ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਅਹਿਮ ਪਹਿਲੂ

ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ॥
(ਸ੍ਰੀ ਗੁਰੂ ਗ੍ਰੰਥ ਸਾਹਿਬ, 1409)

ਬਾਣੀ ਦੇ ਬੋਹਿਥ ਅਤੇ ਸਿੱਖ ਧਰਮ ਦੇ ਪੰਜਵੇਂ ਗੱਦੀਨਸ਼ੀਨ ਗੁਰੂ ਅਰਜਨ ਦੇਵ ਨਿਮਰਤਾ, ਦਿਆਲੂ, ਪ੍ਰੇਮ ਰਸ ਅਤੇ ਬ੍ਰਹਮ ਗਿਆਨ ਦੇ ਮੁਜਸਮੇ ਹਨ। ਰੱਬੀ ਸੰਗੀਤ ਦੀ ਧੁਨ ਆਪ ਜੀ ਦੇ ਰੋਮ ਰੋਮ ਵਿਚ ਸਮਾਈ ਹੋਈ ਹੈ। ਭੱਟ ਸਾਹਿਬਾਨ ਆਪ ਜੀ ਦੀ ਉਸਤਤ ਵਿਚ ਬਿਆਨ ਕਰਦੇ ਹਨ, ‘ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿੳ’ ਅਰਥਾਤ ਆਪ ਜੀ ਨੇ ਆਪਣੇ ਜਨਮ ਸਮੇਂ ਤੋਂ ਹੀ ਬ੍ਰਹਮ ਦੀ ਪਛਾਣ ਕਰ ਲਈ ਸੀ। ਕੋਈ ਰੱਬੀ ਪਾਕ ਮੁਹੱਬਤ ਵਾਲਾ ਹੀ ਗੁਰੂ ਅਰਜਨ ਦੇ ਅਨੁਭਵ ਨੂੰ ਜਾਣਨ ਤੇ ਸਮਝਣ ਦੇ ਸਮਰਥ ਹੈ। ਆਪ ਜੀ ਦੀ ਬਾਣੀ ਸੱਚੇ ਜਿਗਿਆਸੂ ਅੰਦਰ ਪਰਮ ਸੱਤਾ ਨੂੰ ਅਨੁਭਵ ਕਰਨ ਦੀ ਤਾਂਘ ਜਗਾਉਂਦੀ ਹੋਈ ਸੱਚ, ਸੰਤੋਖ ਤੇ ਸੁਹਜਮਈ ਰੱਬੀ ਵਿਚਾਰਾਂ ਦੀ ਸਮਝ ਬਖਸ਼ਕੇ ਬ੍ਰਹਮ ਗਿਆਨੀ ਦੀ ਅਵਸਥਾ ਤੱਕ ਪਹੁੰਚਾ ਦਿੰਦੀ ਹੈ। ਆਪ ਜੀ ਦੀ ਕਲਮ ਤੋਂ ਉਕਰੀ ਬਾਣੀ ਐਸੀ ਔਸ਼ਦੀ ਹੈ, ਜੋ ਰੱਬੀ—ਬਿਰਹੋਂ ਵਿਚ ਜ਼ਖਮੀ ਹਿਰਦੇ ਲਈ ਮਰਹਮ ਦਾ ਕੰਮ ਕਰਦੀ ਹੈ। ਇਹ ਹਕੀਕਤ ਹੈ ਕਿ ਆਪ ਦੀ ਬਾਣੀ ਨਾਪਾਕ ਮਨ ਨੂੰ ਪਾਕ ਕਰਨ ਵਾਲੀ ਖੁਦਾ ਦੀ ਉਹ ਹਦੀਸ ਹੈ, ਜਿਸ ਨਾਲ ਸਾਧਕ ਵਿਸਮਾਦ ਮੰਡਲ ਵਿਚ ਖੋ ਜਾਂਦਾ ਹੈ ਅਤੇ ਉਸਦੇ ਅੰਦਰੋਂ ਸੰਗੀਤ ਆਪ ਮੁਹਾਰੇ ਹੀ ਫੁੱਟਣ ਲੱਗ ਪੈਂਦਾ ਹੈ। ਰੱਬੀ ਪ੍ਰੀਤ ਆਪ ਜੀ ਦੇ ਅੰਦਰ ਨਿਰੰਤਰ ਇਸ ਤਰ੍ਹਾਂ ਵਹਿ ਰਹੀ ਹੈ ਕਿ ਪ੍ਰਭੂ ਯਾਦ ਤੋਂ ਛਿਣ ਭਰ ਦੀ ਜੁਦਾਈ ਵੀ ਆਪ ਜੀ ਨੂੰ ਕਲਯੁਗ ਸਮਾਨ ਭਾਸਦੀ ਹੈ।

ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ॥
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 96)

ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਸਿੱਖ ਧਰਮ ਨੂੰ ਆਪਣੀ ਇਕ ਮਹਾਨ ਅਤੇ ਅਦੁੱਤੀ ਦੇਣ ਦਿੱਤੀ ਹੈ। ਆਦਿ ਗ੍ਰੰਥ ਦੀ ਸੰਪਾਦਨਾ ਦਾ ਮਹਾਨ ਕਾਰਜ ਆਪ ਜੀ ਨੇ 1604 ਈ: ਵਿਚ ਮੁਕੰਮਲ ਕਰ ਲਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ। ਆਪ ਜੀ ਨੇ 2312 ਸ਼ਬਦ 30 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਹੈ। ਆਪ ਜੀ ਦੁਆਰਾ ਰਚਿਤ ਬਾਣੀਆਂ ਜਿਵੇਂ ਬਾਰਹਮਾਹ ਮਾਝ, ਵੱਖ—ਵੱਖ ਰਾਗਾਂ ਵਿਚ ਛੇ ਵਾਰਾਂ, ਦਿਨ ਰੈਣਿ, ਬਾਵਨ ਅੱਖਰੀ, ਸੁਖਮਨੀ, ਗੁਣਵੰਤੀ, ਰੁਤੀ, ਥਿਤੀ, ਅੰਜੁਲੀਆਂ, ਸੋਲਹੇ, ਗਾਥਾ, ਫੁਨਹੇ, ਚਉਬੋਲੇ, ਸਲੋਕ ਸਹਸਕ੍ਰਿਤੀ, ਸਵੈਯੇ, ਸਲੋਕ ਵਾਰਾਂ ਤੇ ਵਧੀਕ, ਮੁੰਦਾਵਣੀ ਆਦਿ ਪ੍ਰਸਿੱਧ ਰਚਨਾਵਾਂ ਹਨ।
ਇਕ ਸਾਧਕ ਦੀ ਜ਼ਿੰਦਗੀ ਵਿਚ ਗੁਰੂ ਦਾ ਵਿਸ਼ੇਸ਼ ਸਥਾਨ ਹੁੰਦਾ ਹੈ। ਗੁਰੂ ਹੀ ਸਾਧਕ ਦਾ ਮਾਰਗ ਦਰਸ਼ਕ ਹੁੰਦਾ ਹੈ। ਗੁਰੂ ਦੀ ਬਖ਼ਸ਼ਿਸ਼ ਹੀ ਉਸਨੂੰ ਅਗਿਆਨਤਾ ਦੇ ਅੰਧਕਾਰ ਤੋਂ ਕੱਢ ਕੇ ਰੱਬੀ ਗਿਆਨ ਦੇ ਪ੍ਰਕਾਸ਼ ਵੱਲ ਲੈ ਜਾਂਦੀ ਹੈ। ਗੁਰੂ ਸਾਹਿਬ ਜੀ ਦੀ ਬਾਣੀ ਵੀ ਮੁਰਸ਼ਦ ਦੇ ਮਹੱਤਵ ਦੀ ਹਾਮੀ ਭਰਦੀ ਹੈ। ਇਹ ਕਹਿਣ ਵਿਚ ਕੋਈ ਗੁਰੇਜ਼ ਨਹੀਂ ਹੋਵੇਗਾ ਕਿ ਗੁਰੂ ਹੀ ਸਾਧਨਾ ਮਾਰਗ ਦੀ ਪਹਿਲੀ ਪਉੜੀ ਹੈ। ਗੁਰੂ ਦੀ ਗੈਰ ਮੌਜੂਦਗੀ ਵਿਚ ਸਾਧਨਾ ਮਾਰਗ ਤੇ ਚੱਲਣਾ ਅਸੰਭਵ ਹੈ। ਮਾਨੋ ਕਿ ਇਹ ਹਨੇਰੇ ਵਿਚ ਠੋਕਰਾਂ ਖਾਣ ਦੇ ਬਰਾਬਰ ਹੈ। ਗੁਰੂ ਅਰਜਨ ਪਾਤਸ਼ਾਹ ਆਪਣੀ ਰਚਨਾ ਵਿਚ ਜ਼ਿਕਰ ਕਰਦੇ ਹਨ ਕਿ ਗੁਰੂ ਤੋਂ ਮਿਲੀ ਸੂਝ—ਬੂਝ ਹੀ ਅਧਿਆਤਮਿਕ ਮਾਰਗ ‘ਤੇ ਚੱਲਣ ਲਈ ਪ੍ਰੇਰਨਾ ਸਰੋਤ ਹੁੰਦੀ ਹੈ। ਗੁਰੂ ਦੀ ਮਹੱਤਤਾ ਨੂੰ ਬਿਆਨ ਕਰਦੀਆਂ ਆਪ ਜੀ ਦੁਆਰਾ ਰਚਿਤ ਗੁਰਬਾਣੀ ਦੀਆਂ ਕੁਝ ਪੰਕਤੀਆਂ ਇਸ ਪ੍ਰਕਾਰ ਹਨ:


ਯਯਾ ਜਨਮੁ ਨ ਹਾਰੀਐ ਗੁਰ ਪੂਰੇ ਕੀ ਟੇਕ॥
ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 253)


ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ॥
ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 259)


ਹਰਿ ਅਉਖਧੁ ਸਭ ਘਟ ਹੈ ਭਾਈ॥
ਗੁਰ ਪੂਰੇ ਬਿਨੁ ਬਿਧਿ ਨ ਬਨਾਈ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 259)


ਗੁਰੂ ਅਰਜਨ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਅਸਲ ਮਨੋਰਥ ਬ੍ਰਹਮ ਮਿਲਾਪ ਦਾ ਅਵਸਰ ਹੈ। ਜਿਸ ਨਾਲ ਜਗਿਆਸੂ ਨੂੰ ਆਪਣੇ ਬੇਸ਼ਕਿਮਤੀ ਜੀਵਨ ਸੰਬੰਧੀ ਗਹਿਰਾ ਅਹਿਸਾਸ ਹੁੰਦਾ ਹੈ। ਉਹ ਜਾਣ ਜਾਂਦਾ ਹੈ ਕਿ ਇਸੇ ਮਨੋਰਥ ਵਿਚ ਮਨੁੱਖਾ ਜੀਵਨ ਦਾ ਅਸਲ ਅਰਥ ਲੁਕਿਆ ਹੋਇਆ ਹੈ। ਜਿਸ ਤੋਂ ਇਹ ਸਰਲ ਅਰਥਾਂ ਵਿਚ ਜ਼ਾਹਿਰ ਹੁੰਦਾ ਹੈ ਕਿ ਗੁਰਬਾਣੀ ਅਨੁਸਾਰ ਮਨੁੱਖ ਦਾ ਲਕਸ਼ ਪਰਮਾਤਮਾ ਦੀ ਪ੍ਰਾਪਤੀ ਹੈ। ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਹ ਪੰਕਤੀ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥” ਇਸ ਕਥਨ ਨੂੰ ਭਲੀਭਾਂਤ ਸਪਸ਼ਟ ਕਰਦੀ ਹੈ।

ਸ੍ਰਿਸ਼ਟੀ ਦੇ ਅਨੰਤ ਜੀਵਾਂ ਵਿਚੋਂ ਮਨੁੱਖ ਸਭ ਵਧੇਰੇ ਸੁਚੇਤ ਪ੍ਰਾਣੀ ਹੈ। ਇਹੀ ਕਾਰਨ ਹੈ ਕਿ ਮਨੁੱਖੀ ਜੂਨ ਨੂੰ ਬਾਕੀ ਸਾਰੀਆਂ ਜੂਨਾਂ ਨਾਲੋਂ ਉਤਮ ਤੇ ਸਰਬ ਸ੍ਰੇਸ਼ਟ ਮੰਨਿਆ ਗਿਆ ਹੈ। ਪਰ ਮਨੁੱਖ ਲਈ ਉਚੇ ਆਚਰਨ ਨੂੰ ਕਾਇਮ ਰੱਖਣ ਲਈ ਪਰਮਾਤਮਾ ਦੇ ਨਾਮ ਦੀ ਅਰਾਧਨਾ ਬਹੁਤ ਜ਼ਰੂਰੀ ਹੈ। ਗੁਰੂ ਜੀ ਪ੍ਰਭੂ ਨਾਮ ਦੀ ਮਹਿਮਾ ਵਿਚ ਲਿਖਦੇ ਹਨ, ਕਿ ਪ੍ਰਭੂ ਨਾਮ ਪਰਮ ਸ੍ਰੇਸ਼ਟ ਹੈ, ਬਹੁਤ ਖੂਬਸੂਰਤ ਹੈ। ਪਰ ਇਸਦੇ ਉਲਟ ਦੁਨਿਆਵੀ ਗੁਮਾਨ ਕੋਰੇ ਝੂਠ ਤੋਂ ਬਿਨ੍ਹਾਂ ਹੋਰ ਕੁਝ ਨਹੀਂ। ਸੋ ਆਪ ਜੀ ਨੇ ਸਚਿਆਰ ਮਨੁੱਖ ਨੂੰ ਘਾਲਣਾ ਘਾਲਕੇ ਉਸ ਪਰਮ ਸ੍ਰੇਸ਼ਟ ਨਾਮ ਨਾਲ ਜੁੜਨ ਦਾ ਆਦੇਸ਼ ਦਿੱਤਾ ਹੈ। ਇਸ ਪ੍ਰਥਾਇ ਗੁਰ ਫ਼ਰਮਾਨ ਹੈ:

ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ॥
ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 1137)

ਗੁਰੂ ਸਾਹਿਬ ਦੇ ਸ਼ਬਦਾਂ ਦਾ ਪ੍ਰਕਾਸ਼ ਹਿਰਦੇ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ, ਕਿ ਭਗਤ ਪਰਮਾਤਮਾ ਦੀ ਯਾਦ ਨੂੰ ਕਦੇ ਵੀ ਵਿਸਾਰਦਾ ਨਹੀਂ। ਉਸਦਾ ਜੀਵਨ ਲਕਸ਼ ਮੁਕਤੀ ਪ੍ਰਾਪਤ ਕਰਨਾ ਬਣ ਜਾਂਦਾ ਹੈ। ਉਸਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਹੈ ਕਿ ਹਰੀ ਦੀ ਭਗਤੀ ਹੀ ਮਨ ਨੂੰ ਨਿਰਮਲ ਕਰਦੀ ਹੈ ਅਤੇ ਜਨਮ—ਜਨਮ ਦੇ ਪਾਪਾਂ ਨੂੰ ਖਤਮ ਕਰ ਦਿੰਦੀ ਹੈ। ਭਗਤੀ ਬਿਨ੍ਹਾਂ ਵੱਡੇ—ਵੱਡੇ ਸਿਆਣੇ ਵੀ ਡੁੱਬ ਜਾਂਦੇ ਹਨ। ਸੱਚੇ ਭਗਤ ਅੰਦਰ ਸਮਰਸ ਅਵਸਥਾ ਹਮੇਸ਼ਾਂ ਬਣੀ ਰਹਿੰਦੀ ਹੈ। ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿਚ ਵੱਸਣਾ, ਰਜ਼ਾ ਵਿਚ ਰਹਿਣਾ, ਭਾਣਾ ਮੰਨਣਾ ਅਤੇ ਪਰਮਾਤਮਾ ਅੰਦਰ ਆਪਣੇ ਆਪ ਨੂੰ ਅਭੇਦ ਕਰ ਦੇਣਾ ਸਮਰਸ ਅਵਸਥਾ ਦੇ ਹੀ ਗੁਣ ਹਨ। ਗੁਰੂ ਅਰਜਨ ਦੇਵ ਜੀ ਅਨੁਸਾਰ ਭਗਤ ਪਰਮਾਤਮਾ ਦੇ ਚਹੀਤੇ ਹੁੰਦੇ ਹਨ। ਭਗਤ ਅਵਸਥਾ ਵਿਚ ਮੌਤ ਦਾ ਖੌਂਫ਼ ਨਹੀਂ ਰਹਿੰਦਾ ਤੇ ਨਿਡਰਤਾ ਆਪ ਮੁਹਾਰੇ ਹੀ ਭਗਤ ਦੇ ਅੰਦਰੋਂ ਫੁੱਟ ਪੈਂਦੀ ਹੈ। ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਇਨ੍ਹਾਂ ਪਾਵਨ ਪੰਕਤੀਆਂ ਤੋਂ ਹੋ ਜਾਂਦੀ ਹੈ:

ਸੇਈ ਭਗਤ ਜਿ ਸਾਚੇ ਭਾਣੇ॥
ਜਮਕਾਲ ਤੇ ਭਏ ਨਿਕਾਣੇ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 677)

ਆਠ ਪਹਰ ਜਨੁ ਹਰਿ ਹਰਿ ਜਪੈ॥
ਹਰਿ ਕਾ ਭਗਤੁ ਪ੍ਰਗਟ ਨਹੀ ਛਪੈ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 265)

ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ਪਾਰਾਵਾਰ॥
ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 297)

ਭਗਤੁ ਭਗਤੁ ਸੁਨੀਐ ਤਿਹੁ ਲੋਇ॥
ਜਾ ਕੈ ਹਿਰਦੈ ਏਕੋ ਹੋਇ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 283)

