ਪਿਛਲੇ ਹਫ਼ਤੇ ਦੇ ਅਖੀਰ ਵਿਚ ਹੈਲੀਕਾਪਟਰ ਹਾਦਸੇ ਤੋਂ ਬਾਅਦ ਲਾਪਤਾ ਹੋਏ ਚਾਰ ਆਸਟ੍ਰੇਲੀਆਈ ਫੌਜੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਹਾਦਸਾ ਸ਼ੁੱਕਰਵਾਰ ਨੂੰ ਸੰਯੁਕਤ ਯੂ.ਐੱਸ-ਆਸਟ੍ਰੇਲੀਆ ਫੌਜੀ ਅਭਿਆਸ ਟੈਲੀਸਮੈਨ ਸਾਬਰ ਦੌਰਾਨ ਵਾਪਰਿਆ, ਜਿਸ ਵਿਚ 30,000 ਤੋਂ ਵੱਧ ਸੈਨਿਕ ਸ਼ਾਮਲ ਸਨ।
ਇਸ ਅਭਿਆਸ ਦੌਰਾਨ ਆਸਟ੍ਰੇਲੀਆ ਦੀ ਸਿਡਨੀ ਸਥਿਤ 6ਵੀਂ ਏਵੀਏਸ਼ਨ ਰੈਜੀਮੈਂਟ ਦੇ ਚਾਰ ਸੈਨਿਕ ਲਾਪਤਾ ਹੋ ਗਏ। ਸ਼ਨੀਵਾਰ ਨੂੰ ਕੁਈਨਜ਼ਲੈਂਡ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਲਾਪਤਾ ਹੈਲੀਕਾਪਟਰ ਦਾ ਮਲਬਾ ਮਿਲਿਆ ਹੈ। ਮਾਰਲੇਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ “ਸ਼ੁੱਕਰਵਾਰ ਰਾਤ ਨੂੰ ਐਮ.ਆਰ.ਐਚ.-90 ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਸੀ। ਇਸ ਹਾਦਸੇ ਤੋਂ ਬਾਅਦ ਵ੍ਹਟਸਐਂਡੇ ਵਿੱਚ ਵਾਪਰ ਰਹੀਆਂ ਗਤੀਵਿਧੀਆਂ ਨੇ ਹੁਣ ਹੈਲੀਕਾਪਟਰ ਦਾ ਮਹੱਤਵਪੂਰਣ ਮਲਬਾ ਮਿਲਣ ਦਾ ਖੁਲਾਸਾ ਕੀਤਾ ਹੈ।
ਇਹ ਇੱਕ ਘਾਤਕ ਘਟਨਾ ਸੀ ਅਤੇ ਹਰ ਬੀਤਦੇ ਘੰਟੇ ਦੇ ਨਾਲ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਕੈਪਟਨ ਲਿਓਨ, ਲੈਫਟੀਨੈਂਟ ਨੁਜੈਂਟ, ਵਾਰੰਟ ਅਫਸਰ ਲੇਕੌਕ ਅਤੇ ਕਾਰਪੋਰਲ ਨਾਗਸ ਨੂੰ ਜਿੰਦਾ ਲੱਭਣ ਦੀ ਕੋਈ ਵੀ ਉਮੀਦ ਖ਼ਤਮ ਹੋ ਗਈ ਹੈ,”। ਉਸਨੇ ਦੱਸਿਆ ਕਿ ਸਾਰੇ ਚਾਰ ਸੈਨਿਕਾਂ ਦੇ ਪਰਿਵਾਰਾਂ ਨੂੰ ਇਸ ਤੱਥ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।