ਵੈਸਟ ਮਿਡਲੈਂਡਜ਼ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਯੂਕੇ ਵਿਚ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਕੋਈ ਪੁਲਿਸ ਜਾਂਚ ਨਹੀਂ ਹੋਈ ਹੈ ਕਿਉਂਕਿ ਇਸ ਨੂੰ “ਸ਼ੱਕੀ ਨਹੀਂ ਮੰਨਿਆ ਜਾਂਦਾ” ਹੈ। ਖੰਡਾ (35), ਜਿਸ ਨੇ ਭਾਰਤੀ ਸੁਰੱਖਿਆ ਸੂਤਰਾਂ ਅਨੁਸਾਰ ਭਾਰਤ ਵਿਚ ਗਰਮਖਿਆਲੀ ਲਹਿਰ ਨੂੰ ਮੁੜ ਸੁਰਜੀਤ ਕਰਨ ਲਈ ਵਾਰਸ ਪੰਜਾਬ ਡੀ ਦੇ ਮੁਖੀ ਅੰਮ੍ਰਿਤਪਾਲ ਨੂੰ ਦੁਬਈ ਵਿਚ ਤਿਆਰ ਕੀਤਾ ਸੀ, ਦੀ ਇਸ ਸਾਲ 15 ਜੂਨ ਨੂੰ ਬਰਮਿੰਘਮ ਸਿਟੀ ਹਸਪਤਾਲ ਵਿਚ ਟਰਮੀਨਲ ਬਲੱਡ ਕੈਂਸਰ ਦੀ ਜਾਂਚ ਤੋਂ ਬਾਅਦ ਮੌਤ ਹੋ ਗਈ ਸੀ। ਇਸ ਨੇ ਗਰਮਖਿਆਲੀ ਪੱਖੀ ਸਮੂਹਾਂ ਵਿਚ ਕਈ ਸਾਜ਼ਿਸ਼ ਸਿਧਾਂਤਾਂ ਨੂੰ ਜਨਮ ਦਿਤਾ, ਜਿਸ ਵਿਚ ਇਹ ਵੀ ਸ਼ਾਮਲ ਹੈ ਕਿ ਉਸ ਨੂੰ ਜਾਣਬੁੱਝ ਕੇ ਜ਼ਹਿਰ ਦਿਤਾ ਗਿਆ ਸੀ।
ਪਰ ਵੈਸਟ ਮਿਡਲੈਂਡਜ਼ ਪੁਲਿਸ ਦੇ ਬੁਲਾਰੇ ਨੇ ਮੰਗਲਵਾਰ ਨੂੰ ਇਕ ਨਿਊਜ਼ ਚੈਨਲ ਨੂੰ ਦਸਿਆ, ‘ਜਦੋਂ ਉਸ ਦੀ ਮੌਤ ਹੋਈ ਤਾਂ ਉਹ ਹਸਪਤਾਲ ਵਿਚ ਸੀ। ਹਸਪਤਾਲ ‘ਚ ਇਸ ਨੂੰ ਸ਼ੱਕੀ ਨਹੀਂ ਸਮਝਿਆ ਗਿਆ ਅਤੇ ਉਸ ਦੀ ਮੌਤ ਨੂੰ ਕੋਰੋਨਰ ਲਈ ਰੈਫਰ ਕਰ ਦਿਤਾ ਗਿਆ
ਪੁਲਿਸ ਨੂੰ ਇਸ ਬਾਰੇ ਸਿਰਫ ਇਸ ਲਈ ਸੂਚਿਤ ਕੀਤਾ ਗਿਆ ਸੀ ਕਿਉਂਕਿ ਦੋਸ਼ ਸਨ ਕਿ ਉਸਨੂੰ ਜ਼ਹਿਰ ਦਿਤਾ ਗਿਆ ਸੀ, ਪਰ ਉਹ ਕਿਸੇ ਕਾਰਨ ਕਰ ਕੇ ਹਸਪਤਾਲ ਵਿੱਚ ਸੀ – ਅਤੇ ਉਸਨੂੰ ਜ਼ਹਿਰ ਨਹੀਂ ਦਿੱਤਾ ਗਿਆ ਸੀ। ਸਾਡੀ ਸ਼ਮੂਲੀਅਤ ਇਨ੍ਹਾਂ ਦੋਸ਼ਾਂ ਕਾਰਨ ਹੀ ਸੀ। ਉਸ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾਂਦਾ ਹੈ।”
ਖੰਡਾ ਦੀ ਮਾਂ ਚਰਨਜੀਤ ਕੌਰ (65) ਅਤੇ ਭੈਣ ਜਸਪ੍ਰੀਤ ਕੌਰ (32), ਜੋ ਨਰਸ ਵਜੋਂ ਕੰਮ ਕਰਦੀ ਹੈ, ਭਾਰਤ ਵਿੱਚ ਰਹਿੰਦੀਆਂ ਹਨ। ਸੂਤਰਾਂ ਨੇ ਇਕ ਨਿਊਜ਼ ਚੈਨਲ ਨੂੰ ਦਸਿਆ ਕਿ ਉਨ੍ਹਾਂ ਨੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਯੂਕੇ ਆਉਣ ਲਈ ਵੀਜ਼ਾ ਲਈ ਅਰਜ਼ੀ ਦਿਤੀ ਹੈ ਅਤੇ ਉਮੀਦ ਹੈ ਕਿ ਉਸ ਨੂੰ ਤਰਸ ਦੇ ਆਧਾਰ ‘ਤੇ ਵੀਜ਼ਾ ਦਿਤਾ ਜਾਵੇਗਾ।
ਪਹਿਲਾਂ ਪ੍ਰਵਾਰ ਉਸ ਦੀ ਦੇਹ ਨੂੰ ਭਾਰਤ ਵਾਪਸ ਲਿਆਉਣਾ ਚਾਹੁੰਦਾ ਸੀ ਕਿਉਂਕਿ ਖੰਡਾ ਦੀ ਆਖਰੀ ਇੱਛਾ ਸੀ ਕਿ ਉਸ ਦੀ ਦੇਹ ਦਾ ਸਸਕਾਰ ਪੰਜਾਬ ਦੇ ਮੋਗਾ ਵਿਖੇ ਕੀਤਾ ਜਾਵੇ, ਜਿੱਥੇ ਉਸ ਦਾ ਜਨਮ ਹੋਇਆ ਸੀ ਅਤੇ ਅਸਥੀਆਂ ਨੂੰ ਕੀਰਤਪੁਰ ਸਾਹਿਬ ਵਿਖੇ ਵਿਸਰਜਿਤ ਕੀਤਾ ਜਾਵੇ। ਹਾਲਾਂਕਿ ਪ੍ਰਵਾਰ ਨੂੰ ਲੋੜੀਂਦੀ ਮਨਜ਼ੂਰੀ ਨਹੀਂ ਮਿਲੀ ਹੈ। ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਕੋਈ ਜਵਾਬ ਨਾ ਮਿਲਣ ਤੋਂ ਬਾਅਦ, ਜਸਪ੍ਰੀਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਅਤੇ ਕੇਂਦਰ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਯੂਕੇ ਤੋਂ ਮੋਗਾ ਲਿਆਉਣ ਦੀ ਇਜਾਜ਼ਤ ਦੇਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।