ਗੁਰੂ ਜੀ ਨੇ ਪਰਮਾਤਮਾ ਦੇ ਨਾਮ ਸਿਮਰਨ ਦੀ ਸ੍ਰੇਸ਼ਟਤਾ ਨੂੰ ਬਿਆਨ ਕਰਦੇ ਹੋਏ, ਪ੍ਰਭੂ ਨਾਮ ਨੂੰ ਆਪਣੇ ਅਧਿਆਤਮਿਕ ਚਿੰਤਨ ਅਤੇ ਉਪਦੇਸ਼ ਦਾ ਧੁਰਾ ਬਣਾਇਆ ਹੈ। ਪ੍ਰਭੂ ਦੇ ਨਾਮ ਮਾਰਗ ਉਤੇ ਚਲਣ ਲਈ ਗੁਰਬਾਣੀ ਪਥ—ਪਰਦਰਸ਼ਕ ਦੇ ਵਜੋਂ ਸਹਾਈ ਹੁੰਦੀ ਹੈ। ਗੁਰਬਾਣੀ ਅਧਿਐਨ ਦੁਆਰਾ ਹੀ ਪ੍ਰਭੂ ਹੁਕਮ, ਰਜ਼ਾ, ਗੁਰ ਕੇ ਬਚਨ ਤੇ ਗੁਰ ਉਪਦੇਸ਼ ਆਦਿ ਦੀ ਸਮਝ ਆਉਂਦੀ ਹੈ।

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ॥
(ਸ੍ਰੀ ਗੁਰੂ ਗ੍ਰੰਥ ਸਾਹਿਬ, 262)

ਨਾਮ ਤੁਲਿ ਕਛੁ ਅਵਰੁ ਨ ਹੋਇ॥
ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 265)

ਨਾਮ ਸੰਗਿ ਜਿਸ ਕਾ ਮਨੁ ਮਾਨਿਆ॥
ਨਾਨਕ ਤਿਨਹਿ ਨਿਰੰਜਨੁ ਜਾਨਿਆ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 281)

ਗੁਰੂ ਜੀ ਨੇ ਸਾਧ ਸੰਗਤ ਦੇ ਮਹਾਤਮ ਸੰਬੰਧੀ ਵੀ ਆਪਣੇ ਸੁੱਚਜੇ ਖਿਆਲਾਤ ਮਾਨਵ ਜਗਤ ਨਾਲ ਸਾਂਝੇ ਕੀਤੇ ਹਨ ਕਿ ਮੋਹ ਮਾਇਆ ਵਿਚ ਗਲਤਾਨ ਮਨੁਖ ਦਾ ਅਗਿਆਨਤਾ ਰੂਪੀ ਹਨੇਰਾ ਸਾਧ ਸੰਗਤ ਵਿਚ ਜਾ ਕੇ ਹੀ ਖਤਮ ਹੁੰਦਾ ਹੈ। ਜਦੋਂ ਸਾਧਕ ਸੰਤ ਦੀ ਸੰਗਤ ਕਰਦਾ ਹੈ ਤਾਂ ਉਸਨੂੰ ਗੁਰ ਸ਼ਬਦ ਨਾਲ ਇਕਮਿਕ ਹੋਣ ਦਾ ਅਵਸਰ ਮਿਲਦਾ ਹੈ। ਜਿਸ ਰਾਹੀਂ ਸਾਧਕ ਦੀਆਂ ਇੰਦ੍ਰੀਆਂ ਅਗੰਮੀ ਵਿਸਮਾਦ ਰਸ ਦਾ ਅਨੁਭਵ ਕਰਦੀਆਂ ਹਨ ਤੇ ਸ਼ਾਂਤ ਰਹਿ ਕੇ ਪ੍ਰਭੂ ਭਗਤੀ ਵਿਚ ਵਿਚਰਨਾ ਹੀ ਉਨ੍ਹਾਂ ਦੀ ਇਕੋ ਇਕ ਚਾਹਤ ਬਣ ਜਾਂਦੀ ਹੈ।

ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ॥
ਸੰਤਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 257)

ਗੁਰੂ ਜੀ ਦੀ ਰਚਨਾ ਤੋਂ ਕੀਰਤਨ ਦੀ ਮਹਿਮਾ ਵੀ ਉਜਾਗਰ ਹੁੰਦੀ ਹੈ। ਅਧਿਆਤਮਕ ਮਾਰਗ ਤੇ ਤੁਰਨ ਲਈ ਕੀਰਤਨ ਉਤਮ ਸਾਧਨ ਹੈ। ਸੋ ਰੱਬੀ ਪ੍ਰੀਤ ਵਿਚ ਰੰਗੇ ਸਚਿਆਰ ਮਨੁਖ ਅਕਸਰ ਸਾਧ ਸੰਗਤ ਵਿਚ ਜਾ ਕੇ ਕੀਰਤਨ ਕਰਦੇ ਤੇ ਕੀਰਤਨ ਨੂੰ ਸੁਣਨ ਦੀ ਚਾਹਤ ਰੱਖਦੇ ਹਨ। ਗੁਰਮਤਿ ਆਸ਼ੇ ਅਨੁਸਾਰ ਹਰੀ ਜਸ ਦੇ ਗਾਇਨ ਅੰਦਰ ਇਨ੍ਹਾਂ ਬਲ ਹੁੰਦਾ ਹੈ, ਕਿ ਇਹ ਮਨੁਖੀ ਦੇਹੀ ਦੇ ਅੰਦਰੋਂ ਵੈਰ ਤੇ ਦੁਵੇਸ਼ ਆਦਿ ਦੀ ਭਾਵਨਾ ਨੂੰ ਖ਼ਤਮ ਕਰ ਦਿੰਦਾ ਹੈ। ਇਸ ਪ੍ਰਥਾਹਿ ਗੁਰ ਫ਼ੁਰਮਾਨ ਹੈ:

ਵੈਰ ਵਿਰੋਧ ਮਿਟੇ ਤਿਹ ਮਨ ਤੇ॥
ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 259)

ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, 749)

ਗੁਨ ਗਾਵਤ ਮਨਿ ਹੋਇ ਅਨੰਦ॥
ਆਠ ਪਹਰ ਸਿਮਰਉ ਭਗਵੰਤ॥
ਜਾ ਕੈ ਸਿਮਰਨਿ ਕਲਮਲ ਜਾਹਿ॥
ਤਿਸੁ ਗੁਰ ਕੀ ਹਮ ਚਰਨੀ ਪਾਹਿ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 1338)

ਗੁਰੂ ਜੀ ‘ਮੁੰਦਾਵਣੀ’ ਬਾਣੀ ਵਿਚ ਅਜਿਹੇ ਹਿਰਦੇ ਰੂਪੀ ਥਾਲ ਦਾ ਜ਼ਿਕਰ ਕਰਦੇ ਹਨ, ਜਿਸ ਵਿਚ ਸਤਿ, ਸੰਤੋਖ ਅਤੇ ਵਿਚਾਰ ਤਿੰਨ ਵਸਤਾਂ ਦੀ ਮੌਜੂਦਗੀ ਹੈ। ਅਜਿਹਾ ਹਿਰਦਾ ਕਾਬਿਲੇ—ਏ—ਤਾਰੀਫ਼ ਹੈ, ਕਿਉਂ ਜੋ ਸਤਿ, ਸੰਤੋਖ ਤੇ ਵਿਚਾਰ ਕਰਨ ਵਾਲੇ ਗੁਣਾਂ ਦਾ ਧਾਰਨੀ ਹੋਣ ਕਾਰਨ ਇਹ ਹਿਰਦੇ ਪਰਮਾਤਮਾ ਦੇ ਅੰਮ੍ਰਿਤ ਰਸ ਭਾਵ ਨਾਮ ਰਸ ਨਾਲ ਸ਼ਿੰਗਾਰਿਆ ਹੁੰਦਾ ਹੈ। ਇਸ ਅੰਮ੍ਰਿਤ ਰਸ ਨੂੰ ਚੱਖਣ ਵਾਲਾ ਵਿਸਮਾਦ ਅਵਸਥਾ ਨੂੰ ਮਹਿਸੂਸ ਕਰਦਾ ਹੋਇਆ, ਪ੍ਰਭੂ ਪ੍ਰੇਮ ਦੇ ਸਦੀਵੀ ਨਿੱਘ ਦਾ ਅਨੰਦ ਮਾਣਦਾ ਹੈ। ਇਨ੍ਹਾਂ ਤਿੰਨ ਵਸਤਾਂ ਵਾਲਾ ਸ੍ਰੇਸ਼ਟ ਹਿਰਦਾ ਇਨ੍ਹਾਂ ਦਾ ਤਿਆਗ ਨਹੀਂ ਕਰਦਾ ਸਗੋਂ ਇਨ੍ਹਾਂ ਤਿੰਨੇ ਵਸਤਾਂ ਨੂੰ ਸਦਾ ਸਦਾ ਲਈ ਆਪਣੇ ਅੰਦਰ ਕਾਇਮ ਰੱਖਦਾ ਹੈ। ਅਜਿਹਾ ਸਾਧਕ ਪਰਮਾਤਮਾ ਦੇ ਚਰਨ ਕਮਲਾਂ ਦੀ ਸਮੀਪਤਾ ਨੂੰ ਅਨੁਭਵ ਕਰਦਾ ਹੋਇਆ ਸੰਸੇ ਵਾਲੇ ਸੰਸਾਰ ਸਮੁੰਦਰ ਨੂੰ ਪਾਰ ਕਰ ਲੈਂਦਾ ਹੈ। ਇਸ ਪ੍ਰਥਾਇ ਗੁਰ ਫ਼ੁਰਮਾਨ ਹੈ:

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 1429)

