲ ਔਰਤਾਂ ਦੀ ਸਮਾਜ ਵਿੱਚ ਸੁਰੱਖਿਆ ਦੇ ਮਾਮਲੇ ‘ਤੇ ਹੈ, ਜਿਥੇ ਘਰ ਵਿੱਚ ਅਤੇ ਘਰੋਂ ਬਾਹਰ ਨਿਕਲਦਿਆਂ, ਉਹ ਡਰ, ਅਸੁਰੱਖਿਆ ਨਾਲ ਸੜਕ ‘ਤੇ, ਕੰਮ ਵਾਲੀਆਂ ਥਾਵਾਂ ‘ਤੇ, ਕਾਲਜਾਂ, ਸਕੂਲਾਂ, ਯੂਨੀਵਰਸਿਟੀਆਂ ਅਤੇ ਹੋਰ ਸਿੱਖਿਆ ਸੰਸਥਾਵਾਂ ‘ਚ ਵਿਚਰਦੀਆਂ ਹਨ ਅਤੇ ਆਜ਼ਾਦ ਵਿਚਰਨ ਦੀ ਥਾਂ ਕਿਸੇ ਆਸਰੇ ਦੀ ਭਾਲ ‘ਚ ਰਹਿੰਦੀਆਂ ਹਨ, ਅਤੇ ਕਈ ਹਲਾਤਾਂ ‘ਚ ਇਹੋ “ਆਸਰੇ“ ਉਹਨਾ ਦੀ ਅਸੁਰੱਖਿਆ ਅਤੇ ਤਬਾਹੀ ਦਾ ਕਾਰਨ ਬਣ ਜਾਂਦੇ ਹਨ।

ਕੀ ਘਰੋਂ ਦੁਕਾਨ ‘ਤੇ ਇਕੱਲੀ ਨਿਕਲੀ ਔਰਤ ਲੜਕੀ, ਖਰੀਦਦਾਰੀ ਕਰਨ ਵੇਲੇ ਸੁਰੱਖਿਅਤ ਹੈ? ਕੀ ਕਦੇ ਰਾਤ -ਬਰਾਤੇ ਉਸ ਨੂੰ ਇਕੱਲਿਆ ਸਫ਼ਰ ਕਰਨਾ ਪੈ ਜਾਵੇ ਤਾਂ ਉਹ ਸੁਰੱਖਿਅਤ ਹੈ? ਕੀ ਘਰ ਵਿੱਚ ਲੜਕੀ ਇਕੱਲੀ ਸੁਰੱਖਿਅਤ ਹੈ, ਭਾਵੇਂ ਉਹਦੇ ਆਲੇ-ਦੁਆਲੇ ਭਰਵੀਂ ਅਬਾਦੀ ਹੋਵੇ, ਆਪਣੇ ਰਿਸ਼ਤੇਦਾਰ ਹੋਣ। ਇਹੋ ਜਿਹੇ ਭਰਵੇਂ ਮਾਹੌਲ ਵਿੱਚ ਵੀ ਲੜਕੀ ਅਸੁਰੱਖਿਅਤ ਹੋ ਜਾਂਦੀ ਹੈ। ਕੀ ਬਸ, ਗੱਡੀ ‘ਚ ਸਫ਼ਰ ਵੇਲੇ ਉਹ ਸੁਰੱਖਿਅਤ ਹੈ?

