ਦੁਨੀਆਂ ਭਰ ਵਿੱਚ ਬਹੁਤ ਅਜਿਹੇ ਮਹਾਨ ਇਨਸਾਨ ਹੋਏ ਹਨ, ਜਿਹਨਾਂ ਲੋਕਾਂ ਤੇ ਦੇਸ਼ ਲਈ ਸਹਾਦਤ ਦਿੱਤੀ। ਸਹੀਦੀ ਜਾਮ ਪੀਣ ਲਈ ਜ਼ਜ਼ਬਾ ਤੇ ਦੇਸ਼ ਪਿਆਰ ਦੀ ਭਾਵਨਾ ਜਰੂਰੀ ਹੈ, ਕੁਰਬਾਨ ਹੋਣ ਲਈ ਉਮਰ ਦਾ ਕੋਈ ਪੈਮਾਨਾ ਨਹੀਂ ਹੁੰਦਾ। ਪੰਜਾਬ ਦਾ ਅਜਿਹਾ ਇੱਕ ਮਹਾਨ ਇਨਕਲਾਬੀ, ਦੇਸ਼ ਭਗਤ ਕਮਿਊਨਿਸਟ ਬਾਬਾ ਬੂਝਾ ਸਿੰਘ ਵਾਸੀ ਚੱਕ ਮਾਈ ਦਾਸ ਜਿਲਾ ਜਲੰਧਰ ਹੋਇਆ ਹੈ, ਜੋ 82 ਸਾਲ ਦੀ ਉਮਰ ਵਿੱਚ ਲੋਕਾਂ ਲਈ ਸਹੀਦ ਹੋਇਆ।
ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਅਰਜਨਟਾਈਨਾ ਪਹੁੰਚ ਗਿਆ ਸੀ। ਉਸ ਸਮੇਂ ਭਾਰਤ ਅੰਗਰੇਜਾਂ ਦੇ ਗੁਲਾਮ ਸੀ ਅਤੇ ਦੇਸ਼ ’ਚ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ। ਬੂਝਾ ਸਿੰਘ ਅੰਦਰ ਵੀ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜ਼ਜਬਾ ਪੈਦਾ ਹੋ ਗਿਆ। ਗਰਮ ਖਿਆਲੀ ਆਜ਼ਾਦੀ ਘੁਲਾਟੀਆਂ ਵੱਲੋਂ ਗਦਰ ਪਾਰਟੀ ਦਾ ਗਠਨ ਕੀਤਾ ਗਿਆ ਸੀ, ਬੂਝਾ ਸਿੰਘ ਵੀ ਉਸ ਵਿੱਚ ਸ਼ਾਮਲ ਹੋ ਗਿਆ ਤੇ ਪਾਰਟੀ ਦਾ ਸਰਗਰਮ ਆਗੂ ਬਣ ਗਿਆ। ਆਜ਼ਾਦੀ ਉਪਰੰਤ ਉਹ ਵਾਪਸ ਭਾਰਤ ਆ ਗਿਆ। ਉਸ ਸਮੇਂ ਦੇਸ਼ ਵਿੱਚ ਕਮਿਊਨਿਸਟ ਲਹਿਰ ਜੋਰਾਂ ਤੇ ਸੀ, ਉਸਨੂੰ ਇਸ ਦੀਆਂ ਨੀਤੀਆਂ ਬਹੁਤ ਦਰੁਸਤ ਲੱਗੀਆਂ ਤੇ ਉਹ ਪਾਰਟੀ ਆਗੂਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ। ਕੁੱਝ ਮਹੀਨਿਆਂ ਬਾਅਦ ਖੌਲਦੇ ਖੂਨ ਵਾਲੇ ਕਮਿਊਨਿਸਟ ਵਰਕਰਾਂ ਨੇ ਪੰਜਾਬ ਵਿੱਚ ਲਾਲ ਪਾਰਟੀ ਦਾ ਗਠਨ ਕੀਤਾ, ਇਹਨਾਂ ਵਿੱਚ ਬੁਝਾ ਸਿੰਘ ਮੂਹਰਲੀਆਂ ਸਫ਼ਾਂ ਵਿੱਚ ਸੀ।