‘ਸੁਖਮਨੀ’ ਬਾਣੀ ਵਿਚ ਗੁਰੂ ਜੀ ਦੁਆਰਾ ਬੜੇ ਖੂਬਸੂਰਤ ਢੰਗ ਨਾਲ ਬ੍ਰਹਮ ਗਿਆਨੀ ਦੀ ਅਵਸਥਾ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਗਿਆ ਹੈ। ਬ੍ਰਹਮ ਗਿਆਨੀ ਅੰਦਰ ਨਿਰਲੇਪਤਾ, ਧੀਰਜਵਾਨ, ਨਿਰਮਲਤਾ, ਸਮਦਰਸ਼ੀ, ਨਿਮਰਤਾ, ਪਰਉਪਕਾਰ, ਮਾਇਆ ਦੇ ਬੰਧਨਾਂ ਤੋਂ ਮੁਕਤ ਆਦਿ ਵਰਗੇ ਲੱਛਣ ਪਾਏ ਜਾਂਦੇ ਹਨ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਤੋਂ ਅਕਸਰ ਹੀ ਅੰਮ੍ਰਿਤ ਵਰਸਦਾ ਰਹਿੰਦਾ ਹੈ, ਜੋ ਆਪਣੇ ਆਪ ਵਿਚ ਇਕ ਰਹੱਸਮਈ ਅਵਸਥਾ ਹੈ। ਬ੍ਰਹਮ ਗਿਆਨੀ ਪਰਮ ਆਨੰਦ, ਸਦ ਆਨੰਦ ਜਾਂ ਸਹਜ ਸੁਖ ਦੀ ਅਵਸਥਾ ਵਿਚ ਰਹਿੰਦਾ ਹੈ। ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਇਨ੍ਹਾਂ ਪਾਵਨ ਤੁਕਾਂ ਤੋਂ ਹੋ ਜਾਂਦੀ ਹੈ:

ਬ੍ਰਹਮ ਗਿਆਨੀ ਸਦਾ ਨਿਰਲੇਪ॥
ਜੈਸੇ ਜਲ ਮਹਿ ਕਮਲ ਅਲੇਪ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 272)

ਬ੍ਰਹਮ ਗਿਆਨੀ ਕੈ ਧੀਰਜੁ ਏਕ॥
(ਸ੍ਰੀ ਗੁਰੂ ਗ੍ਰੰਥ ਸਾਹਿਬ, 272)


ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ॥
ਜੈਸੇ ਮੈਲੁ ਨ ਲਾਗੈ ਜਲਾ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 272)


ਬ੍ਰਹਮ ਗਿਆਨੀ ਸਦਾ ਸਮਦਰਸੀ॥
ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 272)


ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ, 272)


ਗੁਰੂ ਜੀ ਦੁਆਰਾ ਰਚਿਤ ਬਾਣੀ ਸੁਖਮਨੀ ਅਨੁਸਾਰ ਬ੍ਰਹਮ ਗਿਆਨੀ ਦੀ ਮਤਿ ਸੰਬੰਧੀ ਕੋਈ ਨਿਸ਼ਚਿਤ ਵਿਖਿਆਨ ਨਹੀਂ ਕੀਤਾ ਜਾ ਸਕਦਾ। ਬ੍ਰਹਮ ਗਿਆਨੀ ਦੀ ਅਵਸਥਾ ਤੇ ਗਤਿ ਮਿਤਿ ਨੂੰ ਬ੍ਰਹਮ ਗਿਆਨੀ ਹੋ ਕੇ ਹੀ ਸਮਝਿਆ ਜਾ ਸਕਦਾ ਹੈ। ਸੋ ਬ੍ਰਹਮ ਗਿਆਨੀ ਦੀ ਮਹਿਮਾ ਜਨ ਸਧਾਰਨ ਦੀ ਸਮਝ ਤੋਂ ਪਾਰ ਦੀ ਗੱਲ ਹੈ। ਬ੍ਰਹਮ ਗਿਆਨੀ ‘ਅਨਾਥ ਕਾ ਨਾਥੁ’ ‘ਆਪਿ ਪਰਮੇਸੁਰ*, ‘ਸਰਬ ਕਾ ਠਾਕੁਰੁ’, ‘ਸ੍ਰਿਸਟਿ ਕਾ ਕਰਤਾ’, ‘ਪੁਰਖੁ ਬਿਧਾਤਾ’ ਅਤੇ ‘ਆਪਿ ਨਿਰੰਕਾਰੁ’ ਹੈ।


ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ॥
ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 272)