ਅਸਲ ਵਿੱਚ ਭਾਰਤ ਵਿੱਚ ਘਰ ਤੋਂ ਲੈ ਕੇ ਦਫ਼ਤਰ ਤੱਕ, ਪਬਲਿਕ ਥਾਵਾਂ ਉਤੇ, ਬੇਗਾਨਿਆਂ ਅਤੇ ਆਪਣਿਆਂ ਵਿੱਚ ਵੀ ਕਈ ਵੇਰ ਔਰਤ, ਲੜਕੀ ਸੁਰੱਖਿਅਤ ਨਹੀਂ। ਡਰ ਅਤੇ ਅਸੁਰੱਖਿਆ ਦੀ ਇਹ ਭਾਵਨਾ ਔਰਤ ਦੀ ਨਿੱਜੀ ਮਾਨਸਿਕ ਕਮਜ਼ੋਰੀ ਦਾ ਕਾਰਨ ਬਣਦੀ ਹੈ ਅਤੇ ਸਮਾਜ ‘ਚ ਕਈ ਹਾਲਤਾਂ ਵਿੱਚ ਉਹਦੀ ਹੋਂਦ ਖੇਰੂ-ਖੇਰੂ ਹੁੰਦੀ ਜਾਪਦੀ ਹੈ।

ਭਾਰਤ ‘ਚ ਔਰਤਾਂ ਵਿਰੁੱਧ ਪੰਜ ਅਪਰਾਧ, ਇੰਡੀਅਨ ਪੀਨਲ ਕੋਡ ‘ਚ ਦਰਜ ਹਨ, ਜਿਹਨਾ ‘ਚ ਬਲਾਤਕਾਰ ਸਭ ਤੋਂ ਵੱਡਾ ਹੈ। ਅਗਵਾ, ਦਾਜ ਪ੍ਰਤੀ ਜਬਰਦਸਤੀ, ਘਰੇਲੂ ਹਿੰਸਾ ਅਤੇ ਤਸ਼ੱਦਦ ਆਦਿ ਹੋਰ ਅਪਰਾਧ ਹਨ। ਇਹ ਅਪਰਾਧ ਵਧਦੇ ਜਾ ਰਹੇ ਹਨ ਅਤੇ ਔਰਤਾਂ ‘ਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੇ ਹਨ। ਇਸਦਾ ਮੁੱਖ ਕਾਰਨ ਔਰਤਾਂ ਦੀ ਸੁਰੱਖਿਆ ਲਈ ਬਣੇ ਹੋਏ ਕਾਨੂੰਨ ਲਾਗੂ ਨਾ ਕਰਨਾ ਵੀ ਹੈ।

ਦਾਜ ਦਹੇਜ ਵਿਰੁੱਧ ਕਾਨੂੰਨ ਬਣੇ ਹੋਏ ਹਨ ਪਰ ਉਹ ਕਿੰਨੇ ਕੁ ਲਾਗੂ ਹੋ ਰਹੇ ਹਨ? ਬਲਾਤਕਾਰੀਆਂ ਨੂੰ ਕਿੰਨੀਆਂ ਕੁ ਸਜ਼ਾਵਾਂ ਹੋ ਰਹੀਆਂ ਹਨ? ਘਰੇਲੂ ਹਿੰਸਾ ਵਿਰੁੱਧ ਬਣੇ ਕਾਨੂੰਨ ਕਿਥੇ ਤੇ ਕਦੋਂ ਲਾਗੂ ਹੁੰਦੇ ਹਨ? ਭਾਰਤੀ ਸਮਾਜ ‘ਚ ਬਣਤਰ ਹੀ ਕੁਝ ਇਹੋ ਜਿਹੀ ਹੈ ਕਿ ਮਰਦ ਦਾ ਹੈਂਕੜਪੁਣਾ, ਰੰਘਰਊਪੁਣਾ ਅਤੇ ਸਮਾਜ ਵਿਚਲਾ ਔਰਤ ਵਿਰੋਧੀ ਵਰਤਾਰਾ ਔਰਤਾਂ ਨੂੰ ਜੀਣ-ਥੀਣ ਲਈ ਸੌਖਿਆ ਸਾਹ ਹੀ ਨਹੀਂ ਲੈਣ ਦੇ ਰਿਹਾ। ਉਹਨਾ ਲਈ ਨਿੱਤ ਨਵੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਇਹ ਸਭ ਕੁਝ ਔਰਤਾਂ ਵਿਰੁੱਧ ਅਪਰਾਧਾਂ ‘ਚ ਲਗਾਤਾਰ ਵੱਡਾ ਵਾਧਾ ਕਰ ਰਿਹਾ ਹੈ, ਬਾਵਜੂਦ ਇਸ ਗੱਲ ਦੇ ਵੀ ਕਿ ਲੜਕੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ, ਹਰ ਖੇਤਰ ‘ਚ ਮੋਹਰੀ ਰੋਲ ਅਦਾ ਕਰਨ ਲੱਗੀਆਂ ਹਨ।
ਸਾਲ 2016 ਤੋਂ 2021 ਤੱਕ ਲਗਭਗ 22.8 ਲੱਖ ਔਰਤਾਂ ਵਿਰੁੱਧ ਅਪਰਾਧ ਭਾਰਤ ਵਿੱਚ ਸਰਕਾਰੀ ਰਿਕਾਰਡ ‘ਚ ਦਰਜ ਹਨ। ਇਹਨਾ ਵਿਚੋਂ 7 ਲੱਖ, ਧਾਰਾ 498 ਏ ਆਫ, ਆਈ ਪੀ ਸੀ ਅਧੀਨ ਹਨ। ਇਹ ਧਾਰਾ ਔਰਤ ਵਲੋਂ ਆਪਣੇ ਮਰਦ ਅਤੇ ਰਿਸ਼ਤੇਦਾਰਾਂ ਵਲੋਂ ਕੀਤੀ ਹਿੰਸਾ ਅਤੇ ਕੁੱਟਮਾਰ, ਨਫਰਤੀ ਵਰਤਾਰੇ ਸਬੰਧੀ ਹੈ।

