ਬਾਲੀਵੁੱਡ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਸਿਰਫ ਰਾਜ ਕੁਮਾਰ ਹੀਰਾਨੀ ਉਰਫ ਰਾਜੂ ਹੀਰਾਨੀ ਹੀ ਇੱਕ ਅਜਿਹਾ ਫਿਲਮ ਨਿਰਦੇਸ਼ਕ ਹੈ ਜਿਸ ਦੀ ਕਦੇ ਵੀ ਕੋਈ ਫਿਲਮ ਫਲਾਪ ਨਹੀਂ ਹੋਈ। ਰਾਜੂ ਹੀਰਾਨੀ ਦਾ ਜਨਮ 20 ਨਵੰਬਰ 1962 ਨੂੰ ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਵਿਖੇ ਇੱਕ ਮੱਧ ਵਰਗੀ ਸਿੰਧੀ ਪਰਿਵਾਰ ਵਿੱਚ ਹੋਇਆ ਸੀ। ਹੀਰਾਨੀ ਦਾ ਪਿਤਾ ਸੁਰੇਸ਼ ਹੀਰਾਨੀ ਇੱਕ ਟਾਈਪਿੰਗ ਇੰਸਟੀਚਿਊਟ ਚਲਾਉਂਦਾ ਸੀ। ਉਸ ਨੇ ਨਾਗਪੁਰ ਤੋਂ ਕਾਮਰਸ ਵਿੱਚ ਗਰੈਜੂਏਸ਼ਨ ਕੀਤੀ ਤੇ ਉਸ ਤੋਂ ਬਾਅਦ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਪੂਨਾ ਤੋਂ ਫਿਲਮ ਨਿਰਦੇਸ਼ਨ ਵਿੱਚ ਡਿਪਲੋਮਾ ਹਾਸਲ ਕੀਤਾ। ਡਿਪਲੋਮਾ ਕਰਨ ਤੋਂ ਬਾਅਦ ਉਹ ਮੁੰਬਈ ਚਲਾ ਗਿਆ ਤੇ ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਸੰਘਰਸ਼ ਕਰਨ ਲੱਗ ਪਿਆ। ਪਰ ਜਦੋਂ ਉਸ ਨੂੰ ਸਫਲਤਾ ਨਾ ਮਿਲੀ ਤਾਂ ਉਹ ਵੱਖ ਵੱਖ ਕੰਪਨੀਆਂ ਵਾਸਤੇ ਐਡਾਂ ਬਣਾਉਣ ਲੱਗ ਪਿਆ।
ਇਸ ਖੇਤਰ ਵਿੱਚ ਉਸ ਨੂੰ ਅਪਾਰ ਸਫਲਤਾ ਮਿਲੀ। ਉਸ ਨੇ ਮਾਰੂਤੀ ਸਜ਼ੂਕੀ, ਮਹਿੰਦਰਾ, ਲੌਰੀਅਲ ਸ਼ੈਂਪੂ, ਕਾਈਨੈਟਿਕ ਹਾਂਡਾ, ਫੇਵੀਕੋਲ, ਟੌਇਟਾ ਅਤੇ ਟਾਟਾ ਸਫਾਰੀ ਆਦਿ ਵਰਗੇ ਭਾਰਤ ਦੇ ਪ੍ਰਸਿੱਧ ਬਰਾਂਡਾਂ ਵਾਸਤੇ ਐਡਾਂ ਤਿਆਰ ਕੀਤੀਆਂ। ਉਹ ਇਸ ਖੇਤਰ ਵਿੱਚ ਕਮਾਲ ‘ਤੇ ਕਮਾਲ ਕਰ ਰਿਹਾ ਸੀ ਪਰ ਉਸ ਦੀ ਆਤਮਾ ਫਿਲਮਾਂ ਨਿਰਦੇਸ਼ਨ ਵੱਲ ਭਟਕ ਰਹੀ ਸੀ। ਉਸ ਨੇ ਆਪਣੀ ਐਡ ਕੰਪਨੀ ਕੁਝ ਦੇਰ ਲਈ ਆਪਣੇ ਦੋਸਤ ਅਤੇ ਪਰਟਨਰ ਕੇਸਰ ਬਵਾਨਾ ਦੇ ਹਵਾਲੇ ਕੀਤੀ ਤੇ ਖੁਦ ਉਸ ਸਮੇਂ ਦੇ ਪ੍ਰਸਿੱਧ ਨਿਰਮਾਤਾ ਨਿਰਦੇਸ਼ਕ ਵਿੱਧੂ ਵਿਨੋਦ ਚੋਪੜਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਤੱਕ ਉਹ ਐਡ ਨਿਰਮਾਣ ਖੇਤਰ ਵਿੱਚ ਵੱਡਾ ਨਾਮ ਬਣ ਚੁੱਕਾ ਸੀ ਇਸ ਲਈ ਚੋਪੜਾ ਨੇ ਉਸ ਨੂੰ ਹੱਥੋ ਹੱਥ ਲਿਆ ਤੇ ਆਪਣੀਆਂ ਫਿਲਮਾਂ ਦੀ ਐਡਿਟਿੰਗ ਦਾ ਜ਼ਿੰਮਾ ਸੌਂਪ ਦਿੱਤਾ। ਉਸ ਨੇ ਸਭ ਤੋਂ ਪਹਿਲਾਂ ਚੋਪੜਾ ਦੀ ਫਿਲਮ ਮਿਸ਼ਨ ਕਸ਼ਮੀਰ (2000) ਲਈ ਐਡਿਟਿੰਗ ਕੀਤੀ ਜੋ ਹਿੱਟ ਰਹੀ। ਪਰ ਹੀਰਾਨੀ ਐਡੀਟਿੰਗ ਦੇ ਖੇਤਰ ਨਾਲ ਬੱਝਣਾ ਨਹੀਂ ਸੀ ਚਾਹੁੰਦਾ।
ਉਸ ਨੇ ਇੱਕ ਸਾਲ ਦਾ ਸਮਾਂ ਲਗਾ ਕੇ ਮੁੰਨਾ ਭਾਈ ਐਮ.ਬੀ.ਬੀ.ਐੱਸ. ਦੀ ਸਟੋਰੀ ਅਤੇ ਸਕਰਿਪਟ ਲਿਖਿਆ ਤੇ ਵਿੱਧੂ ਵਿਨੋਦ ਚੋਪੜਾ ਨੂੰ ਇਸ ਫਿਲਮ ਲਈ ਫਾਇਨੈਂਸ ਕਰਨ ਦੀ ਬੇਨਤੀ ਕੀਤੀ। ਪਰ ਚੋਪੜਾ ਨੂੰ ਇਸ ਫਿਲਮ ਦੀ ਕਹਾਣੀ ਐਨੀ ਪਸੰਦ ਆਈ ਕਿ ਉਸ ਨੇ ਖੁਦ ਫਿਲਮ ਪ੍ਰੋਡਿਊਸ ਕਰਨ ਦਾ ਫੈਸਲਾ ਕੀਤਾ ਤੇ ਹੀਰਾਨੀ ਨੂੰ ਡਾਇਰੈਕਸ਼ਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਹ ਫਿਲਮ 2003 ਵਿੱਚ ਰਿਲੀਜ਼ ਹੋਈ ਤੇ ਇਸ ਨੇ ਟਿਕਟ ਖਿੜਕੀ ‘ਤੇ ਤਹਿਲਕਾ ਮਚਾ ਦਿੱਤਾ। ਇਸ ਫਿਲਮ ਨੇ 45 ਕਰੋੜ ਰੁਪਏ ਕਮਾਏ ਜੋ ਉਸ ਸਮੇਂ ਕਿਸੇ ਅਚੰਭੇ ਤੋਂ ਘੱਟ ਨਹੀਂ ਸਨ। ਇਸ ਫਿਲਮ ਦੀ ਅਪਾਰ ਸਫਲਤਾ ਨੇ ਹੀਰਾਨੀ ਦਾ ਨਾਮ ਸਾਰੇ ਬਾਲੀਵੁੱਡ ਵਿੱਚ ਪ੍ਰਸਿੱਧ ਕਰ ਦਿੱਤਾ। ਇਸ ਫਿਲਮ ਨੂੰ ਨੈਸ਼ਨਲ ਅਵਾਰਡ, ਫਿਲਮਫੇਅਰ ਕਰਿਟਿਕ ਅਵਾਰਡ ਅਤੇ ਫਿਲਮਫੇਅਰ ਅਵਾਰਡ ਫਾਰ ਬੈਸਟ ਸਕਰੀਨਪਲੇਅ ਮਿਲਿਆ ਤੇ ਹੀਰਾਨੀ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਮਿਲਿਆ। ਭਾਰਤੀ ਫਿਲਮ ਇੰਡਸਟਰੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਡਾਇਰੈਕਟਰ ਨੂੰ ਆਪਣੀ ਪਲੇਠੀ ਫਿਲਮ ਵਾਸਤੇ ਐਨੇ ਚੋਟੀ ਦੇ ਅਵਾਰਡ ਮਿਲੇ ਸਨ।