ਗੁਰੂ ਸਾਹਿਬ ਜੀ ਰੱਬੀ ਪ੍ਰੀਤ ਵਿਚ ਭਿੱਜੇ ਹੋਏ ਆਪਣੇ ਸ੍ਰੇਸ਼ਟ ਅਨੁਭਵਾਂ ਨੂੰ ਵਿਅਕਤ ਕਰਦੇ ਹੋਏ ਲਿਖਦੇ ਹਨ ਕਿ ਜੇਕਰ ਉਨ੍ਹਾਂ ਨੂੰ ਕਿਤੋਂ ਪ੍ਰਭੂ ਤੱਕ ਲੈ ਜਾਣ ਵਾਲੇ ਖੰਭ ਵਿਕਦੇ ਹੋਏ ਮਿਲ ਜਾਣ ਤਾਂ ਉਹ ਆਪਣੇ ਸਰੀਰ ਨੂੰ ਅਰਪਣ ਕਰਕੇ, ਉਹ ਮੁਹੱਬਤੀ ਖੰਭ ਲੈ ਲੈਣਗੇ। ਫਿਰ ਇਨ੍ਹਾਂ ਖੰਭਾਂ ਨੂੰ ਆਪਣੇ ਸਰੀਰ ਉਤੇ ਜੜਕੇ, ਆਪਣੇ ਸੱਜਣ ਪਰਮਾਤਮਾ ਨੂੰ ਖੋਜਦੇ ਹੋਏ, ਉਨ੍ਹਾਂ ਦੀ ਸਮੀਪਤਾ ਦਾ ਅਨੰਦ ਮਾਣ ਸਕਣਗੇ। ਆਪ ਜੀ ਦੇ ਅਜਿਹੇ ਵਿਚਾਰ ਆਪ ਜੀ ਪਰਮਾਤਮਾ ਪ੍ਰਤੀ ਪਾਕ ਮੁਹੱਬਤ ਨੂੰ ਵਿਅਕਤ ਕਰਦੇ ਹਨ।


ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ॥
ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 1426)


ਸਮੁੱਚੇ ਰੂਪ ਵਿਚ ਪਰਮਾਰਥਕ ਸਤਿ ਨਾਲ ਇਕਮਿਕ ਕਰਦੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਸਾਧਕ ਦੇ ਹਿਰਦੇ ਨੂੰ ਇਸ ਤਰ੍ਹਾਂ ਰੋਸ਼ਨ ਕਰ ਦਿੰਦੀ ਹੈ, ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਨਾਲ ਫੁੱਲ ਖਿੜ ਪੈਂਦੇ ਹਨ। ਗੁਰੂ ਸਾਹਿਬ ਦੁਆਰਾ ਰਚਿਤ ਬਾਣੀ ਦੀ ਇਹ ਖ਼ਾਸੀਅਤ ਹੈ ਕਿ ਸੁਹਜਮਈ ਠਾਕੁਰ ਦੀ ਯਾਦ ਨੂੰ ਸੁਹਜਤਾ ਨਾਲ ਮਨੁਖੀ ਹਿਰਦੇ ਵਿਚ ਉਤਾਰਕੇ ਹਿਰਦੇ ਨੂੰ ਵੀ ਸੁਹਜਮਈ ਕਰ ਦਿੰਦੀ ਹੈ। ਗੁਰੂ ਜੀ ਦੀ ਬਾਣੀ ਦਾ ਅਭਿਆਸ ਨਿਰਮਲਤਾ, ਨਿਮਰਤਾ, ਲਿਆਕਤ, ਹਲੀਮੀ, ਸਤਿ, ਸੰਤੋਖ, ਵਿਚਾਰ, ਰੱਬੀ ਮੁਹੱਬਤ ਅਤੇ ਗਿਆਨ ਦੇ ਪ੍ਰਕਾਸ਼ ਨਾਲ ਮਨੁੱਖ ਨੂੰ ਅੰਦਰੋਂ ਭਰ ਦਿੰਦੀ ਹੈ। ਜਿਸ ਨਾਲ ਮਨੁੱਖ ਦੀ ਅੰਤਰ—ਆਤਮਾ ਅਤੇ ਉਸਦਾ ਚੌਗਿਰਦਾ ਤਾਂ ਸ਼ਿੰਗਾਰਿਆ ਹੀ ਜਾਂਦਾ ਹੈ, ਪਰ ਇਸ ਦੇ ਨਾਲ—ਨਾਲ ਮਨੁੱਖ ਦੇ ਜਨਮ—ਜਨਮਾਂਤਰਾਂ ਦੇ ਪਾਪ ਵੀ ਧੁਲਦੇ ਹਨ ਤੇ ਪਰਮਾਤਮਾ ਵਿਚ ਅਭੇਦ ਹੋਣ ਦਾ ਸੁਨਹਿਰਾ ਅਵਸਰ ਵੀ ਨਸੀਬ ਹੁੰਦਾ ਹੈ।

ਰਜਿੰਦਰ ਕੌਰ
ਰਿਸਰਚ ਸਕਾਲਰ
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।