ਰਾਸ਼ਟਰੀ ਕਰਾਈਮ ਰਿਕਾਰਡ ਬਿਓਰੋ ਅਨੁਸਾਰ 2021 ਵਿੱਚ ਦੇਸ਼ ਭਰ ‘ਚ 6589 ਕੇਸ ਦਾਜ ਦਹੇਜ ਸਬੰਧੀ ਕਤਲ ਦੇ ਰਿਕਾਰਡ ਹੋਏ। ਨੈਸ਼ਨਲ ਕਮਿਸ਼ਨ ਫਾਰ ਵੂਮੈਨ ਅਨੁਸਾਰ 2021 ਨਾਲੋਂ 2022 ‘ਚ ਔਰਤਾਂ ਉਤੇ ਅਤਿਆਚਾਰ ਦੀਆਂ ਘਟਨਾਵਾਂ ‘ਚ 30 ਫੀਸਦੀ ਵਾਧਾ ਦਰਜ ਕੀਤਾ ਗਿਆ।

ਨੈਸ਼ਨਲ ਕਰਾਈਮ ਰਿਕਾਰਡ ਬਿਓਰੋ ਅਨੁਸਾਰ ਔਰਤਾਂ ਉਤੇ ਅਤਿਆਚਾਰ ਹਿੰਸਾ ਆਦਿ ਦੇ 2021 ਵਿੱਚ 4,28,278 ਕੇਸ ਦਰਜ਼ ਹੋਏ ਜੋ 2020 ਨਾਲੋਂ 56,775 ਵਧ ਸਨ। ਇਹਨਾ ਵਿੱਚ ਔਰਤਾਂ ਨੂੰ ਅਗਵਾ ਕਰਨ ਅਤੇ ਬਲਾਤਕਾਰ ਦੇ ਕੇਸ 20.8 ਫੀਸਦੀ ਸਨ ਅਤੇ ਮਰਦਾਂ ਵਲੋਂ ਔਰਤਾਂ ਉਤੇ ਘਰੇਲੂ ਹਿੰਸਾ ਦੇ 31.8 ਫੀਸਦੀ ਘਰੇਲੂ ਹਿੰਸਾ ਅਤੇ ਔਰਤਾਂ ਵਿਰੁੱਧ ਅਪਰਾਧ ਵਿਸ਼ਵ ਵਿਆਪੀ ਹਨ।