ਕੁੱਝ ਸਮੇਂ ਬਾਅਦ ਇਹ ਲਾਲ ਪਾਰਟੀ ਵੀ ਭੰਗ ਕਰ ਦਿੱਤੀ ਗਈ। ਇਸ ਉਪਰੰਤ ਬੂਝਾ ਸਿੰਘ ਰਾਜਨੀਤੀ ਤੋਂ ਦੂਰ ਹੋ ਕੇ ਘਰ ਬੈਠ ਗਏ। ਗਰਮ ਖਿਆਲੀ ਦੇਸ਼ ਭਗਤ ਮਹਿਸੂਸ ਕਰ ਰਹੇ ਸਨ ਕਿ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਹੋਰਾਂ ਦੇ ਖਿਆਲਾਂ ਵਾਲੀ ਆਜ਼ਾਦੀ ਲੋਕਾਂ ਨੂੰ ਪ੍ਰਾਪਤ ਨਹੀਂ ਹੋਈ। ਉਹਨਾਂ ਮੁੜ ਸੰਘਰਸ਼ ਸੁਰੂ ਕਰ ਦਿੱਤੇ, ਬੂਝਾ ਸਿੰਘ ਜਵਾਨੀ ਸਮੇਂ ਸਹੀਦ ਭਗਤ ਸਿੰਘ ਦੇ ਚਾਚਾ ਸ੍ਰ: ਅਜੀਤ ਸਿੰਘ ਨਾਲ ਕੰਮ ਕਰ ਚੁੱਕਾ ਸੀ, ਉਹ ਵੀ ਚੁੱਪ ਨਾ ਬੈਠ ਸਕਿਆ। ਇਸ ਸਮੇਂ ਭਾਰਤ ਵਿੱਚ ਨਕਸਲਬਾੜੀ ਲਹਿਰ ਵੀ ਭਖ਼ ਚੁੱਕੀ ਸੀ। ਬੂਝਾ ਸਿੰਘ ਇਸ ਲਹਿਰ ਵਿੱਚ ਸ਼ਾਮਲ ਹੋ ਗਿਆ। ਇਹ ਲਹਿਰ ਦਿਨ ਬ ਦਿਨ ਵਧ ਰਹੀ ਸੀ, ਸੱਤਾਧਾਰੀਆਂ ਨੂੰ ਅਜਿਹੀ ਲਹਿਰ ਹਜ਼ਮ ਨਹੀਂ ਸੀ ਹੋ ਰਹੀ।
1970 ਦੇ ਸੁਰੂ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਸ੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਤੇ ਸ੍ਰ: ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ। ਸ੍ਰ: ਬਾਦਲ ਨੇ ਸੱਤਾ ਸੰਭਾਲਦਿਆਂ ਹੀ ਨਕਸਲਬਾੜੀਆਂ ਨੂੰ ਖਤਮ ਕਰਨ ਦਾ ਤਹੱਈਆ ਕਰ ਲਿਆ ਤੇ ਝੂਠੇ ਮੁਕਾਬਲਿਆਂ ਦਾ ਦੌਰ ਸੁਰੂ ਕਰ ਦਿੱਤਾ। ਰੋਜ਼ਾਨਾ ਹੀ ਪੰਜਾਬ ਵਿੱਚ ਪੁਲਿਸ ਨੌਜਵਾਨਾਂ ਨੂੰ ਫੜ ਕੇ ਨਹਿਰਾਂ ਜਾਂ ਸੂਇਆਂ ਤੇ ਲਿਜਾ ਕੇ ਝੂਠਾ ਮੁਕਾਬਲਾ ਬਣਾ ਦਿੰਦੀ। ਬੂਝਾ ਸਿੰਘ ਦੀ ਉਮਰ ਇਸ ਸਮੇਂ ਕਰੀਬ 82 ਸਾਲ ਹੋ ਚੁੱਕੀ ਸੀ, ਨੌਜਵਾਨ ਸਤਿਕਾਰ ਵਜੋਂ ਉਹਨਾਂ ਲਈ ‘ਬਾਬਾ’ ਸ਼ਬਦ ਵਰਤਦੇ। ਉਹ ਪਾਰਟੀ ਮੀਟਿੰਗਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਪੂਰਾ ਸਰਗਰਮ ਸੀ। ਜੁਲਾਈ 1970 ਦੇ ਇੱਕ ਦਿਨ ਉਹ ਫਿਲੋਰ ਦੇ ਨਜਦੀਕ ਆਪਣੇ ਸਾਈਕਲ ਤੇ ਜਾ ਰਹੇ ਸਨ, ਪੁਲਿਸ ਨੇ ਉਹਨਾਂ ਨੂੰ ਫੜ ਗਿਆ। ਉਸ ਸਮੇਂ ਬਾਬਾ ਬੂਝਾ ਸਿੰਘ ਨਿਹੱਥੇ ਸਨ, ਪੁਲਿਸ ਉਹਨਾਂ ਨੂੰ ਥਾਨਾ ਬੰਗਾ ਵਿਖੇ ਲੈ ਗਈ। ਉਹਨਾਂ ਤੇ ਅਣਮਨੁੱਖੀ ਤਸੱਦਦ ਕੀਤਾ ਗਿਆ, ਪੁਲਿਸ ਨੇ ਉਸਦੇ ਦੇਸ਼ ਦੀ ਆਜ਼ਾਦੀ ਲਈ ਕੀਤੇ ਕੰਮਾਂ ਦੀ ਵੀ ਕੋਈ ਕਦਰ ਨਾ ਪਾਈ। ਆਖ਼ਰ ਪੰਜਾਬ ਦੀ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੀ ਨੀਤੀ ਅਨੁਸਾਰ 28 ਜੁਲਾਈ 1970 ਨੂੰ ਉਸਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਇਸ ਉਪਰੰਤ ਉਹਨਾਂ ਦੀ ਲਾਸ਼ ਨਵਾਂਸ਼ਹਿਰ ਦੇ ਨਕਦੀਕ ਨਾਈ ਮਾਜਰਾ ਪਿੰਡ ਕੋਲ ਨਹਿਰ ਦੇ ਪੁਲ ਪਾਸ ਸੁੱਟ ਦਿੱਤੀ ਤੇ ਪੁਲਿਸ ਮੁਕਾਬਲਾ ਹੋਇਆ ਵਿਖਾ ਦਿੱਤਾ ਗਿਆ।
ਇਸ ਤਰਾਂ ਉਸ ਕ੍ਰਾਂਤੀਕਾਰੀ ਕਮਿਊਨਿਸਟ, ਦੇਸ਼ਭਗਤ ਨੂੰ ਪੰਜਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕਰ ਦਿੱਤਾ। ਉਸ ਸਮੇਂ ਪੰਜਾਬ ਵਿਧਾਨ ਸਭਾ ਦੇ ਸੈਸਨ ਵਿੱਚ ਵਿਧਾਇਕਾਂ ਕਾ: ਸੱਤਪਾਲ ਡਾਂਗ ਅਤੇ ਕਾ: ਦਲੀਪ ਸਿੰਘ ਟਪਿਆਲਾ ਨੇ ਮਾਮਲਾ ਉੱਠਾਇਆ। ਪੰਜਾਬ ਭਰ ਵਿੱਚ ਵੀ ਇਸ ਝੂਠੇ ਮੁਕਾਬਲੇ ਦੀ ਚਰਚਾ ਹੋਈ। ਅੱਜ ਵੀ ਪੰਜਾਬ ਦੇ ਲੋਕ ਬਾਬਾ ਬੂਝਾ ਸਿੰਘ ਪ੍ਰਤੀ ਮਨਾਂ ’ਚ ਸਤਿਕਾਰ ਰੱਖਦੇ ਹਨ। ਬਾਬਾ ਬੂਝਾ ਸਿੰਘ ਲਾਲ ਸਲਾਮ! ਲਾਲ ਸਲਾਮ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913