ਮੁੰਨਾ ਭਾਈ ਐਮ.ਬੀ.ਬੀ.ਐੱਸ. ਤੋਂ ਬਾਅਦ ਹੀਰਾਨੀ ਨੇ 2006 ਵਿੱਚ ਲਗੇ ਰਹੋ ਮੁੰਨਾ ਭਾਈ ਤੇ 2009 ਵਿੱਚ ਥਰੀ ਇਡੀਅਟਸ ਫਿਲਮਾਂ ਨਿਰਦੇਸ਼ਿਤਕੀਤੀਆਂਤੇ ਇਹ ਦੋਵੇਂ ਫਿਲਮਾਂ ਆਪਣੀ ਰਿਲੀਜ਼ ਦੇ ਸਾਲ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਸਾਬਤ ਹੋਈਆਂ। ਲਗੇ ਰਹੋ ਮੁੰਨਾ ਭਾਈ ਨੇ 72 ਕਰੋੜ ਅਤੇ ਥਰੀ ਇਡੀਅਟਜ਼ ਨੇ 83 ਕਰੋੜ ਦੀ ਕਮਾਈ ਕੀਤੀ। ਦੋਵਾਂ ਫਿਲਮਾਂ ਨੂੰ ਨੈਸ਼ਨਲ ਅਵਾਰਡ ਫਾਰ ਬੈਸਟ ਪਾਪੂਲਰ ਫਿਲਮ, ਫਿਲਮਫੇਅਰ ਅਵਾਰਡ ਫਾਰ ਬੈਸਟ ਫਿਲਮ, ਬੈਸਟ ਸਕਰੀਨਪਲੇਅ ਅਤੇ ਬੈਸਟ ਡਾਇਰੈਕਟਰ ਦੇ ਅਵਾਰਡ ਹਾਸਲ ਹੋਏ। 2014 ਵਿੱਚ ਆਈ ਪੀ.ਕੇ. ਫਿਲਮ ਨੇ ਤਾਂ ਉਸ ਦਾ ਨਾਮ ਵਿਦੇਸ਼ਾਂ ਤੱਕ ਪ੍ਰਸਿੱਧ ਕਰ ਦਿੱਤਾ। ਇਸ ਫਿਲਮ ਨੇ 103 ਕਰੋੜ ਰੁਪਏ ਕਮਾਏ ਤੇ ਉਹ ਸਾਲ 2014 ਦੀ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਬਣ ਗਈ। 100 ਕਰੋੜ ਦੀ ਕਮਾਈ ਕਰਨ ਵਾਲੀ ਇਹ ਪਹਿਲੀ ਭਾਰਤੀ ਫਿਲਮ ਸੀ। 2018 ਵਿੱਚ ਉਸ ਨੇ ਸੰਜੇ ਦੱਤ ਦੀ ਜ਼ਿੰਦਗੀ ਤੇ ਅਧਾਰਿਤ ਫਿਲਮ ਸੰਜੂ ਬਣਾਈ ਜੋ ਸੁਪਰ ਹਿੱਟ ਰਹੀ ਤੇ ਇਸ ਨੇ 67 ਕਰੋੜ ਰੁਪਏ ਦੀ ਕਮਾਈ ਕੀਤੀ। ਇਹਨਾਂ ਦੋਵਾਂ ਫਿਲਮਾਂ ਨੇ ਵੀ ਬੈਸਟ ਫਿਲਮ ਅਤੇ ਬੈਸਟ ਡਾਇਰੈਕਟਰ ਦਾ ਫਿਲਮਫੇਅਰ ਅਵਾਰਡ ਜਿੱਤਿਆ ਅਤੇ ਪੀ.ਕੇ ਨੇ ਫਿਲਮਫੇਅਰ ਬੈਸਟਸਕਰੀਨਪਲੇਅ ਅਵਾਰਡ ਵੀ ਜਿੱਤਿਆ। ਪੀ.ਕੇ. ਅਤੇ ਥਰੀ ਇਡੀਅਟਸ ਭਾਰਤ ਦੇ ਫਿਲਮੀ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਕ੍ਰਮਵਾਰ ਪੰਜਵੇਂ ਅਤੇਸੱਤਵੇਂ ਨੰਬਰ ਦੀਆਂ ਫਿਲਮਾਂਹਨ। ਪੀ.ਕੇ. ਕਮਾਈ ਕਰਨ ਦੇ ਹਿਸਾਬ ਨਾਲ ਵਿਸ਼ਵ ਦੀ ਸੱਤਰਵੇਂ ਨੰਬਰ ਦੀ ਫਿਲਮ ਹੈ।
ਅੱਜ ਕਲ੍ਹ ਹੀਰਾਨੀ ਸ਼ਾਹਰੁੱਖ ਖਾਨ ਨੂੰ ਹੀਰੋ ਲੈ ਕੇ ਡੰਕੀ ਨਾਮ ਦੀ ਫਿਲਮ ਬਣਾ ਰਿਹਾ ਹੈ। ਲੱਗਦਾ ਹੈ ਕਿ ਇਹ ਫਿਲਮ ਵੀ ਬਾਕੀ ਫਿਲਮਾਂ ਵਾਂਗ ਸੁਪਰ ਹਿੱਟ ਹੀ ਜਾਵੇਗੀ। ਰਾਜ ਕੁਮਾਰਹੀਰਾਨੀ ਪ੍ਰਸਿੱਧ ਕਾਮੇਡੀਅਨ ਬੋਮਨ ਈਰਾਨੀ ਨੂੰ ਆਪਣੇ ਲਈ ਲੱਕੀ ਸਮਝਦਾ ਹੈ ਉਸ ਨੂੰ ਆਪਣੀ ਹਰੇਕ ਫਿਲਮ ਵਿੱਚ ਅਹਿਮ ਰੋਲ ਦਿੰਦਾ ਹੈ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062