ਔਰਤਾਂ ਵਿਰੁੱਧ ਅਪਰਾਧ, ਹਿੰਸਾ ਅਤੇ ਅਸੁਰੱਖਿਆ ਦੀ ਭਾਵਨਾ ਵਧਦੀ ਹੀ ਜਾ ਰਹੀ ਹੈ। ਭਾਰਤ ਸਹਿਤ ਦੱਖਣੀ ਏਸ਼ੀਆਂ ਦੇ ਤਿੰਨ ਮੁਲਕਾਂ ਵਿੱਚ 1,95,000 ਪੁਰਸ਼ਾਂ ਨਾਲ ਰਹਿਣ ਵਾਲੀਆਂ ਔਰਤਾਂ ‘ਤੇ ਕੀਤੇ ਇੱਕ ਸਰਵੇਖਣ ਅਨੁਸਾਰ ਹਿੰਸਾ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਇਸ ਸਰਵੇਖਣ ‘ਚ ਘਰੇਲੂ ਹਿੰਸਾ ‘ਚ ਵਾਧੇ ਦਾ ਇੱਕ ਕਾਰਨ ਵਾਤਾਵਰਨ ਵਿੱਚ ਵਧ ਰਿਹਾ ਤਾਪਮਾਨ ਹੈ। ਜਿਸ ਅਨੁਸਾਰ ਇਕ ਡਿਗਰੀ ਤਾਪਮਾਨ ਦੇ ਵਧਣ ਨਾਲ 4.5 ਫੀਸਦੀ ਹਿੰਸਾ ‘ਚ ਵਾਧਾ ਹੁੰਦਾ ਹੈ। ਅਨੁਮਾਨ ਇਹ ਵੀ ਇਸ ਸਰਵੇਖਣ ਵਿੱਚ ਲਗਾਇਆ ਗਿਆ ਹੈ ਕਿ ਭਾਰਤ, ਨੇਪਾਲ, ਪਾਕਿਸਤਾਨ ‘ਚ ਪਰਿਵਾਰ ਹਿੰਸਾ ‘ਚ ਇਸ ਸਦੀ ਦੇ ਅੰਤ ਤੱਕ 21.5 ਫੀਸਦੀ ਵਾਧਾ ਹੋਏਗਾ ਅਤੇ ਇਸਦਾ ਸ਼ਿਕਾਰ ਮਹਿਲਾਵਾਂ ਹੋਣਗੀਆਂ। ਪਰਿਵਾਰਕ ਹਿੰਸਾ ਵਿੱਚ ਸਰੀਰਕ ਹਿੰਸਾ, ਭਾਵਨਾਤਮਕ ਹਿੰਸਾ, ਯੋਨ ਹਿੰਸਾ ਸ਼ਾਮਲ ਹੈ। ਸਰਵੇ ਮੁਤਾਬਕ ਭਾਰਤ ਅਤੇ ਨੇਪਾਲ ਦੇਸ਼ਾਂ ਦੇ ਮੁਕਾਬਲੇ 2 ਫੀਸਦੀ ਵਾਧਾ ਔਰਤਾਂ ਵਿਰੁੱਧ ਅਪਰਾਧ ‘ਚ ਹੋਏਗਾ।

ਸਰਕਾਰਾਂ ਵਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਲੜਕੀਆਂ ਅਤੇ ਮਹਿਲਾਵਾਂ ਦੇ ਨਾਲ ਹੋ ਰਹੇ ਅਪਰਾਧ ਘਟ ਕੀਤੇ ਜਾਣਗੇ, ਪਰੰਤੂ ਹਾਲਾਤ ਇਹ ਹਨ ਕਿ ਹਰ ਦਿਨ ਕਈ-ਕਈ ਬੱਚੀਆਂ ਅਤੇ ਮਹਿਲਾਵਾਂ ਗਾਇਬ ਹੋ ਰਹੀਆਂ ਹਨ। ਔਰਤਾਂ ਨਾਲ ਗਲਤ ਵਿਵਹਾਰ, ਬਲਾਤਕਾਰ ਆਦਿ ਦੀਆਂ ਮਨੀਪੁਰ ਵਿੱਚ ਜਿਸ ਕਿਸਮ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਆ ਰਹੀਆਂ ਹਨ, ਉਹ ਤਾਂ ਸ਼ਰਮਨਾਕ ਹਨ ਹੀ, ਪਰ ਦੇਸ਼ ਦੇ ਹੋਰ ਭਾਗਾਂ ਵਿੱਚ ਇਸ ਤੋਂ ਵੱਖਰੀ ਕਿਸਮ ਦੇ ਮਹਿਲਾਵਾਂ ਨਾਲ ਅਪਰਾਧ ਦਿਲ ਟੁੰਬਣ ਵਾਲੇ ਅਤੇ ਦਿਲ ਕੰਬਾਊ ਹਨ।

ਪਿਛਲੇ ਦਿਨੀ ਰਾਜ ਸਭਾ ਵਿੱਚ ਮਨਿਸਟਰ ਆਫ ਸਟੇਟ ਫਾਰ ਹੋਮ ਅਫੇਅਰ ਅਜੈ ਕੁਮਾਰ ਮਿਸ਼ਰਾ ਨੇ ਪੂਰੇ ਦੇਸ਼ ਵਿੱਚ ਗਾਇਬ ਲੜਕੀਆਂ ਅਤੇ ਔਰਤਾਂ ਸਬੰਧੀ ਇਹ ਰਿਪੋਰਟ ਸਦਨ ਵਿੱਚ ਰੱਖੀ ਹੈ।

2019 ਤੋਂ 2021 ਦੌਰਾਨ ਹੋਈਆਂ ਅਪਰਾਧਿਕ ਘਟਨਾਵਾਂ ਦੇ ਮਾਮਲੇ ਇਸ ਵਿੱਚ ਦਰਜ ਹਨ। ਦਿੱਲੀ, ਜੰਮੂ ਕਸ਼ਮੀਰ, ਚੰਡੀਗੜ ਵਿੱਚ ਗਾਇਬ ਔਰਤਾਂ ਦੇ ਕੇਸ ਸਭ ਤੋਂ ਵੱਧ ਹਨ। 2019 ਤੋਂ 2021 ਤੱਕ ਤਿੰਨ ਸਾਲਾਂ ਵਿੱਚ 18 ਸਾਲਾਂ ਤੋਂ ਘੱਟ ਉਮਰ ਦੀਆਂ 22,919 ਬੱਚੀਆਂ ਅਤੇ 18 ਸਾਲ ਤੋਂ ਜਿਆਦਾ ਉਮਰ ਦੀਆਂ 61,050 ਔਰਤਾਂ ਗਾਇਬ ਹੋਈਆਂ ਜਦਕਿ ਜੰਮੂ ਕਸ਼ਮੀਰ ‘ਚ ਇਹ ਗਿਣਤੀ 18 ਸਾਲ ਤੋਂ ਘੱਟ ਲੜਕੀਆਂ ਦੀ 1,148 ਅਤੇ 18 ਸਾਲ ਤੋਂ ਵੱਧ ਦੀ 8,617 ਸੀ। ਚੰਡੀਗੜ ‘ਚ ਗਾਇਬ ਹੋਣ ਵਾਲੀਆਂ 18 ਸਾਲ ਤੋਂ ਘੱਟ ਬੱਚੀਆਂ 921 ਸਨ ਅਤੇ ਜਦਕਿ 18 ਸਾਲ ਤੋਂ ਵਧ ਉਮਰ ਦੀਆਂ ਮਹਿਲਾਵਾਂ 3,669 ਸਨ। ਪੰਜਾਬ ਵਾਲੀ ਰਿਪੋਰਟ ਵੀ ਚਿੰਤਾਜਨਕ ਹੈ ਜਿਥੇ ਹਰ ਰੋਜ਼ 2019 ਤੋਂ 2021 ਦੌਰਾਨ 11 ਤੋਂ 15 ਔਰਤਾਂ ਗਾਇਬ ਹੋਈਆਂ ਭਾਵ 18,908 ਔਰਤਾਂ ਗਾਇਬ ਹੋਈਆਂ ਹਨ।

ਰਿਪੋਰਟ ਵੇਖਣ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਦੇ ਰੂੜੀਵਾਦੀ ਸਮਾਜ ਵਿੱਚ ਮਹਿਲਾਵਾਂ ਨਾਲ ਨਾ ਬਰਾਬਰ ਦਾ ਸਲੂਕ ਹੁੰਦਾ ਹੈ ਅਤੇ ਨਾ ਹੀ ਉਹਨਾ ਨੂੰ ਬਣਦੇ ਹੱਕ ਦਿੱਤੇ ਜਾਂਦੇ ਹਨ। ਘਰਾਂ ਵਿੱਚ ਮਹਿਲਾਵਾਂ ਉਤੇ ਕੁੱਟਮਾਰ ਦੀਆਂ ਘਟਨਾਵਾਂ ਆਮ ਵੇਖਣ ਨੂੰ ਮਿਲਦੀਆਂ ਹਨ ਅਤੇ ਉਹ ਮਰਦਾਂ ਦੀ ਰੰਘਰਊ ਸੋਚ ਦਾ ਸ਼ਿਕਾਰ ਹੁੰਦੀਆਂ ਹਨ।

ਮਹਿਲਾਵਾਂ ਦੇ ਦੇਹ ਵਪਾਰ ਦੀਆਂ ਘਟਨਾਵਾਂ ਸੁਰਖੀਆਂ ‘ਚ ਰਹਿੰਦੀਆਂ ਹਨ। ਵੱਡੇ ਸ਼ਹਿਰਾਂ ਦੇ ਹੋਟਲਾਂ ਅਤੇ ਕੁਝ ਇੱਕ ਵਿਸ਼ੇਸ਼ ਥਾਵਾਂ ਉਤੇ ਉਹਨਾ ਦੀ ਦੇਹ ਵੇਚਣ ਦਾ ਧੰਦਾ ਸ਼ਰੇਆਮ ਹੁੰਦਾ ਹੈ। ਇਵੇਂ ਜਾਪਦਾ ਹੈ ਜਿਵੇਂ ਔਰਤਾਂ ਦੇ ਸਰੀਰ ਨੂੰ ਇੱਕ ਵਸਤੂ ਸਮਝ ਕੇ ਸਮਾਜ ਦੇ ਭੈੜੀ ਸੋਚ ਵਾਲੇ ਦਰਿੰਦੇ ਵਪਾਰ ਕਰਦੇ ਹਨ, ਕਾਲੀ ਕਮਾਈ ਕਰਦੇ ਹਨ। ਇਸੇ ਤਹਿਤ ਹੀ ਵੱਡੇ ਸ਼ਹਿਰਾਂ ‘ਚ ਕੰਮ ਕਰਨ ਵਾਲੇ ਦੇਹ ਵਪਾਰੀ ਪਿੰਡਾਂ, ਛੋਟੇ ਸ਼ਹਿਰਾਂ ‘ਚੋਂ ਬੱਚੀਆਂ ਨੂੰ ਵਰਗਲਾਕੇ ਲੈ ਜਾਂਦੇ ਹਨ ਅਤੇ ਇਹਨਾ ਸ਼ਹਿਰਾਂ ‘ਚ ਚਲ ਰਹੇ “ਕੋਠਿਆਂ“ ‘ਚ ਉਹਨਾ ਨੂੰ ਵੇਚਦੇ ਹਨ।

ਦੇਸ਼ ਵਿੱਚ ਔਰਤਾਂ ਨਾਲ ਹੁੰਦੇ ਵਿਭਚਾਰ, ਬਲਾਤਕਾਰ, ਅਪਰਾਧਾਂ ਸਬੰਧੀ ਰਿਪੋਰਟ ਤਾਂ ਦਰਦਨਾਕ ਹੈ ਹੀ, ਪਰ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਉਤੇ ਉਹਨਾ ਨਾਲ ਹੋ ਰਹੇ ਦੁਪਰਿਆਰੇ ਸਲੂਕ ਅਤੇ ਅਪਰਾਧਾਂ ਦੀ ਰਿਪੋਰਟ ਬਹੁਤ ਸ਼ਰਮਨਾਕ ਹੈ। ਔਰਤਾਂ, ਬੱਚੀਆਂ ਨੂੰ ਜਿਸ ਸਤਿਕਾਰ ਨਾਲ ਪੰਜਾਬ ਵਿੱਚ ਵੇਖਿਆ ਜਾਂਦਾ ਹੈ ਅਤੇ ਗੁਰੂ ਸਾਹਿਬਾਨ ਵਲੋਂ “ਸੋ ਕਿਉਂ ਮੰਦਾ ਆਖੀਐ, ਜਿਤੁ ਜੰਮੇ ਰਾਜਾਨ“ ਦਾ ਫੁਰਮਾਨ ਹੈ, ਉਥੇ ਔਰਤਾਂ ਦੀ ਇਹ ਦਸ਼ਾ ਦਰਦਨਾਕ ਹੈ। ਕੀ ਨਿੱਤ 15-18 ਮਹਿਲਾਵਾਂ ਦਾ ਪੰਜਾਬ ‘ਚੋਂ ਗਾਇਬ ਹੋਣਾ ਸ਼ਰਮਨਾਕ ਨਹੀਂ? ਚੰਡੀਗੜ ਵਰਗੇ ਸ਼ਹਿਰ ਵਿੱਚ ਜਿਥੇ ਲੋਕਾਂ ਤੋਂ ਵਧੇਰੇ ਨੈਤਿਕ ਕਦਰਾਂ ਕੀਮਤਾਂ ਦੀ ਤਵੱਜੋ ਕੀਤੀ ਜਾਂਦੀ ਹੈ, ਉਥੇ ਔਰਤਾਂ ਦੀ ਵੱਡੀ ਗਿਣਤੀ ਦਾ ਅਗਵਾ ਤੇ ਗਾਇਬ ਹੋਣਾ ਕੀ ਸਭਿਅਕ ਸ਼ਹਿਰ ਦੇ ਮੱਥੇ ਉਤੇ ਕਲੰਕ ਨਹੀਂ ਹੈ?

ਵੈਸੇ ਤਾ ਦੇਸ਼ ਭਾਰਤ ਸਭਿਆਕ ਹੋਣ ਦਾ ਦਾਅਵਾ ਕਰਦਾ ਹੈ, ਵਿਸ਼ਵ ਗੁਰੂ ਬਨਣ ਦੇ ਸੁਪਨੇ ਲੈਂਦਾ ਹੈ, ਪਰ ਭਾਰਤੀ ਸਮਾਜ ਵਿੱਚ ਛੂਆ- ਛੂਤ ਸਿਰੇ ਦੀ ਹੈ। ਅਛੂਤ ਸਮਝਕੇ ਕੁਝ ਮੰਦਰਾਂ ‘ਚ ਉਹਨਾ ਦਾ ਦਾਖ਼ਲਾ ਨਹੀਂ ਹੋਣ ਦਿੱਤਾ ਜਾਂਦਾ। ਔਰਤਾਂ ਨੂੰ ਤਾਂ ਕੁਝ ਧਾਰਮਿਕ ਸਥਾਨਾਂ ਉਤੇ ਅੰਦਰ ਜਾਕੇ ਦਰਸ਼ਨ ਕਰਨ ਦੀ ਮਨਾਹੀ ਹੈ।

ਔਰਤ ਨੂੰ “ਪੈਰ ਦੀ ਜੁਤੀ“ ਸਮਝਣ ਦਾ ਵਰਤਾਰਾ ਦੇਸ਼ ਦੇ ਕਈ ਭਾਗਾਂ ‘ਚ ਹੈ। ਇਸ ਵਰਤਾਰੇ ਵਿਚੋਂ ਹੀ ਔਰਤਾਂ ਉਤੇ ਤਸ਼ੱਦਦ ਦੀ ਦਾਸਤਾਨ ਸ਼ੁਰੂ ਹੁੰਦੀ ਹੈ। ਉਹਨਾ ਉਤੇ ਜ਼ੁਲਮ ਹੁੰਦੇ ਹਨ। ਵੈਸੇ ਵੀ ਧਰਮ ਦੇ ਨਾਮ ਉਤੇ, ਦੇਸ਼ਾਂ ਦੇ ਨਾਅ ਉਤੇ ਜਦੋਂ ਜੰਗਾਂ ਹੁੰਦੀਆਂ ਹਨ, ਨਫ਼ਰਤੀ ਅੱਗ ਫੈਲਦੀ ਹੈ, ਉਦੋਂ ਵੀ ਔਰਤਾਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਵਧ ਨਿਸ਼ਾਨਾ ਬਣਦੀਆਂ ਹਨ। ਉਹਨਾ ਉਤੇ ਹੁੰਦੇ ਜਾਂ ਕੀਤੇ ਜਾਂਦੇ ਜ਼ੁਲਮਾਂ ਦਾ ਚਿੱਠਾਂ ਐਡਾ ਵੱਡਾ ਹੈ ਕਿ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ।

ਰਹੀ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਦੀ ਗੱਲ, ਅੱਜ ਵੀ ਉਹ ਸੜਕਾਂ ਉਤੇ ਬੇਖੋਫ ਨਹੀਂ ਘੁੰਮ ਸਕਦੀਆਂ। ਕਾਲਜਾਂ, ਸਕੂਲਾਂ ਬਾਹਰ ਖੜੇ ਮਨਚਲੇ ਤੱਨਜ ਕੱਸਦੇ ਹਨ। ਕਈ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਹਨ ਕਿ ਆਪਣੀਆਂ ਲੜਕੀਆਂ ਨੂੰ ਸੜਕਾਂ ਤੋਂ ਛੇੜਖਾਨੀਆਂ ਤੋਂ ਬਚਾਉਣ ਲਈ ਭਰਾਵਾਂ ਜਾਂ ਪਿਓ ਨੂੰ ਮੌਤ ਦੇ ਮੂੰਹ ਜਾਣਾ ਪਿਆ ਹੈ। ਇਸ ਕਿਸਮ ਦੀਆਂ ਵਾਪਰ ਰਹੀਆਂ ਘਟਨਾਵਾਂ ਸਾਡੇ ਲਾਅ ਐਂਡ ਆਰਡਰ ਦੀ ਸਥਿਤੀ ਉਤੇ ਸਵਾਲ ਚੁੱਕਦੀਆਂ ਹਨ।

ਸਰਕਾਰਾਂ ਨੂੰ ਔਰਤਾਂ ਦੀ ਸੁਰੱਖਿਆ ਪ੍ਰਤੀ ਵਧੇਰੇ ਚੇਤੰਨ ਹੋਣ ਦੀ ਲੋੜ ਹੈ ਤਾਂ ਕਿ ਉਹ ਬੇਝਿਜਕ ਹੋਕੇ ਸਮਾਜ ‘ਚ ਵਿਚਰ ਸਕਣ।

-ਗੁਰਮੀਤ ਸਿੰਘ ਪਲਾਹੀ
-9815802070